ਕਿਸਾਨਾਂ ਪ੍ਰਤੀ ਭਾਜਪਾ ਦਾ ਰਵੱਈਆ ਮੰਦਭਾਗਾ, ਅਨਿਲ ਵਿੱਜ ਖ਼ਿਲਾਫ਼ ਦਰਜ ਕੀਤਾ ਜਾਵੇ ਮਾਮਲਾ : ਵੜਿੰਗ

Saturday, Feb 17, 2024 - 04:15 PM (IST)

ਕਿਸਾਨਾਂ ਪ੍ਰਤੀ ਭਾਜਪਾ ਦਾ ਰਵੱਈਆ ਮੰਦਭਾਗਾ, ਅਨਿਲ ਵਿੱਜ ਖ਼ਿਲਾਫ਼ ਦਰਜ ਕੀਤਾ ਜਾਵੇ ਮਾਮਲਾ : ਵੜਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਇਕ ਵਫ਼ਦ ਨੇ ਅੱਜ ਭਾਜਪਾ ਦੇ ਹਰਿਆਣਾ ਸੂਬਾ ਹੈੱਡਕੁਆਰਟਰ ਅੱਗੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕਰਦਿਆਂ ਭਾਜਪਾ ਖ਼ਿਲਾਫ਼ ਧਰਨਾ ਦਿੱਤਾ। ਧਰਨੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੇ ਭਾਜਪਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਸ਼ੁਰੂਆਤੀ ਧਰਨੇ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣੇ ਲਾਜ਼ਮੀ ਹਨ। ਸਾਡੇ ਦੇਸ਼ ਦੇ ਅੰਨਦਾਤੇ ਨੂੰ ਅੱਤਵਾਦੀਆਂ ਨਾਲੋਂ ਮਾੜਾ ਸਮਝਣਾ ਮੰਦਭਾਗਾ ਹੈ। ਇਸ ਮੋਦੀ ਸਰਕਾਰ ਨੇ ਦੇਸ਼ ਦੀ ਸਥਿਤੀ ਨੂੰ ਪਾਕਿਸਤਾਨ ਵਿਚ ਵੇਖੀਆਂ ਗਈਆਂ ਸਥਿਤੀਆਂ ਦੀ ਯਾਦ ਦਿਵਾ ਦਿੱਤੀ ਹੈ। 

ਕਿਸਾਨਾਂ ਦੇ ਵਿਰੋਧ ਦੇ ਚੱਲਦੇ ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਾਂ ’ਤੇ ਡਰੋਨ ਅਤੇ ਹਥਿਆਰਾਂ ਦੀ ਵਰਤੋਂ ਕਰਦਿਆਂ ਕਿਸਾਨਾਂ ’ਤੇ ਅੱਤਿਆਚਾਰ ਕਰਨਾ ਮੰਦਭਾਗਾ ਹੈ। ਉਹ ਵੀ ਉਦੋਂ ਜਦੋਂ ਉਹ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਹ ਭਾਜਪਾ ਦੀ ਅਗਵਾਈ ਵਾਲੇ ਪ੍ਰਸ਼ਾਸਨ ਵੱਲੋਂ ਸੱਤਾ ਦੀ ਦੁਰਵਰਤੋਂ ਹੈ। ਕਿਸਾਨਾਂ ਦੀ ਦਿੱਲੀ ਵਿਚ ਪ੍ਰਵੇਸ਼ ਕਰਨ ਦੀ ਇੱਛਾ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਨੂੰ ਟਰੈਕਟਰਾਂ ਰਾਹੀਂ ਦਿੱਲੀ ਵਿਚ ਦਾਖਲ ਹੋਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ? ਟਰੈਕਟਰ ਦੀ ਵਰਤੋਂ ਵਿਵਾਦਪੂਰਨ ਕਿਵੇਂ ਬਣ ਜਾਂਦੀ ਹੈ? ਸਰਕਾਰ ਸਾਡੇ ਕਿਸਾਨਾਂ ਦਾ ਸ਼ੋਸ਼ਣ ਕਰਦੀ ਰਹਿੰਦੀ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਅੱਤਵਾਦੀ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਮਾਰੂ ਤਿੰਨ ਖੇਤੀ ਕਾਨੂੰਨਾਂ ਦੇ ਚੱਲਦੇ ਪਹਿਲੇ ਪ੍ਰਦਰਸ਼ਨ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਬਲੀ ਲਈ ਗਈ। 

ਵੜਿੰਗ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸਿਰਫ ਉਨ੍ਹਾਂ ਅਰਬਪਤੀਆਂ ਦੀ ਮਦਦ ਕਰਨ ਲਈ ਕੰਮ ਕੀਤਾ ਹੈ, ਜਿਨ੍ਹਾਂ ਕੋਲ ਦੁਨੀਆ ਭਰ ਵਿਚ ਕਾਰੋਬਾਰ ਹਨ ਜਦਕਿ ਉਹ ਸਾਡੇ ਕਿਸਾਨਾਂ ਅਤੇ ਐੱਮ. ਐੱਸ. ਐੱਮ. ਈ. ਮਾਲਕਾਂ ਵਿਰੁੱਧ ਕੰਮ ਕਰਦੇ ਰਹਿੰਦੇ ਹਨ ਜੋ ਦੇਸ਼ ਦੀ ਬਿਹਤਰੀ ਵਿਚ ਯੋਗਦਾਨ ਪਾਉਂਦੇ ਹਨ। ਜੇਕਰ ਕਾਰਪੋਰੇਟ ਦਿੱਗਜਾਂ ਜਿੰਨਾ ਕਰਜ਼ਾ ਸਾਡੇ ਕਿਸਾਨਾਂ ਦਾ ਮੁਆਫ਼ ਕੀਤਾ ਜਾਂਦਾ ਤਾਂ ਸਾਡੀ ਆਰਥਿਕਤਾ ਨੂੰ ਬਹੁਤ ਫਾਇਦਾ ਹੁੰਦਾ ਪਰ ਨਰਿੰਦਰ ਮੋਦੀ ਸਿਰਫ਼ ਆਪਣੇ ਦੋਸਤਾਂ ਲਈ ਹੀ ਕੰਮ ਕਰ ਰਹੇ ਹਨ, ਨਾ ਕਿ ਦੇਸ਼ ਲਈ। ਉਨ੍ਹਾਂ ਕਿਹਾ ਕਿ ਉਹ ਇੱਥੇ ਇਕ ਸਿਆਸਤਦਾਨ ਵਜੋਂ ਨਹੀਂ ਸਗੋਂ ਪੰਜਾਬੀਆਂ ਵਜੋਂ ਇਕੱਠੇ ਹੋਏ ਹਨ। ਅਸੀਂ ਆਪਣੇ ਕਿਸਾਨਾਂ ਵਿਰੁੱਧ ਭਾਜਪਾ ਵੱਲੋਂ ਸੱਤਾ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਲਈ ਸੂਬੇ ਭਰ ਵਿਚ ਪ੍ਰਦਰਸ਼ਨ ਕਰ ਰਹੇ ਹਾਂ। ਮਨੋਹਰ ਲਾਲ ਖੱਟਰ ਅਤੇ ਅਨਿਲ ਵਿੱਜ ਸਿਰਫ਼ ਨਰਿੰਦਰ ਮੋਦੀ ਦੇ ਨਿਰਦੇਸ਼ਾਂ ’ਤੇ ਅਮਲ ਕਰ ਰਹੇ ਹਨ ਅਤੇ ਅਸੀਂ ਅਜਿਹੇ ਤਾਨਾਸ਼ਾਹ ਸਿਆਸੀ ਸ਼ਖਸੀਅਤਾਂ ਵਿਰੁੱਧ ਆਪਣਾ ਵਿਰੋਧ ਜਾਰੀ ਰੱਖਾਂਗੇ।


author

Gurminder Singh

Content Editor

Related News