ਚੋਣ ਮੋਡ 'ਚ ਆਈ ਭਾਜਪਾ! ਪ੍ਰਧਾਨ ਮੰਤਰੀ ਮੋਦੀ ਦਾ ਇਸ ਸਾਲ ਪੰਜਾਬ 'ਚ ਦੂਜਾ ਦੌਰਾ
Friday, Jul 17, 2026 - 11:48 AM (IST)
ਚੰਡੀਗੜ੍ਹ (ਹਰੀਸ਼ਚੰਦਰ)-ਪੰਜਾਬ ਵਿਧਾਨ ਸਭਾ ਚੋਣਾਂ 'ਚ ਮਹਿਜ਼ 6 ਮਹੀਨੇ ਬਾਕੀ ਰਹਿ ਗਏ ਹਨ। ਚੋਣਾਂ ਦੇ ਮੱਦੇਨਜ਼ਰ ਭਾਜਪਾ ਪੂਰੀ ਤਰ੍ਹਾਂ ਚੋਣ ਮੋਡ 'ਚ ਆ ਗਈ ਹੈ। ਪ੍ਰਧਾਨ ਮੰਤਰੀ ਦੇ ਇਸ ਸਾਲ ਦੇ ਦੂਜੇ ਪੰਜਾਬ ਦੌਰੇ ਤੋਂ ਸਾਫ਼ ਹੈ ਕਿ ਪਾਰਟੀ ਪੰਜਾਬ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਮੋਦੀ ਇਸ ਤੋਂ ਪਹਿਲਾਂ ਗੁਰੂ ਰਵਿਦਾਸ ਜਯੰਤੀ ਮੌਕੇ 1 ਫਰਵਰੀ ਨੂੰ ਜਲੰਧਰ ਦੇ ਹੀ ਡੇਰਾ ਬੱਲਾਂ ਆਏ ਸਨ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਚੋਟੀ ਦੇ ਤਿੰਨਾਂ ਆਗੂਆਂ ਨੇ ਵੀ ਪੰਜਾਬ ਦਾ ਦੌਰਾ ਕੀਤਾ ਹੈ। ਇਨ੍ਹਾਂ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਦੇ ਕਿਲੀ ਚਾਹਲਾਂ ਵਿਚ ਰੈਲੀ ਕਰ ਚੁੱਕੇ ਹਨ, ਜਦਕਿ ਨਵੇਂ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ 3 ਰੋਜ਼ਾ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚ ਪਾਰਟੀ ਮੀਟਿੰਗਾਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ
ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਵੀ ਪੰਜਾਬ ਦੇ ਆਗੂਆਂ ਨੂੰ ਸਿਆਸੀ ਪਾਠ ਪੜ੍ਹਾਉਣ ਚੰਡੀਗੜ੍ਹ ਆਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਜਲੰਧਰ ਰੈਲੀ ਵਿਚ ਉਹ ਪੰਜਾਬ ਲਈ ਕੁਝ ਵੱਡੇ ਐਲਾਨ ਵੀ ਕਰ ਸਕਦੇ ਹਨ। ਹਾਲਾਂਕਿ 5,000 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕੁਝ ਪ੍ਰਾਜੈਕਟ ਉਹ ਦੇਸ਼ ਨੂੰ ਸਮਰਪਿਤ ਕਰਨਗੇ।
ਇਹ ਵੀ ਪੜ੍ਹੋ: PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
ਸਟੇਜ 'ਤੇ ਨਜ਼ਰ ਆਉਣਗੇ ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰ
ਇਹ ਰੈਲੀ ਇਸ ਲਈ ਵੀ ਅਹਿਮ ਰਹੇਗੀ ਕਿ ਆਮ ਆਦਮੀ ਪਾਰਟੀ ਤੋਂ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਪਹਿਲੀ ਵਾਰ ਇਕੱਠੇ ਪੰਜਾਬ ਦੀ ਜਨਤਾ ਦੇ ਰੂ-ਬ-ਰੂ ਹੋਣਗੇ। ਇਕ ਸੀਨੀਅਰ ਭਾਜਪਾ ਆਗੂ ਨੇ ਇਸ ਬਾਰੇ ਪੁੱਛੇ ਜਾਣ ’ਤੇ ਦੱਸਿਆ ਕਿ ਸਾਰੇ 6 ਮੈਂਬਰ ਸਟੇਜ 'ਤੇ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਰਹਿਣਗੇ। ਇਨ੍ਹਾਂ ਵਿਚੋਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਦਾ ਤਾਂ ਜਲੰਧਰ ਜੱਦੀ ਸ਼ਹਿਰ ਹੈ। ਇਨ੍ਹਾਂ ਤੋਂ ਇਲਾਵਾ ਰਾਘਵ ਚੱਢਾ, ਸੰਦੀਪ ਪਾਠਕ, ਵਿਕਰਮਜੀਤ ਸਾਹਨੀ ਅਤੇ ਰਾਜਿੰਦਰ ਗੁਪਤਾ ਵੀ ਰੈਲੀ ਵਿਚ ਮੌਜੂਦ ਰਹਿਣਗੇ। ਇਨ੍ਹਾਂ ਤੋਂ ਇਲਾਵਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਅਤੇ ਸਮੁੱਚੇ ਸੂਬਾ ਕੋਰ ਗਰੁੱਪ ਦੇ ਮੈਂਬਰ ਵੀ ਸਟੇਜ ’ਤੇ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ Good News! ਜਲੰਧਰ-ਕੱਟੜਾ ਵੋਲਵੋ ਬੱਸ ਸੇਵਾ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
