ਭਾਜਪਾ ਆਗੂ ਤਰੁਣ ਚੁੱਘ ਨੇ ਕਵੀ ਕੁਮਾਰ ਵਿਸ਼ਵਾਸ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ ’ਤੇ ਹੋਈ ਅਹਿਮ ਚਰਚਾ

01/28/2023 10:32:13 PM

ਚੰਡੀਗੜ੍ਹ (ਬਿਊਰੋ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਹਿੰਦੀ ਦੇ ਪ੍ਰਸਿੱਧ ਕਵੀ ਕੁਮਾਰ ਵਿਸ਼ਵਾਸ ਨਾਲ ਮੁਲਾਕਾਤ ਕੀਤੀ। ਹਾਲਾਂਕਿ ਇਹ ਮੁਲਾਕਾਤ ਹੈਦਰਾਬਾਦ ਤੋਂ ਭੋਪਾਲ ਲਈ ਸਫ਼ਰ ਦੌਰਾਨ ਹੋਈ ਅਤੇ ਦੋਵੇਂ ਕੁਝ ਸਮੇਂ ਲਈ ਜਹਾਜ਼ ’ਚ ਸਹਿ-ਯਾਤਰੀ ਬਣੇ। ਇਸ ਯਾਤਰਾ ਦੌਰਾਨ ਦੋ ਘੰਟੇ ਤਕ ਦਿਲਚਸਪ ਗੱਲਬਾਤ ਹੌਈ। ਚੁੱਘ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਹਿੰਦੀ ਦੇ ਜਾਣੇ-ਪਛਾਣੇ ਕਵੀ ਹੋਣ ਦੇ ਨਾਲ-ਨਾਲ ਸ਼ਾਨਦਾਰ ਸ਼ਖ਼ਸੀਅਤ ਦੇ ਵੀ ਮਾਲਕ ਹਨ, ਉਨ੍ਹਾਂ ਨੇ ਮਾਂ ਬੋਲੀ ਹਿੰਦੀ ਨੂੰ ਭਾਰਤ ’ਚ ਹੀ ਨਹੀਂ ਸਗੋਂ ਵਿਸ਼ਵ ਭਰ ’ਚ ਬਣਦਾ ਮਾਣ-ਸਤਿਕਾਰ ਦਿਵਾਇਆ ਹੈ। ਉਨ੍ਹਾਂ ਦੀਆਂ ਕਵਿਤਾਵਾਂ ਖ਼ਾਸ ਕਰਕੇ ਨੌਜਵਾਨਾਂ ’ਚ ਬਹੁਤ ਮਕਬੂਲ ਹਨ। ਚੁੱਘ ਨੇ ਦੱਸਿਆ ਕਿ ਇਸ ਮੁਲਾਕਾਤ ’ਚ ਕੁਮਾਰ ਵਿਸ਼ਵਾਸ ਨੇ ਆਪਣੇ ਵੱਲੋਂ ਕੀਤੇ ਗਏ ਕਈ ਸਮਾਜਿਕ ਕੰਮਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਰਾਸ਼ਟਰ ਨਿਰਮਾਣ ’ਚ ਕਿਵੇਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ, ਢਾਈ ਸਾਲਾ ਬੱਚੀ ਦੀ ਇੰਝ ਗਈ ਜਾਨ

ਇਸ ਦੌਰਾਨ ਚੁੱਘ ਦੀ ਕੁਮਾਰ ਵਿਸ਼ਵਾਸ ਨਾਲ ਪੰਜਾਬ ਦੇ ਵਿਸ਼ੇ ’ਤੇ ਵੀ ਚਰਚਾ ਹੋਈ। ਚੁੱਘ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਅੱਜ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਮਾਜ ਅਤੇ ਸਾਡੇ ਸੱਭਿਆਚਾਰ ਨੂੰ ਜਗਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦਾ ਯੋਗਦਾਨ ਅੱਜ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਹੈ। ਇਸ ਮੁਲਾਕਾਤ ’ਚ ਉਨ੍ਹਾਂ ਨਾਲ ਰਾਜਨੀਤੀ, ਸਮਾਜ, ਦੇਸ਼-ਵਿਦੇਸ਼ ਦੇ ਕਈ ਸਮਕਾਲੀ ਵਿਸ਼ਿਆਂ ’ਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ ਗਿਆ।


Manoj

Content Editor

Related News