ਪੰਜਾਬ 'ਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਸਿੱਖ ਚਿਹਰੇ ਉਤਾਰ ਰਹੀ 'ਭਾਜਪਾ'

Monday, Feb 01, 2021 - 01:27 PM (IST)

ਪੰਜਾਬ 'ਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਸਿੱਖ ਚਿਹਰੇ ਉਤਾਰ ਰਹੀ 'ਭਾਜਪਾ'

ਚੰਡੀਗੜ੍ਹ : ਕਿਸਾਨੀ ਅੰਦੋਲਨ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੂੰ ਸੂਬੇ 'ਚ ਸਿੱਖਾਂ ਦੇ ਦਬਦਬੇ ਵਾਲੇ ਇਲਾਕਿਆਂ 'ਚ ਉਮੀਦਵਾਰ ਉਤਾਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਪਾਰਟੀ ਵੱਲੋਂ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਸਿੱਖ ਚਿਹਰਿਆਂ ਨੂੰ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ। ਪਾਰਟੀ ਦੇ ਮੁਤਾਬਕ ਚੋਣਾਂ ਲਈ ਸਿੱਖੀ ਪਿਛੋਕੜ ਵਾਲੇ 20 ਫ਼ੀਸਦੀ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ ਸ਼ੁਰੂ ਹੋਈ 'ਆਪਣੀ ਮੰਡੀ'

ਉਮੀਦਵਾਰਾਂ ਵੱਲੋਂ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਆਖ਼ਰੀ ਤਾਰੀਖ਼ 3 ਫਰਵਰੀ ਤੈਅ ਕੀਤੀ ਗਈ ਹੈ। ਬਠਿੰਡਾ 'ਚ ਵੀ ਪਾਰਟੀ ਵੱਲੋਂ 6 ਸਿੱਖ ਚਿਹਰਿਆਂ ਨੂੰ ਉਮੀਦਵਾਰ ਵੱਜੋਂ ਖੜ੍ਹਾ ਕੀਤਾ ਗਿਆ ਹੈ। ਪਾਰਟੀ ਦੇ ਸਿੱਖ ਉਮੀਦਵਾਰ ਕੁਲਵੰਤ ਪੋਹਲਾ ਦਾ ਕਹਿਣਾ ਹੈ ਕਿ ਕੇਂਦਰ ਨੂੰ ਕਿਸਾਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਈਚਾਰੇ ਅਤੇ ਦੋਸਤਾਂ-ਮਿੱਤਰਾਂ ਵੱਲੋਂ ਭਾਜਪਾ ਵੱਲੋਂ ਚੋਣਾਂ ਨਾ ਲੜਨ ਦਾ ਦਬਾਅ ਪਾਇਆ ਜਾ ਰਿਹਾ ਸੀ ਪਰ ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਪਿਛਲੇ 13 ਸਾਲਾਂ ਤੋਂ ਹਮੇਸ਼ਾ ਇੱਜ਼ਤ ਹੀ ਦਿੱਤੀ ਹੈ, ਇਸ ਕਾਰਨ ਉਹ ਭਾਜਪਾ ਵੱਲੋਂ ਚੋਣਾਂ ਲੜ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨੀ ਝੰਡੇ ਹੇਠ ਨੌਜਵਾਨ ਨੇ ਕਰਵਾਇਆ ਵਿਆਹ, ਅੰਦੋਲਨ 'ਚ ਸ਼ਾਮਲ ਹੋਣ ਲਈ ਜਾਵੇਗਾ ਦਿੱਲੀ

ਇਸੇ ਤਰ੍ਹਾਂ ਮੋਹਾਲੀ 'ਚ ਵੀ ਕਈ ਸਿੱਖ ਚਿਹਰਿਆਂ ਨੂੰ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ, ਜਿਨ੍ਹਾਂ ਦਾ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੀ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਆਪਣੇ ਹੱਕਾਂ ਲਈ ਬੈਠੇ ਹੋਏ ਹਨ।

ਇਹ ਵੀ ਪੜ੍ਹੋ : 'ਕਿਸਾਨੀ ਅੰਦੋਲਨ' ਦੇ ਹੱਕ 'ਚ ਇਸ ਪਿੰਡ ਨੇ ਲਿਆ ਅਹਿਮ ਫ਼ੈਸਲਾ, ਬਣਾਈ ਗਈ ਵਿਸ਼ੇਸ਼ ਕਮੇਟੀ

ਕਿਸਾਨ ਅੰਦੋਲਨ ਦੇ ਚੱਲਦਿਆਂ ਹੀ ਭਾਜਪਾ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ, ਜਿਸ ਕਾਰਨ ਪਾਰਟੀ ਨੂੰ ਚੋਣਾਂ 'ਚ ਉਮੀਦਵਾਰ ਖੜ੍ਹੇ ਕਰਨ ਦੌਰਾਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਨੋਟ : ਭਾਜਪਾ ਵੱਲੋਂ ਨਿਗਮ ਚੋਣਾਂ ਦੌਰਾਨ ਸਿੱਖ ਚਿਹਰਿਆਂ ਨੂੰ ਉਤਾਰਨ ਬਾਰੇ ਦਿਓ ਆਪਣੀ ਰਾਏ


author

Babita

Content Editor

Related News