ਭਾਜਪਾ ਨੂੰ ਝਟਕਾ, ਇਕ ਹੋਰ ਵੱਡੇ ਸਿੱਖ ਚਿਹਰੇ ਨੇ ਦਿੱਤਾ ਅਸਤੀਫ਼ਾ
Saturday, Oct 31, 2020 - 04:04 PM (IST)
ਜਲੰਧਰ/ਬਠਿੰਡਾ (ਰਾਹੁਲ): ਪੰਜਾਬ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅੱਜ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਯੁਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਨੂੰ ਆਪਣਾ ਲਿਖ਼ਤੀ ਅਸਤੀਫ਼ਾ ਭੇਜ ਕੇ ਭਾਜਪਾ ਯੁਵਾ ਮੋਰਚਾ ਨੂੰ ਝਟਕਾ ਦਿੱਤਾ ਹੈ। ਬੀਤੀ 27 ਜੁਲਾਈ 2020 ਨੂੰ ਸੂਬਾ ਯੂਥ ਮੋਰਚਾ ਦੀ ਟੀਮ ਵਿਚ ਬਰਿੰਦਰ ਸਿੰਘ ਨੂੰ ਬਤੌਰ ਜਨਰਲ ਸਕੱਤਰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਬਠਿੰਡਾ ਜ਼ਿਲ੍ਹੇ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਸਨ।
ਪਾਰਟੀ ਦੀਆਂ ਨੀਤੀਆਂ ਪ੍ਰਤੀ ਲਾਪ੍ਰਵਾਹ ਹੋਣ ਕਾਰਣ 2 ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀ ਅਹੁਦਾ ਮੁਕਤ
ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਨੇ ਕਿਹਾ ਕਿ ਬਰਿੰਦਰ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਬਣਨ ਦੇ ਬਾਵਜੂਦ ਪਾਰਟੀ ਦੀਆਂ ਨੀਤੀਆਂ ਪ੍ਰਤੀ ਨਿਰੰਤਰ ਲਾਪ੍ਰਵਾਹ ਸਨ। ਕਿਸੇ ਵੀ ਸੰਗਠਨਾਤਮਕ, ਵਰਚੁਅਲ ਜਾਂ ਜਨਤਕ ਬੈਠਕ ਵਿਚ ਸ਼ਾਮਲ ਨਹੀਂ ਹੋ ਰਹੇ ਸਨ।ਸਮਝਾਉਣ ਦੇ ਬਾਵਜੂਦ ਕੋਈ ਸੁਧਾਰ ਨਾ ਹੁੰਦਾ ਦੇਖ ਕੇ ਲਗਭਗ 2 ਮਹੀਨੇ ਪਹਿਲਾਂ ਹੀ ਬਰਿੰਦਰ ਨੂੰ ਅਹੁਦਾ ਮੁਕਤ ਕਰ ਦਿੱਤਾ ਗਿਆ ਸੀ। ਅੱਜ ਉਸ ਵੱਲੋਂ ਦਿੱਤਾ ਗਿਆ ਅਸਤੀਫ਼ਾ ਸਿਰਫ਼ ਡਰਾਮੇਬਾਜ਼ੀ ਅਤੇ ਮੀਡੀਆ ਵਿਚ ਜਾਣ ਦਾ ਸਿਰਫ ਬਹਾਨਾ ਹੈ।