ਕਿਸਾਨਾਂ ਦੀ ਭਾਜਪਾ ਨਾਲ ਕਦੇ ਨਾਰਾਜ਼ਗੀ ਨਹੀਂ ਰਹੀ, ਕੁਝ ਲੋਕਾਂ ਨੇ ਪੈਦਾ ਕੀਤੀਆਂ ਗਲਤ ਫ਼ਹਿਮੀਆਂ: ਤਰੁਣ ਚੁੱਘ

Monday, Dec 26, 2022 - 12:42 PM (IST)

ਜਲੰਧਰ/ਚੰਡੀਗੜ੍ਹ- ਤਰੁਣ ਚੁੱਘ ਕੌਮੀ ਪੱਧਰ ’ਤੇ ਭਾਜਪਾ ਦਾ ਵੱਡਾ ਚਿਹਰਾ ਬਣ ਚੁੱਕੇ ਹਨ। ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜਗਤ ਪ੍ਰਕਾਸ ਨੱਢਾ ਦੀ ਟੀਮ ਦੇ ਉਹ ਬਹੁਤ ਮਹੱਤਵਪੂਰਨ ਮੈਂਬਰ ਹਨ। ਉਹ ਉੱਤਰ ਵਿਚ ਜੰਮੂ-ਕਸ਼ਮੀਰ ਅਤੇ ਦੱਖਣ ਵਿਚ ਤੇਲੰਗਾਨਾ ਦੇ ਵੀ ਇੰਚਾਰਜ ਹਨ। ਪੰਜਾਬ ਤੋਂ ਨਿਕਲ ਕੇ ਕੌਮੀ ਪੱਧਰ ਤੱਕ ਭਾਜਪਾ ਵਿਚ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਤੁਰਣ ਚੁੱਘ ਨਾਲ ਪੰਜਾਬ ਦੇ ਭਵਿੱਖ, ਇਸ ਨੂੰ ਦਰਪੇਸ਼ ਚੁਣੌਤੀਆਂ ਅਤੇ ਸੂਬੇ ਦੇ ਸਿਆਸੀ ਹਾਲਾਤਾਂ ’ਤੇ ਗੱਲਬਾਤ ਕੀਤੀ ‘ਜਗ ਬਾਣੀ’ ਤੋਂ ਹਰੀਸ਼ਚੰਦਰ ਨੇ। ਪੇਸ਼ ਹਨ ਉਸ ਗੱਲਬਾਤ ਦੇ ਮੁੱਖ ਅੰਸ਼ :

* ਕਾਂਗਰਸ ਦੇ ਮੁੱਖ ਮੰਤਰੀ, ਸੂਬਾ ਪ੍ਰਧਾਨ ਤੇ ਮੰਤਰੀ-ਵਿਧਾਇਕ ਰਹੇ ਕਈ ਨੇਤਾ ਭਾਜਪਾ ਵਿਚ ਪਿਛਲੇ ਕੁੱਝ ਮਹੀਨਿਆਂ ਵਿਚ ਸ਼ਾਮਲ ਹੋਏ। ਕੀ ਇਹ ਸਿਲਸਿਲਾ ਜਾਰੀ ਰਹੇਗਾ?
-ਦੇਸ਼ ਦੀ ਜਨਤਾ ਇਹ ਸਮਝ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਸੁਰੱਖਿਅਤ ਹੈ। ਭਾਰਤੀ ਜਨਤਾ ਪਾਰਟੀ ਦੀ ਸੋਚ, ਸਿਧਾਂਤ ਤੇ ਵਿਚਾਰਧਾਰਾ ਵਿਚ ਹਰ ਦੇਸ਼ਵਾਸੀ ਨੂੰ ਵਿਸ਼ਵਾਸ ਹੈ। ਇਸੇ ਦਾ ਨਤੀਜਾ ਹੈ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹਰ ਕੋਨੇ ਤੋਂ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਲੋਕਤੰਤਰ ਵਿਚ ਰਾਜਨੀਤਕ ਸੁਤੰਤਰਤਾ ਹੁੰਦੀ ਹੈ। ਉਹ ਦੇਸ਼ ਹਿੱਤ ਤੇ ਜਨਹਿਤ ਨੂੰ ਦੇਖ ਕੇ ਦਲ ਨੂੰ ਚੁਣਦਾ ਹੈ ਤੇ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ’ ਦੇ ਮੰਤਰ ’ਤੇ ਅੱਗੇ ਵਧ ਰਹੀ ਹੈ।

* ਭਾਜਪਾ ਨੇ ਕਈ ਸਿੱਖ ਨੇਤਾਵਾਂ ਨੂੰ ਪੰਜਾਬ ਵਿਚ ਜ਼ਿੰਮੇਵਾਰੀ ਸੌਂਪੀ ਹੈ, ਜਿਨ੍ਹਾਂ ਵਿਚ ਜਿਆਦਾਤਰ ਨੇਤਾ ਹੋਰ ਪਾਰਟੀਆਂ ਤੋਂ ਆਏ ਹੋਏ ਹਨ। ਕੀ ਪਾਰਟੀ ਕੋਲ ਸਿੱਖ ਚਿਹਰਿਆਂ ਦੀ ਕਮੀ ਰਹੀ ਹੈ ਤੇ ਕੀ ਹੋਰ ਪਾਰਟੀਆਂ ਨੂੰ ਲੁਭਾਉਣ ਲਈ ਉਨ੍ਹਾਂ ਨੂੰ ਅਹੁਦੇ ਦਿੱਤੇ ਗਏ ਹਨ?
-ਭਾਜਪਾ ਧਰਮ ਜਾਤੀ ਤੇ ਪੰਥ ਦੇ ਆਧਾਰ ’ਤੇ ਚੱਲਣ ਵਾਲੀ ਪਾਰਟੀ ਨਹੀਂ ਹੈ ਤੇ ਨਾ ਹੀ ਮਾਂ-ਪੁੱਤ ਜਾਂ ਪਿਓ-ਪੁੱਤ, ਚਾਚਾ-ਭਤੀਜਾ ਦੀ ਪਾਰਟੀ ਹੈ। ਇਹ ਕਰੋੜਾਂ ਵਰਕਰਾਂ ਦੀ ਪਾਰਟੀ ਹੈ ਤੇ ਸੁਰੱਖਿਆ, ਵਿਕਾਸ ਤੇ ਵਿਸ਼ਵਾਸ ਦੇ ਮੂਲਮੰਤਰ ’ਤੇ ਕੰਮ ਕਰਦੀ ਹੈ। ਸਾਡਾ ਮਕਸਦ ਪੰਜਾਬ ਦਾ ਸਰਵਪੱਖੀ ਵਿਕਾਸ, ਸਾਰਿਆਂ ਨੂੰ ਬਰਾਬਰ ਅਧਿਕਾਰ, ਨਸ਼ਾਮੁਕਤ ਸਮਾਜ ਬਣਾਉਣਾ ਹੈ। ਸਾਡੀ ਵਿਚਾਰਧਾਰਾ ਦੇਖ ਕੇ ਹੋਰ ਪਾਰਟੀਆਂ ਤੋਂ ਅਨੁਭਵੀ ਨੇਤਾ ਆ ਰਹੇ ਹਨ।

ਇਹ ਵੀ ਪੜ੍ਹੋ : ਅਗਲੇ 24 ਘੰਟਿਆਂ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਪਵੇਗੀ, ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

* ਕਿਸਾਨਾਂ ਦੀ ਸਾਲ ਭਰ ਪਹਿਲਾਂ ਭਾਜਪਾ ਨਾਲ ਕਾਫ਼ੀ ਨਾਰਾਜ਼ਗੀ ਸੀ, ਉਹ ਕਿੰਨੀ ਦੂਰ ਹੋਈ ਹੈ?
-ਕਿਸਾਨਾਂ ਦੀ ਭਾਜਪਾ ਨਾਲ ਕਦੇ ਨਾਰਾਜ਼ਗੀ ਨਹੀਂ ਰਹੀ। ਬੱਸ ਕੁੱਝ ਲੋਕਾਂ ਨੇ ਗਲਤ ਫਹਿਮੀਆਂ ਪੈਦਾ ਕਰ ਦਿੱਤੀਆਂ ਸਨ ਪਰ ਕਿਸਾਨ ਹੁਣ ਸੱਚਾਈ ਸਮਝ ਗਏ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਦੀ ਤਰੱਕੀ ਲਈ ਹਰ ਕਦਮ ਚੁੱਕਿਆ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਭਾਰਤ ਖੁਰਾਕ ਦਾ ਨਿਰਯਾਤ ਬਣ ਚੁੱਕਿਆ ਹੈ। ਕਿਸਾਨ ਸਨਮਾਨ ਨਿਧੀ ਤੋਂ 11 ਕਰੋੜ ਕਿਸਾਨਾਂ ਨੂੰ ਸਨਮਾਨ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਾਰੀਆਂ ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਹੈ। ਕਿਸਾਨਾਂ ਦੀ ਉਪਜ ਦਾ ਪੈਸਾ ਉਨ੍ਹਾਂ ਦੇ ਖਾਤੇ ਵਿਚ ਸਿੱਧਾ ਜਾ ਰਿਹਾ ਹੈ। ਪਿਛਲੇ 8 ਸਾਲਾਂ ਵਿਚ ਖੇਤੀ ਬਜਟ ਵਿਚ ਕਈ ਗੁਣਾ ਵਾਧਾ ਹੋਇਆ ਹੈ। ਅੱਜ ਖੇਤੀ ਦਾ ਬਜਟ 1 ਲੱਖ 32 ਹਜ਼ਾਰ ਕਰੋੜ ਰੁਪਏ ਹੈ। ਸਾਲ 2021-22 ਵਿਚ 433.44 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਹੈ ਅਤੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ।

* ਪਿੰਡਾਂ ਵਿਚ ਅਜੇ ਭਾਜਪਾ ਕਾਫ਼ੀ ਕਮਜ਼ੋਰ ਹੈ। ਸ਼ਹਿਰੀ ਪਾਰਟੀ ਮੰਨੀ ਜਾਣ ਵਾਲੀ ਭਾਜਪਾ ਨੂੰ ਪਿੰਡਾਂ ਵਿਚ ਹੁਣ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ?
-ਨਹੀਂ, ਅਜਿਹੀ ਗੱਲ ਨਾ ਪਹਿਲਾਂ ਸੀ, ਨਾ ਅੱਜ ਹੈ। ਅਸੀਂ ਸਿਰਫ਼ 23 ਸੀਟਾਂ ’ਤੇ ਲੜਦੇ ਸੀ, 94 ਸੀਟਾਂ ’ਤੇ ਅਕਾਲੀ ਦਲ ਨੂੰ ਸਮਰਥਨ ਦਿੰਦੇ ਸੀ, ਇਸ ਲਈ ਅਜਿਹਾ ਲੱਗਦਾ ਸੀ। ਹੁਣ ਅਸੀਂ 117 ਵਿਧਾਨ ਸਭਾ ਹਲਕਿਆਂ ਵਾਲੀ ਪਾਰਟੀ ਬਣ ਗਏ ਹਾਂ। ਸ਼ਹਿਰ ਤੋਂ ਲੈ ਕੇ ਪਿੰਡ ਤੱਕ ਭਾਜਪਾ ਮਜਬੂਤ ਸੀ। ਵਿਰੋਧੀ ਅਜਿਹੀ ਸਿਰਫ਼ ਅਫ਼ਵਾਹ ਫੈਲਾਉਂਦੇ ਸਨ ਪਰ ਸਮਾਂ ਆਉਣ ’ਤੇ ਲੋਕਾਂ ਨੇ ਦੱਸ ਦਿੱਤਾ ਕਿ ਭਾਜਪਾ ਸਰਵਸਮਾਵੇਸ਼ੀ ਪਾਰਟੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਿੰਡ ਤੇ ਗਰੀਬ ਲਈ ਕਲਿਆਣਕਾਰੀ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਧਰਾਤਲ ’ਤੇ ਉਤਾਰਿਆ ਹੈ ਤੇ ਉਨ੍ਹਾਂ ਦੀ ਅਗਵਾਈ ਵਿਚ ਪਿੰਡਾਂ ਦੀ ਤਸਵੀਰ ਬਦਲੀ ਹੈ।

* ਕੀ ਅਕਾਲੀ ਦਲ ਨਾਲ ਦੁਬਾਰਾ ਗਠਜੋੜ ਦੀ ਕੋਈ ਚਰਚਾ ਹੋ ਰਹੀ ਹੈ ਜਾਂ ਕੋਈ ਸੰਭਾਵਨਾ ਦਿਖਦੀ ਹੈ?
ਮੈਂ ਵੀ ਪਾਰਟੀ ਦਾ ਵਰਕਰ ਹਾਂ। ਪਾਰਟੀ ਵਿਚ ਇੱਕ ਪ੍ਰਣਾਲੀ ਹੈ, ਜਿਸ ਅਨੁਸਾਰ ਕਿਸੇ ਮਾਮਲੇ ’ਤੇ ਚਰਚਾ ਕੀਤੀ ਜਾਂਦੀ ਹੈ ਅਤੇ ਫਿਰ ਫੈਸਲਾ ਲਿਆ ਜਾਂਦਾ ਹੈ। ਭਾਜਪਾ ਪੰਜਾਬ ਦੇ ਹਿੱਤ ਵਿਚ ਵੱਡੇ ਭਰਾ ਦੀ ਭੂਮਿਕਾ ਵਿਚ ਹੈ ਅਤੇ ਰਹੇਗੀ। ਸਾਡਾ ਗਠਜੋੜ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਹੈ। ਪਿਛਲੀਆਂ ਚੋਣਾਂ ਅਸੀਂ ਇਕੱਠਿਆਂ ਲੜੀਆਂ ਸਨ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ

* ਤੁਸੀਂ ਵੀ ਪੰਜਾਬੀ ਹੋ ਅਤੇ ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵਸੇ ਹੋਏ ਹਨ। ਭਾਜਪਾ ਸਰਕਾਰ ਦੀ ਇਨ੍ਹਾਂ ਐੱਨ. ਆਰ. ਆਈਜ਼ ਲਈ ਕੋਈ ਯੋਜਨਾ ਹੈ?
ਸਾਲ 2014 ਵਿਚ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਵਿਦੇਸ਼ਾਂ ਵਿਚ ਬੈਠੇ ਭਾਰਤੀ ਪ੍ਰਵਾਸੀਆਂ ਦਾ ਮਾਣ-ਸਨਮਾਨ ਵਧਿਆ ਹੈ। ਮੋਦੀ ਸਰਕਾਰ ਨੇ ਉਨ੍ਹਾਂ ਦੀ ਹਰ ਸਮੱਸਿਆ ਸੁਣੀ ਅਤੇ ਹੱਲ ਕੀਤਾ ਹੈ। ਵਿਦੇਸ਼ਾਂ ਤੋਂ ਕੁਦਰਤੀ ਤ੍ਰਾਸਦੀ ਹੋਵੇ ਜਾਂ ਮਨੁੱਖੀ ਜੰਗ ਤ੍ਰਾਸਦੀ ਜਾਂ ਆਫਤ, ਮੋਦੀ ਸਰਕਾਰ ਨੇ ਭਾਰਤੀ ਲੋਕਾਂ ਦੀ ਸੁਰੱਖਿਆ ਅਤੇ ਸਨਮਾਨ ਲਈ ਬੇਮਿਸਾਲ ਕੰਮ ਕੀਤਾ ਹੈ। ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ’ਤੇ ਹਮਲਾ ਹੋਵੇ ਜਾਂ ਉੱਥੇ ਵਸੇ ਹਿੰਦੂ-ਸਿੱਖਾਂ ਦੀ ਸੁਰੱਖਿਆ ਹੋਵੇ ਜਾਂ ਉਨ੍ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਸਹਿਤ ਭਾਰਤ ਲਿਆੳਣ ਦੀ ਗੱਲ ਹੋਵੇ, ਭਾਰਤ ਸਰਕਾਰ ਦਾ ਕੰਮ ਸ਼ਲਾਘਾਯੋਗ ਰਿਹਾ ਹੈ।

* ਪੰਜਾਬ ਵਿਚ ਗੈਂਗਸਟਰਵਾਦ ਅਤੇ ਪੁਲਸ ’ਤੇ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਬਹੁਤ ਦੁੱਖ਼ ਦੀ ਗੱਲ ਹੈ ਕਿ ਮੇਰੇ ਪੰਜਾਬ ਦੀ ਸ਼ਾਂਤੀ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਪੰਜਾਬ ਦੇ ਖੁਫੀਆ ਹੈੱਡਕੁਆਰਟਰ ’ਤੇ ਰਾਕੇਟ ਲਾਂਚਰ ਨਾਲ ਹਮਲਾ, ਫਿਰ ਰਾਕੇਟ ਲਾਂਚਰ ਨਾਲ ਪੁਲਸ ਥਾਣੇ ’ਤੇ ਹਮਲਾ, ਪੰਜਾਬ ਨੂੰ ਕਿਸੇ ਵੱਡੀ ਸਾਜ਼ਿਸ਼ ਵੱਲ ਲਿਜਾਣ ਦਾ ਸੰਕੇਤ ਦੇ ਰਿਹਾ ਹੈ। ਸਰਹੱਦੀ ਖੇਤਰ ਦੇ ਪਿੰਡਾਂ ਵਿਚ ਡਰੋਨਾਂ ਰਾਹੀਂ ਹਥਿਆਰਾਂ ਦੀ ਬਰਾਮਦਗੀ ਅਤੇ ਨਸ਼ਿਆਂ ਦੀ ਆਮਦ ਚਿੰਤਾ ਦਾ ਵਿਸ਼ਾ ਹੈ।

* ਸਾਬਕਾ ਮੁੱਖ ਮੰਤਰੀ ਚੰਨੀ ਵਿਦੇਸ਼ ਤੋਂ ਪਰਤੇ ਹਨ, ਸਿੱਧੂ ਵੀ ਅਗਲੇ ਮਹੀਨੇ ਛੁੱਟ ਜਾਣਗੇ, ਕੀ ਆਉਣ ਵਾਲੇ ਦਿਨਾਂ ਵਿਚ ਇਹ ਆਗੂ ਪੰਜਾਬ ਦੀ ਸਿਆਸਤ ’ਤੇ ਕੋਈ ਅਸਰ ਪਾਉਣਗੇ?
ਚੰਨੀ ਇੰਨੇ ਮਹੀਨਿਆਂ ਤੋਂ ਵਿਦੇਸ਼ ਕਿਉਂ ਸੀ, ਕੀ ਡਰ ਸੀ ਉਨ੍ਹਾਂ ਦੇ ਮਨ ਵਿਚ। ਵਾਪਸ ਆਏ ਹਨ ਤਾਂ ਕੀ ਅਜਿਹਾ ਹੋਇਆ, ਦਾਲ ਵਿਚ ਕੁਝ ਕਾਲਾ ਹੈ। ਜੇਕਰ ਨਵਜੋਤ ਸਿੰਘ ਸਿੱਧੂ ਜੇਲ ਵਿਚੋਂ ਛੁੱਟ ਜਾਂਦੇ ਹਨ ਤਾਂ ਪੰਜਾਬ ਦੀ ਸਿਆਸਤ ਵਿਚ ਕੋਈ ਫਰਕ ਨਹੀਂ ਪਵੇਗਾ। ਜੇਲ ਜਾਣ ਤੋਂ ਪਹਿਲਾਂ ਵੀ ਉਹ ਕਾਂਗਰਸ ਵਿਚ ਸੂਬਾ ਪ੍ਰਧਾਨ ਦੇ ਅਹੁਦੇ ’ਤੇ ਬੈਠੇ ਸਨ ਅਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਕੇ ਛੱਡ ਗਏ ਸਨ, ਹੁਣ ਉਨ੍ਹਾਂ ਦਾ ਲੋਕਾਂ ’ਤੇ ਕੋਈ ਅਸਰ ਨਹੀਂ ਹੋਣ ਵਾਲਾ।      

ਇਹ ਵੀ ਪੜ੍ਹੋ : ਉਜੜਿਆ ਪਰਿਵਾਰ, ਨਡਾਲਾ ਵਿਖੇ ਭਿਆਨਕ ਹਾਦਸਾ ਵਾਪਰਨ ਕਾਰਨ 16 ਸਾਲਾ ਮੁੰਡੇ ਦੀ ਮੌਤ 

ਲੋਕ ਸਭਾ ਚੋਣਾਂ ਵਿਚ ਕੌਮੀ ਸਿਆਸਤ ਹੁੰਦੀ ਹੈ ਪ੍ਰਭਾਵੀ

ਲੋਕ ਸਭਾ ਚੋਣਾਂ ਵਿਚ ਡੇਢ ਸਾਲ ਵੀ ਨਹੀਂ ਬਚਿਆ ਹੈ, ਪਹਿਲੀ ਵਾਰ ਇਕੱਲਿਆਂ ਲੜਨ ਵਾਲੀ ਭਾਜਪਾ ਪੰਜਾਬ ਵਿਚ ਖਾਸ ਪ੍ਰਦਰਸ਼ਨ ਕਰ ਸਕੇਗੀ?
ਭਾਜਪਾ ਹੁਣ ਤੱਕ ਗਠਜੋੜ ਦੇ ਕੋਟੇ ਦੀਆਂ ਸੀਮਤ ਸੀਟਾਂ ’ਤੇ ਚੋਣ ਲੜਦੀ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਅਸੀਂ ਇਕੱਲਿਆਂ ਹੀ ਚੋਣ ਲੜੀ ਸੀ। ਭਾਵੇਂ ਘੱਟ ਸੀਟਾਂ ਮਿਲੀਆਂ ਪਰ ਲੋਕਾਂ ਦਾ ਵੱਡੇ ਪੱਧਰ ’ਤੇ ਸਮਰਥਨ ਮਿਲਿਆ। ਉਂਝ ਵੀ ਮੈਂ ਇੱਕ ਗੱਲ ਹੋਰ ਸਪੱਸ਼ਟ ਕਰ ਦੇਵਾਂ ਕਿ ਲੋਕ ਸਭਾ ਚੋਣਾਂ ਵਿਚ ਕੌਮੀ ਸਿਆਸਤ ਪ੍ਰਭਾਵਸ਼ਾਲੀ ਹੁੰਦੀ ਹੈ। ਕਈ ਸੂਬਿਆਂ ਵਿਚ ਇਹ ਮਿਸਾਲ ਹੈ ਕਿ ਵਿਧਾਨ ਸਭਾ ਵਿਚ ਸੀਟਾਂ ਘੱਟ ਸਨ ਪਰ ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿੱਤ ਮਿਲੀ। ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ ਸਮੇਤ ਕਈ ਸੂਬਿਆਂ ਵਿਚ ਲੋਕ ਸਭਾ ਚੋਣਾਂ ਵਿਚ ਇੱਕ-ਦੋ ਸੀਟਾਂ ਦੂਜੀਆਂ ਪਾਰਟੀਆਂ ਨੂੰ ਗਈਆਂ ਅਤੇ ਭਾਜਪਾ ਨੇ ਰਿਕਾਰਡ ਗਿਣਤੀ ਵਿਚ ਸੀਟਾਂ ਜਿੱਤੀਆਂ। ਇਸ ਸਮੇਂ ਪੂਰੇ ਦੇਸ਼ ਦੇ ਵੋਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਨ। ਲੋਕ ਜਾਣ ਰਹੇ ਹਨ ਕਿ ਮੋਦੀ ਦੀ ਅਗਵਾਈ ਵਿਚ ਦੇਸ਼ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ, ਦੁਨੀਆ ਵਿਚ ਭਾਰਤ ਦੀ ਸਾਖ ਬਣੀ ਹੈ। ਸਰਹੱਦ ਸੁਰੱਖਿਅਤ ਹੈ, ਇਸ ਲਈ ਲੋਕ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿਚ ਰਿਕਾਰਡਤੋੜ ਜਿੱਤ ਦਰਜ ਕਰੇਗੀ। ਲੋਕ ਸਭਾ ਚੋਣਾਂ ਰਾਸ਼ਟਰੀ ਸਵੈ-ਮਾਣ, ਸੁਰੱਖਿਆ ਅਤੇ ਖੁਸ਼ਹਾਲੀ ਦੇ ਮੁੱਦੇ ’ਤੇ ਹੁੰਦੀਆਂ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਰਕੇ ਵਿਖਾਇਆ ਹੈ।

* ਲੋਕ ਸਭਾ ਚੋਣਾਂ ਵਿਚ ਕਿਸ ਪਾਰਟੀ ਨਾਲ ਭਾਜਪਾ ਦੀ ਟੱਕਰ ਦਿਸਦੀ ਹੈ ਅਤੇ ਕਿਉਂ?
ਭਾਜਪਾ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਪਰ ਆਪਣੀ ਹੋਂਦ ਨੂੰ ਬਚਾਉਂਦੇ ਹੋਏ ਦੂਜੀਆਂ ਪਾਰਟੀਆਂ ਦੂਜੇ ਸਥਾਨ ਲਈ ਚੋਣ ਲੜਨਗੀਆਂ। ਅਸੀਂ ਜ਼ਮੀਨੀ ਪੱਧਰ ’ਤੇ ਬਿਹਤਰ ਕੰਮ ਕਰ ਰਹੇ ਹਾਂ ਅਤੇ ਤੁਸੀਂ ਦੇਖਿਓ, ਇਸ ਦਾ ਨਤੀਜਾ ਲੋਕ ਸਭਾ ਚੋਣਾਂ ਵਿਚ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ : ਪੰਜਾਬ ਦੀ ਇਕ ਹੋਰ ਲਵਪ੍ਰੀਤ ਕੌਰ ਦਾ ਕਾਰਾ, ਸਹੁਰੇ ਪਰਿਵਾਰ ਦੇ 55 ਲੱਖ ਲਵਾ ਕੇ ਕੈਨੇਡਾ ਪੁੱਜਣ ਮਗਰੋਂ ਬਦਲੇ ਰੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News