ਭਾਜਪਾ ਦੀ ਪਿੰਡਾਂ 'ਚ ਬਣੀ ਸਿੱਖ ਅਤੇ ਪੰਜਾਬ ਵਿਰੋਧੀ ਧਾਰਨਾ ਨੂੰ ਤੋੜਨ ਦੀ ਜ਼ਰੂਰਤ ਹੈ: ਸੁਨੀਲ ਜਾਖੜ

Sunday, Jun 18, 2023 - 02:34 PM (IST)

ਭਾਜਪਾ ਦੀ ਪਿੰਡਾਂ 'ਚ ਬਣੀ ਸਿੱਖ ਅਤੇ ਪੰਜਾਬ ਵਿਰੋਧੀ ਧਾਰਨਾ ਨੂੰ ਤੋੜਨ ਦੀ ਜ਼ਰੂਰਤ ਹੈ: ਸੁਨੀਲ ਜਾਖੜ

ਜਲੰਧਰ/ਚੰਡੀਗੜ੍ਹ- ਭਾਜਪਾ ਦੀ ਕੌਮੀ ਕਾਰਜ ਕਮੇਟੀ ਅਤੇ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਸੁਨੀਲ ਜਾਖੜ ਸਾਲ ਭਰ ਵਿਚ ਭਗਵੇਂ ਰੰਗ ਵਿਚ ਪੂਰੀ ਤਰ੍ਹਾਂ ਰੰਗ ਗਏ ਹਨ। ਕਾਂਗਰਸ ਵਿਚ ਰਹਿੰਦੇ ਆਪਣੀ ਤੇਜ਼ਤਰਾਰ ਸ਼ੈਲੀ ਵਿਚ ਅਕਾਲੀ ਦਲ ’ਤੇ ਅਕਸਰ ਨਿਸ਼ਾਨਾ ਵਿੰਨ੍ਹਣ ਵਾਲੇ ਜਾਖੜ ਹੁਣ ਉਸੇ ਹਮਲਾਵਰ ਰੂਪ ਵਿਚ ਕਾਂਗਰਸੀ ਨੇਤਾਵਾਂ ਨੂੰ ਲੰਮੇ ਹੱਥੀਂ ਲੈਂਦੇ ਹਨ। ਡੇਢ ਸਾਲ ਪਹਿਲਾਂ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਾ ਬਣਾਏ ਜਾਣ ਦੀ ਉਨ੍ਹਾਂ ਦੀ ਟੀਸ ਹੁਣ ਵੀ ਘੱਟ ਨਹੀਂ ਹੋਈ ਹੈ। ਪੰਜਾਬ ਦੇ ਰਾਜਨੀਤਕ ਹਾਲਾਤ ਅਤੇ ਅਕਾਲੀ ਦਲ ਦੇ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਆਦਿ ’ਤੇ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਜਗਬਾਣੀ ਤੋਂ ਹਰੀਸ਼ਚੰਦਰ ਨੇ। ਉਸ ਗੱਲਬਾਤ ਦੇ ਪ੍ਰਮੁੱਖ ਅੰਸ਼ :

-ਜਲੰਧਰ ਜ਼ਿਮਨੀ ਚੋਣ ਵਿਚ ਭਾਜਪਾ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ, ਕੀ ਵਜ੍ਹਾ ਰਹੀ?
-ਇਹ ਰਾਜਨੀਤੀ ਹੈ, ਫਾਸਟਫੂਡ ਨਹੀਂ ਕਿ ਆਰਡਰ ਕੀਤਾ ਅਤੇ ਅੱਧੇ ਘੰਟੇ ਵਿਚ ਪਿੱਜ਼ਾ ਆ ਗਿਆ। ਚਾਹੇ ਫੌੜੀਆਂ ਸਮਝ ਲਵੋ ਜਾਂ ਤਾਲਮੇਲ ਅਤੇ ਸਹਿਯੋਗ, ਲੰਬੇ ਸਮੇਂ ਬਾਅਦ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਹੋਂਦ ਲਈ ਭਾਜਪਾ ਨਵੇਂ ਸਿਰੇ ਤੋਂ ਤਿਆਰੀ ਕਰ ਰਹੀ ਹੈ। ਕਾਂਗਰਸ ਨੂੰ ਵੇਖੀਏ, ਉਨ੍ਹਾਂ ਦੇ 5 ਐੱਮ. ਐੱਲ. ਏ. ਉਥੇ ਹਨ ਪਰ ਇਕ ਵੀ ਸੀਟ ’ਤੇ ਉਹ ਅੱਗੇ ਨਹੀਂ ਰਹੇ। ਭਾਜਪਾ ਦੋ ਹਲਕਿਆਂ ਵਿਚ ਵਾਧੇ ਬਣਾਉਣ ਵਿਚ ਕਾਮਯਾਬ ਰਹੀ। ਸਾਡਾ ਵੋਟ ਫ਼ੀਸਦੀ ਵੀ ਵਿਧਾਨਸਭਾ ਚੋਣ ਦੇ ਮੁਕਾਬਲੇ ਵਧਿਆ ਹੈ।

ਇਹ ਵੀ ਪੜ੍ਹੋ: ਵਧੀਆ ਤਨਖ਼ਾਹ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਮਸਕਟ, ਫਿਰ ਅੱਗੇ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

-ਕੀ ਪਿੰਡਾਂ ਵਿਚ ਕੰਮ ਕਰਨ ਦੀ ਜ਼ਿਆਦਾ ਜਰੂਰਤ ਹੈ?
-ਪਿੰਡਾਂ ਵਿਚ ਪਾਰਟੀ ਨੂੰ ਅਸਲ ਵਿਚ ਬਹੁਤ ਕੰਮ ਕਰਨ ਦੀ ਜਰੂਰਤ ਹੈ। ਜੋ ਧਾਰਨਾ ਬਣਾ ਦਿੱਤੀ ਗਈ ਹੈ ਕਿ ਭਾਜਪਾ ਕਿਸਾਨਾਂ ਦੇ ਖਿਲਾਫ਼ ਹੈ, ਪੰਜਾਬ ਦੇ ਖ਼ਿਲਾਫ਼ ਹੈ, ਸਿੱਖਾਂ ਦੇ ਖਿਲਾਫ਼ ਹੈ, ਉਸ ਨੂੰ ਤੋੜਨ ਦੀ ਜਰੂਰਤ ਹੈ। ਭਾਜਪਾ ਨੇ ਗਠਜੋੜ ਵਿਚ ਪਿੰਡ ਅਕਾਲੀ ਦਲ ਨੂੰ ਸੌਂਪੇ ਹੋਏ ਸਨ, ਉਥੇ ਨਵੇਂ ਸਿਰੇ ਤੋਂ ਜਾ ਕੇ ਮੋਦੀ ਦੀ ਰਹਿਨੁਮਾਈ ਵਿਚ ਕੇਂਦਰ ਸਰਕਾਰ ਵਲੋਂ ਕਿਸਾਨਾਂ ਅਤੇ ਸਿੱਖਾਂ ਲਈ ਕੀਤੇ ਗਏ ਕੰਮਾਂ ਦਾ ਪ੍ਰਚਾਰ ਕਰਨਾ ਹੋਵੇਗਾ। ਜਿਵੇਂ ਕਰਤਾਰਪੁਰ ਕਾਰੀਡੋਰ ਸਿੱਖ ਕੌਮ ਲਈ ਬਹੁਤ ਵੱਡੀ ਉਪਲੱਬਧੀ ਹੈ। ਇਸ ਦੇ ਲਈ ਐੱਸ.ਜੀ.ਪੀ.ਸੀ. ਅਤੇ ਬਾਦਲ ਸਾਹਿਬ ਅਤੇ ਅਕਾਲੀ ਦਲ ਨੇ ਬਹੁਤ ਮਾਨ-ਸਨਮਾਨ ਮੋਦੀ ਨੂੰ ਦਿੱਤਾ ਸੀ।

-ਕੀ ਅਕਾਲੀ-ਭਾਜਪਾ ਗਠਜੋੜ ਦੀ ਮੁੜ ਜ਼ਰੂਰਤ ਪੈ ਸਕਦੀ ਹੈ?
-ਇਹ ਤਾਂ ਫੌਰੀ ਹੱਲ ਦੀ ਗੱਲ ਹੋਈ ਕਿ ਸਾਨੂੰ ਤਾਂ 2024 ਦੀਆਂ ਲੋਕ ਸਭਾ ਅਤੇ ਫਿਰ 2027 ਦੀ ਵਿਧਾਨ ਸਭਾ ਚੋਣਾਂ ਵਿਚ ਸੀਟਾਂ ਚਾਹੀਦੀਆਂ ਹਨ। ਅਜਿਹੇ ਫੈਸਲੇ ਕੇਂਦਰੀ ਲੀਡਰਸ਼ਿਪ ਹੀ ਕਰਦੀ ਹੈ। ਹਾਂ, ਅਜਿਹੀਆਂ ਚਰਚਾਵਾਂ ਜਰੂਰ ਹਨ, ਜਨਤਾ ਦੀ ਧਾਰਨਾ ਹੈ ਕਿ ਦੋਵੇਂ ਦਲ ਇਕੱਠੇ ਹੋਣਗੇ। ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਗਠਜੋੜ ਦੀ ਗੱਲ ਨੂੰ ਸਿਰੇ ਤੋਂ ਨਕਾਰ ਚੁੱਕੇ ਹਨ ਪਰ ਮੇਰਾ ਇਹ ਮੰਨਣਾ ਹੈ ਕਿ ਜੋ ਵੀ ਫੈਸਲਾ ਹੋਵੇ, ਉਹ ਪੰਜਾਬ ਦੀ ਬਿਹਤਰੀ ਲਈ ਹੋਵੇ।

ਇਹ ਵੀ ਪੜ੍ਹੋ: ਪਿਤਾ ਦਿਵਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਾਂਝੀ ਕੀਤੀ ਭਾਵੁਕ ਪੋਸਟ

-ਤੁਹਾਡੇ ਵੀ ਅਕਾਲੀ ਦਲ ਵਿਚ ਚੰਗੇ ਸਬੰਧ ਹਨ, ਕੀ ਤੁਸੀ ਕੜੀ ਬਣ ਸਕਦੇ ਹੋ?
-ਇਹ ਤਾਂ ਮੇਰੇ ਕੱਦ ਤੋਂ ਉਤੇ ਦੀ ਗੱਲ ਹੋਈ। ਕਹਾਵਤ ਹੈ ਕਿ ‘ਕੱਲ੍ਹ ਦੀ ਭੂਤਨੀ, ਸਿਵਿਆਂ ਵਿਚ ਅੱਧ, ਮੈਨੂੰ ਤਾਂ ਅਜੇ ਸਾਲ ਭਰ ਹੀ ਹੋਇਆ ਹੈ, ਭਾਜਪਾ ਵਿਚ ਆਏ।
ਇਥੇ ਕੜੀਆਂ ਦੀ ਕਮੀ ਨਹੀਂ ਹੈ, ਬਾਦਲ ਸਾਹਿਬ ਹੁਣ ਨਹੀਂ ਰਹੇ ਪਰ ਉਨ੍ਹਾਂ ਦੇ ਜੋ ਸਬੰਧ ਮੋਦੀ ਜੀ, ਅਮਿਤ ਸ਼ਾਹ ਜਾਂ ਨੱਢਾ ਜੀ ਨਾਲ ਰਹੇ ਹਨ, ਉਹੋ ਜਿਹੇ ਸਬੰਧ ਬਣਾਉਣ ਵਿਚ ਅਜੇ ਸੁਖਬੀਰ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਨੂੰ ਸਮਾਂ ਲੱਗੇਗਾ।

-ਇਕ ਸਾਲ ਹੋ ਗਿਆ ਤੁਹਾਨੂੰ, ਕਾਂਗਰਸ ਤੋਂ ਭਾਜਪਾ ਦਾ ਕਲਚਰ ਕਿੰਨਾ ਵੱਖ ਲੱਗਿਆ?
-ਜੇਕਰ ਮੈਂ ਇਸ ਪਾਰਟੀ ਵਿਚ ਆਇਆ ਹਾਂ ਤਾਂ ਦੇਸ਼ ਜਾਂ ਪੰਜਾਬ ਦੇ ਵਿਕਾਸ ਅਤੇ ਬਿਹਤਰੀ ਵਿਚ ਯੋਗਦਾਨ ਦੇ ਸਕਿਆ ਤਾਂ ਇਹ ਬਦਲਾਅ ਸਾਰਥਕ ਸਾਬਿਤ ਹੋਵੇਗਾ। ਮੈਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ। ਜਿਥੇ ਤੱਕ ਕਲਚਰ ਦੀ ਗੱਲ ਹੈ ਤਾਂ ਜਿੰਨੀ ਡੂੰਘਾਈ ਨਾਲ ਇਥੇ ਵਰਕਰ ਕੰਮ ਕਰਦੇ ਹਨ, ਉਹ ਹਰ ਦਲ ਲਈ ਅੱਖਾਂ ਖੋਲ੍ਹਣ ਵਾਲਾ ਹੈ। ਸੋਸ਼ਲ ਮੀਡੀਆ ਹੋਵੇ ਜਾਂ ਜਨਤਾ ਨਾਲ ਸਿੱਧੇ ਸੰਪਰਕ, ਭਾਜਪਾ ਦਾ ਵਰਕਰ ਸਮਰਪਿਤ ਹੋ ਕੇ ਕੰਮ ਕਰਦਾ ਹੈ।

-ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਉਠਿਆ ਸੀ, ਇਸ ਦੇ ਲਈ ਕਿਸ ਨੂੰ ਜ਼ਿੰਮੇਵਾਰ ਮੰਨੋਗੇ?
-ਇਹ ਪਿਛਲੀਆਂ ਸਰਕਾਰਾਂ ਦੀ ਕਮੀ ਰਹੀ ਹੈ। ਇਹ 700 ਬੱਚੇ 2017-19 ਦੇ ਦੌਰਾਨ ਕੈਨੇਡਾ ਗਏ ਸਨ। ਇਸ ਵਿਚ ਇਕ ਟਰੈਵਲ ਏਜੰਟ ਦਾ ਨਾਂ ਸਾਹਮਣੇ ਆ ਰਿਹਾ ਹੈ। ਜਿਨ੍ਹਾਂ ਨੇ ਬੱਚਿਆਂ ਦੇ ਪਰਿਵਾਰਾਂ ਨੂੰ ਠੱਗਿਆ, ਉਨ੍ਹਾਂ ’ਤੇ ਕੀ ਕਾਰਵਾਈ ਕੀਤੀ ਗਈ? ਕੇਂਦਰ ਨੇ ਇਸ ਮੁੱਦੇ ਨੂੰ ਚੁੱਕਿਆ ਅਤੇ ਕੈਨੇਡਾ ਸਰਕਾਰ ਨੇ ਉਸ ’ਤੇ ਨੋਟਿਸ ਲੈ ਕੇ ਮੁੜ ਵਿਚਾਰ ਕਰਨ ਦੀ ਗੱਲ ਕਹੀ ਹੈ। ਪੰਜਾਬ ਸਰਕਾਰ ਇਕ ਅੰਕੜਾ ਤਾਂ ਦੇਵੇ ਕਿ ਕਾਨੂੰਨ ਮੁਤਾਬਿਕ ਕੰਮ ਨਾ ਕਰ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਲੇ ਕਿੰਨੇ ਟਰੈਵਲ ਏਜੰਟ ਸਰਕਾਰ ਨੇ ਫੜ੍ਹੇ ਹਨ?

ਇਹ ਵੀ ਪੜ੍ਹੋ: ਜਲੰਧਰ ਦੇ ਨਾਲ ਹੈ ਡੀ. ਸੀ. ਵਿਸ਼ੇਸ਼ ਸਾਰੰਗਲ ਦਾ ਪੁਰਾਣਾ ਨਾਤਾ, ਖ਼ਾਸ ਗੱਲਬਾਤ 'ਚ ਦੱਸੀਆਂ ਅਹਿਮ ਗੱਲਾਂ

-ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ, ਸੂਬੇ ਦਾ ਆਰ. ਡੀ. ਐੱਫ਼. ਅਤੇ ਐੱਨ. ਐੱਚ. ਐੱਮ. ਦਾ ਪੈਸਾ ਰੋਕ ਦਿੱਤਾ?
-ਅਜੇ ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ’ਤੇ ਵੈਟ ਵਧਾਇਆ ਹੈ, ਇੰਨਾ ਪੈਸਾ ਸਰਕਾਰ ਇਕੱਠਾ ਕਰ ਰਹੀ ਹੈ ਤਾਂ ਵੈਟ ਵਧਾਉਣ ਦੀ ਜਰੂਰਤ ਹੀ ਨਹੀਂ ਸੀ। ਹੈਲਥ ਮਿਸ਼ਨ ਦੇ ਪੈਸੇ ਘੱਟ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ ਪਰ 3 ਮਹੀਨੇ ਪਹਿਲਾਂ ਜੋ ਮਹੱਲਾ ਕਲੀਨਿਕ ਸ਼ੁਰੂ ਕੀਤੇ ਗਏ, ਉਨ੍ਹਾਂ ਵਿਚ ਤਨਖਾਹ ਨਹੀਂ ਦਿੱਤੀ ਜਾ ਰਹੀ। ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਕੇਂਦਰ ’ਤੇ ਦੋਸ਼ ਨਾ ਲਗਾਵੇ ਸਰਕਾਰ। ਜਿੱਥੇ ਤੱਕ ਆਰ. ਡੀ. ਐੱਫ਼. ਦੀ ਗੱਲ ਹੈ ਤਾਂ ਉਹ ਸਿਰਫ਼ ਪੰਜਾਬ ’ਤੇ ਲਾਗੂ ਨਹੀਂ ਹੋਇਆ। ਆਰ. ਡੀ. ਐੱਫ਼. ਦੇ ਨਿਯਮ ਪੂਰੇ ਦੇਸ਼ ਲਈ ਬਰਾਬਰ ਹਨ। ‘ਆਪ’ ਦੀ ਸਰਕਾਰ ਹੋਣ ਕਾਰਣ ਪੰਜਾਬ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ।

-ਅਜਿਹੀ ਬਿਆਨਬਾਜ਼ੀ ਨਾਲ ਜਨਤਾ ਨੂੰ ਕੀ ਫਰਕ ਪੈਂਦਾ ਹੈ? ਪੰਜਾਬ ਵਿਚ ਵੀ ‘ਨਕਲੀ ਸਰਦਾਰ-ਅਸਲੀ ਚੌਧਰੀ’ ਵਰਗੀ ਬਿਆਨਬਾਜ਼ੀ ਹਾਲ ਹੀ ਵਿਚ ਹੋਈ ਹੈ।
ਜਨਤਾ ਨੂੰ ਕੁੱਝ ਨਹੀਂ ਮਿਲਦਾ। ਪੰਜਾਬ ਦੀ ਖੂਬਸੂਰਤੀ ਅਤੇ ਮਜਬੂਤੀ ਇਸ ਦੀ ਭਾਈਚਾਰਕ ਸਾਂਝ ਹੈ। ਜਿਸ ਪਾਰਟੀ ਵਿਚ 50 ਸਾਲ ਰਿਹਾ ਹਾਂ, ਜਿਸ ਪਾਰਟੀ ਨੇ ਸੈਕਿਉਲਰਿਜ਼ਮ ਦੇ ਨਾਂ ’ਤੇ ਵੋਟਾਂ ਲਈਆਂ ਹਨ, ਉਹ ਜਦੋਂ ਧਰਮ ਨੂੰ ਅੱਗੇ ਲੈ ਆਏ ਕਿ ਉਹ ਹਿੰਦੂ ਹੈ ਜਾਂ ਸਿੱਖ ਹੈ, ਤਾਂ ਉਸਦੀ ਵਿਚਾਰਧਾਰਾ ਸਪੱਸ਼ਟ ਹੋ ਜਾਂਦੀ ਹੈ।

-ਪ੍ਰਤਾਪ ਬਾਜਵਾ ਨੇ ਆਪ੍ਰੇਸ਼ਨ ਲੋਟਸ ’ਤੇ ਰਿਪੋਰਟ ਵਿਧਾਨਸਭਾ ਵਿਚ ਲਿਆਉਣ ਦੀ ਮੰਗ ਕੀਤੀ ਹੈ। ਇਸ ’ਤੇ ਤੁਸੀਂ ਕੀ ਕਹੋਗੇ?
-ਉਹ ਕਹਿੰਦੇ ਹਨ ਕਿ ਸੱਚਾਈ ਲੁਕ ਨਹੀਂ ਸਕਦੀ। ਸੁਨੀਲ ਜਾਖੜ ਜਾਂ ਅਸ਼ਵਨੀ ਸ਼ਰਮਾ ਨੇ ਤਾਂ ਆਵਾਜ਼ ਨਹੀਂ ਚੁੱਕੀ ਸਗੋਂ ਕਾਂਗਰਸ ਵੀ ਹੁਣ ਕਹਿਣ ਲੱਗੀ ਹੈ। ਇਨ੍ਹਾਂ ਦੇ ਸੀ.ਐੱਲ.ਪੀ. ਲੀਡਰ ਬਾਜਵਾ ਵੀ ਕਹਿ ਰਹੇ ਹਨ। ਸ਼ਾਇਦ ਹਾਈਕਮਾਨ ਨੂੰ ਇਸ਼ਾਰਾ ਕਰ ਰਹੇ ਹੋਣ ਕਿ ਉਨ੍ਹਾਂ ਕੋਲ ਹੋਰ ਵੀ ਬਦਲ ਹਨ।

-ਤੁਹਾਡੇ ਭਤੀਜੇ ਨੇ ਵੀ ਅਜਿਹੇ ਹੀ ਵਿਵਾਦ ਵਿਚ ਟਵੀਟ ਕਰਕੇ ਜਵਾਬ ਦਿੱਤਾ ਸੀ?
-ਸੰਦੀਪ ਜਾਖੜ ਖ਼ੁਦ ਮੁਖ਼ਤਿਆਰ ਹੈ, ਉਸ ਨੇ ਸਹੀ ਗੱਲ ਕਹੀ ਸੀ ਪਰ ਮੈਂ ਇਸ ਦੇ ਹੱਕ ਵਿਚ ਨਹੀਂ ਸੀ, ਉਸਨੂੰ ਇੰਨਾ ਗਰਮ ਹੋਣ ਦੀ ਜਰੂਰਤ ਨਹੀਂ ਸੀ। ਉਸ ਨੂੰ ਤਾਂ ਮਾਣ ਹੋਣਾ ਚਾਹੀਦਾ ਸੀ ਕਿ ਕਾਂਗਰਸੀ ਇਕ ਸਾਲ ਬਾਅਦ ਉਸਦੇ ਚਾਚਾ (ਸੁਨੀਲ ਜਾਖੜ) ਨੂੰ ਯਾਦ ਕਰਦੀ ਹੈ ਕਿ ਉਨ੍ਹਾਂ ਕੋਲ ਤਾਂ ਕੋਈ ਅਵਾਜ਼ ਚੁੱਕਣ ਵਾਲਾ ਹੈ ਨਹੀਂ। ਉਨ੍ਹਾਂ ਦੇ ਜੋ ਪੜ੍ਹੇ-ਲਿਖੇ ਲੀਡਰ ਹਨ, ਉਨ੍ਹਾਂ ਨੂੰ ਤਾਂ ਮੀ-ਟੂ ਵਾਲੇ ਆਪਣੇ ਨੇਤਾ ਖਿਲਾਫ਼ ਆਵਾਜ਼ ਚੁਕਣੀ ਚਾਹੀਦੀ ਸੀ। ਵਿਦੇਸ਼ ਵਿਚ ਚਾਹੇ ਕਿਸੇ ਵੀ ਪਾਰਟੀ ਦਾ ਨੇਤਾ ਗਿਆ ਹੋਵੇ, ਉਸ ਦਾ ਉਥੇ ਵਿਰੋਧ ਨਹੀਂ ਹੋਣਾ ਚਾਹੀਦਾ ਪਰ ਤੁਸੀਂ ਆਪਣੀ ਚਮੜੀ ਬਚਾਉਣ ਲਈ ਜਦੋਂ ਪੱਗ ਨੂੰ ਉਤਾਰ ਕੇ ਕੱਛ ਵਿਚ ਦੱਬ ਲੈਂਦੇ ਹੋ ਅਤੇ ਹੁਡੀ ਪਾਉਂਦੇ ਹੋ ਤਾਂ ਕੀ ਇਹ ਦਸਤਾਰ ਦੀ ਬੇਅਦਬੀ ਨਹੀਂ? ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਨ੍ਹਾਂ ਦੇ ਸੀ. ਐੱਲ. ਪੀ. ਲੀਡਰ ਪ੍ਰਤਾਪ ਬਾਜਵਾ ਨੇ ਮੰਚ ਤੋਂ ਕਿਹਾ ਸੀ ਕਿ ਨਕਲੀ ਸਰਦਾਰ ਦੀ ਦਸਤਾਰ ਦੇ ਹੇਠਾਂ ਕੇਸ ਹੀ ਨਹੀਂ ਹਨ, ਉਨ੍ਹਾਂ ਦਾ ਇਸ਼ਾਰਾ ਕਿਸ ਵੱਲ ਸੀ?

-ਅਮਿਤ ਸ਼ਾਹ ਕੱਲ ਗੁਰਦਾਸਪੁਰ ਆ ਰਹੇ ਹਨ। ਭਾਜਪਾ ਦਾ ਪੰਜਾਬ ਨੂੰ ਲੈ ਕੇ ਕੀ ਵਿਜ਼ਨ ਹੈ?
-ਭਾਜਪਾ ਦਾ ਵਿਜ਼ਨ ਵਿਕਾਸ ਹੈ। ਭਾਜਪਾ ਵੋਟ ਲੈਣ ਲਈ ਕੁੱਝ ਮੁਫ਼ਤ ਦੇਣ ਦਾ ਸ਼ੋਸ਼ਾ ਨਹੀਂ ਛੇੜਦੀ। ਪੰਜਾਬ ਅਤੇ ਖ਼ਾਸ ਕਰਕੇ ਗੁਰਦਾਸਪੁਰ ਅਤੇ ਬਾਰਡਰ ਬੈਲਟ ਵਿਚ ਵੱਡਾ ਮਸਲਾ ਡਰੋਨ ਦਾ ਹੈ। ਅਮਿਤ ਸ਼ਾਹ ਦਿੱਲੀ ਵਿਚ ਬੈਠਕ ਵਿਚ ਕਹਿ ਰਹੇ ਸਨ ਕਿ ਸਰਹੱਦੀ ਲੋਕਾਂ ਨੂੰ ਸਸ਼ਕਤ ਕੀਤਾ ਜਾਵੇ। ਉਨ੍ਹਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਜੇਕਰ ਰੋਜ਼ਗਾਰ ਮਿਲੇ ਤਾਂ ਡਰੱਗਜ਼ ਅਤੇ ਨੌਜਵਾਨਾਂ ਦੀਆਂ ਕਈ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।

ਇਹ ਵੀ ਪੜ੍ਹੋ: 2 ਦਿਨ ਜਲੰਧਰ ਦੇ ਦੌਰੇ 'ਤੇ ਰਹਿਣਗੇ CM ਭਗਵੰਤ ਮਾਨ ਤੇ CM ਕੇਜਰੀਵਾਲ, ਕੱਲ੍ਹ ਦੇਣਗੇ ਵੱਡੀ ਸੌਗਾਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News