ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੁਆਲੇ ਕਿਸਾਨਾਂ ਦੀ ਮਜ਼ਬੂਤ ਹੋ ਰਹੀ ਘੇਰਾਬੰਦੀ

Monday, Oct 19, 2020 - 06:15 PM (IST)

ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੁਆਲੇ ਕਿਸਾਨਾਂ ਦੀ ਮਜ਼ਬੂਤ ਹੋ ਰਹੀ ਘੇਰਾਬੰਦੀ

ਬਾਘਾ ਪੁਰਾਣਾ (ਚਟਾਨੀ) : ਕਿਸਾਨਾਂ ਦੇ ਹੱਕਾਂ ਲਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਮੋਹਰੀ ਆਗੂਆਂ ਵਲੋਂ ਕਿਸਾਨਾਂ ਖ਼ਿਲਾਫ਼ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਭਾਵੇਂ ਮੁੱਖ ਮੰਤਰੀ ਤੇ ਭਾਜਪਾ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ ਪਰ ਕਿਸਾਨ ਨੇਤਾਵਾਂ ਵਲੋਂ ਅਕਾਲੀ ਦਲ ਨੂੰ ਵੀ ਇਸ ਪੱਖ ਤੋਂ ਬਖਸ਼ਿਆ ਨਹੀਂ ਜਾ ਰਿਹਾ ਅਤੇ ਕਾਂਗਰਸ ਵੀ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ਉਪਰ ਹੈ, ਉਕਤ ਤਿੰਨਾਂ ਵਿਚੋਂ ਦੋ ਧਿਰਾਂ (ਭਾਜਪਾ ਅਤੇ ਅਕਾਲੀ ਦਲ) ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸਾਨਾਂ ਵਲੋਂ ਕੀਤੀ ਜਾ ਰਹੀ ਮਜ਼ਬੂਤ ਘੇਰਾਬੰਦੀ 'ਚੋਂ ਬਾਹਰ ਨਿਕਲ ਸਕਣ।

ਇਹ ਵੀ ਪੜ੍ਹੋ :  ਆਖਿਰ ਵਿਧਾਨ ਸਭਾ ਦੀ ਕਾਰਵਾਈ 'ਚ ਸ਼ਾਮਲ ਹੋਏ ਨਵਜੋਤ ਸਿੱਧੂ, ਪਿਛਲੀ ਕਤਾਰ 'ਚ ਬੈਠੇ

ਅਜਿਹੀਆਂ ਕੋਸ਼ਿਸ਼ਾਂ 'ਚ ਭਾਜਪਾ ਦੀਆਂ ਦਲੀਲਾਂ ਅਤੇ ਅਪੀਲਾਂ ਨੂੰ ਕਿਸਾਨ ਅਸਲੋਂ ਹੀ ਸੁਣਨ ਨੂੰ ਤਿਆਰ ਨਹੀਂ ਜਦਕਿ ਅਕਾਲੀ ਦਲ ਕੋਲ ਵੀ ਅਜਿਹੀ ਕੋਈ ਠੋਸ ਦਲੀਲ ਨਹੀਂ ਕਿ ਉਹ ਕਿਸਾਨਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੁਝ ਘੰਟੇ ਪਹਿਲਾਂ ਤਿਆਗੀ ਗਈ ਕੁਰਸੀ ਅਤੇ ਪ੍ਰਕਾਸ਼ ਸਿੰਘ ਬਾਦਲ ਵਲੋਂ ਲਾਈਵ ਹੋ ਕੇ ਖੇਤੀ ਆਰਡੀਨੈਂਸ ਦੀ ਕੀਤੀ ਗਈ ਹਾਂ ਪੱਖੀ ਠੋਸ ਵਕਾਲਤ ਨੂੰ ਝੂਠਾ ਪਾ ਸਕਣ ਦੇ ਸਮਰਥ ਹੋਵੇ। ਕਾਂਗਰਸ ਪਾਰਟੀ ਦੀ ਵੀ ਕਿਸਾਨਾਂ ਦੀ ਕਚਹਿਰੀ ਵਿਚ ਅਜਿਹੀ ਹੀ ਸਥਿਤੀ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਵਿਸ਼ੇਸ਼ ਸੈਸ਼ਨ ਦਾ ਸਮਾਂ ਵਧਾਇਆ

ਘੇਰਾਬੰਦੀ ਤੋੜਨ ਲਈ ਤਿੰਨੋਂ ਧਿਰਾਂ ਸਰਗਰਮ
ਉਕਤ ਤਿੰਨੇ ਧਿਰਾਂ ਕਿਸਾਨਾਂ ਦੇ ਘੇਰੇ 'ਚੋਂ ਬਾਹਰ ਨਿਕਲਣ ਲਈ ਰੱਸਾਕੱਸੀ ਤਾਂ ਕਰ ਰਹੀਆਂ ਹਨ ਪਰ ਕਿਸੇ ਦੇ ਪੱਲੇ ਅਜੇ ਤਕ ਕੁਝ ਵੀ ਪੈਦਾ ਨਹੀਂ ਦਿਖਾਈ ਦੇ ਰਿਹਾ। ਇਥੇ ਹੀ ਬਸ ਨਹੀਂ ਭਾਜਪਾ ਅਤੇ ਅਕਾਲੀ ਦਲ ਦੋਹਰੀ ਲੜਾਈ ਲੜ ਰਿਹਾ ਹੈ। ਇਕ ਤਾਂ ਉਹ ਕਿਸਾਨਾਂ ਵੱਲੋਂ ਲਾਏ ਇਲਜ਼ਾਮਾਂ 'ਚੋਂ ਬਰੀ ਹੋ ਕੇ ਨਿਕਲਣ ਲਈ ਲੜ ਰਹੇ ਹਨ। ਦੂਜੀ ਲੜਾਈ ਉਨ੍ਹਾਂ ਨੇ 2022 ਵਾਲੇ ਚੋਣ ਦੰਗਲ ਨੂੰ ਸਰ ਕਰਨ ਦੀ ਲੜਨੀ ਹੈ। ਕਾਂਗਰਸ ਇਸ ਵੇਲੇ ਇਕਹਰੀ ਲੜਾਈ ਹੀ ਲੜ ਰਹੀ ਹੈ ਅਤੇ ਇਸ ਲੜਾਈ ਵਿਚ ਵੀ ਉਸ ਮੂਹਰੇ ਭਾਜਪਾ ਅਤੇ ਅਕਾਲੀ ਦਲ ਦੇ ਮੁਕਾਬਲੇ ਚੁਣੌਤੀਆਂ ਬਹੁਤ ਘੱਟ ਹਨ। ਕਾਂਗਰਸ ਪਾਰਟੀ ਕੋਲ ਪੰਜਾਬ ਅੰਦਰਲੀ ਸਤਾ ਹੋਣ ਕਰ ਕੇ ਉਸ ਕੋਲ ਕਿਸਾਨਾਂ ਦੇ ਪੱਖ ਵਿਚ ਉਸਾਰੂ ਅਤੇ ਲਾਹੇਵੰਦ ਫ਼ੈਸਲੇ ਲੈ ਸਕਣ ਦੀ ਸਮਰਥਾ ਹੈ ਅਤੇ ਭਾਜਪਾ ਕੋਲ ਮਜ਼ਬੂਤ ਕੇਂਦਰੀ ਸੱਤਾ ਹੈ ਅਤੇ ਉਹ ਵੀ ਕਾਫੀ ਮਜ਼ਬੂਤ ਸਮਰਥਾ ਰੱਖਦੀ ਹੈ ਪਰ ਅਕਾਲੀ ਦਲ ਕੋਲ ਹੁਣ ਅਜਿਹਾ ਕੁਝ ਵੀ ਨਹੀਂ। ਅਕਾਲੀ ਦਲ ਕੱਲ ਨਾ ਤਾਂ ਸੂਬੇ ਦੀ ਸਤਾ ਹੀ ਹੈ ਅਤੇ ਨਾ ਹੀ ਕੇਂਦਰ ਵਿਚਲੀ ਸਰਕਾਰ ਨਾਲ ਭਾਈਵਾਲੀ।

ਇਹ ਵੀ ਪੜ੍ਹੋ :  ਨਿਵੇਸ਼ ਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ

'ਆਪ' ਅਤੇ 'ਅਕਾਲੀ ਦਲ' (ਡੈਮੋਕ੍ਰੇਟਿਕ) ਉਲਝਣ 'ਚੋਂ ਹੈ ਬਾਹਰ
ਆਮ ਆਦਮੀ ਪਾਰਟੀ ਕਿਸਾਨਾਂ ਦੀ ਲੜਾਈ ਨੂੰ ਪੂਰੀ ਸ਼ਿੱਦਤ ਨਾਲ ਲੜ ਰਹੀ ਹੈ ਪਰ ਉਸ ਉਪਰ ਅਜੇ ਤੱਕ ਅਜਿਹਾ ਕੋਈ ਇਲਜ਼ਾਮ ਨਹੀਂ ਲੱਗਾ ਕਿ ਉਹ ਕਿਸਾਨੀ ਸੰਘਰਸ਼ ਦੇ ਤਪਦੇ ਚੁੱਲ੍ਹੇ ਉਪਰ ਸਿਆਸੀ ਰੋਟੀਆਂ ਸੰਕਟ ਦੀ ਕੋਸ਼ਿਸ਼ ਵਿਚ ਹੈ। 'ਆਪ' ਦੇ ਮੋਹਰੀ ਨੇਤਾ ਜਾਂ ਵਰਕਰਾਂ ਨੇ ਜਿਥੇ ਵੀ ਕਿਸਾਨੀ ਘੋਲ ਵਿਚ ਸ਼ਿਰਕਤ ਕੀਤੀ ਹੈ, ਉਹ ਪਿਛਲੀ ਕਤਾਰ ਵਿਚ ਬੈਠ ਕੇ ਕੀਤੀ ਹੈ। 'ਆਪ' ਆਗੂਆਂ ਨੇ ਕਿਸੇ ਵੀ ਘੋਲ ਦੀ ਕਮਾਂਡ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਬਜਾਏ ਕਿਸਾਨਾਂ ਦੀ ਹਾਂ ਵਿਚ ਹਾਂ ਹਿੱਕ ਥਾਪੜ ਕੇ ਮਿਲਾਈ ਹੈ। ਅਕਾਲੀ ਦਲ ਅਤੇ ਕਾਂਗਰਸ ਉਪਰ ਇਹ ਦੋਸ਼ ਆਮ ਹੀ ਸੁਣੇ ਜਾਂਦੇ ਰਹੇ ਹਨ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ 'ਤਾਰਪੀਡੋ' ਕਰਨ ਦੀ ਕੋਸ਼ਿਸ਼ ਵਿਚ ਹਨ।

ਇਹ ਵੀ ਪੜ੍ਹੋ :  'ਆਪ' ਵਲੋਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ

ਅਕਾਲੀ ਦਲ ਡੈਮੋਕ੍ਰੇਟਿਕ ਉਪਰ ਵੀ ਕਿਸਾਨਾਂ ਅੰਦਰੋਂ ਕੋਈ ਅਜਿਹਾ ਇਲਜ਼ਾਮ ਨਹੀਂ ਸੁਣਿਆ ਗਿਆ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ ਮੱਠਾ ਪਾਉਣ ਦੀ ਕੋਸ਼ਿਸ਼ 'ਚ ਰਿਹਾ ਹੋਵੇ। ਇਸ ਦਲ ਦੇ ਮੋਹਰੀ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਬਾਦਲ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਅੰਦਰਲੀ ਤਾਨਾਸ਼ਾਹੀ ਤੋਂ ਤੰਗ ਆ ਕੇ ਆਪਣੇ ਆਪ ਨੂੰ ਬਾਹਰ ਕਰ ਲਿਆ ਸੀ ਅਤੇ ਉਹੀ ਅਕਾਲੀ ਦਲ ਅੱਜ ਕਿਸਾਨਾਂ ਦੇ ਨਿਸ਼ਾਨੇ ਉਪਰ ਵੀ ਹੈ। ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਇਹ ਗੱਲੀ ਉਪਰ ਸਖਤ ਸਟੈਂਡ ਲਈ ਖੜ੍ਹੇ ਹਨ ਕਿ ਉਹ ਕਿਸਾਨੀ ਵੋਟ ਬੈਂਕ ਲਈ ਨਹੀਂ ਸਗੋਂ ਕਿਸਾਨੀ ਦੀ ਹਾਲਤ ਦੇ ਸੁਧਾਰ ਲਈ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਹਨ ਅਤੇ ਦਿੰਦੇ ਰਹਿਣਗੇ।


author

Gurminder Singh

Content Editor

Related News