ਮਲੋਟ ਤੋਂ ਬਾਅਦ ਭਾਜਪਾ ਵਲੋਂ ਅਬੋਹਰ ਬੰਦ, ਚੱਪੇ-ਚੱਪੇ ’ਤੇ ਪੁਲਸ ਸੁਰੱਖਿਆ
Tuesday, Mar 30, 2021 - 07:32 PM (IST)
ਅਬੋਹਰ (ਰਹੇਜਾ) : ਕੁਝ ਦਿਨ ਪਹਿਲਾਂ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ’ਤੇ ਮਲੋਟ ਵਿਚ ਹੋਏ ਜਾਨਲੇਵਾ ਹਮਲੇ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਵਲੋਂ ਅੱਜ ਅਬੋਹਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਸਖ਼ਤ ਸੁਰੱਖਿਆ ਹੇਠ ਦਰਮਿਆਨ ਸੈਂਕੜੇ ਭਾਜਪਾ ਵਰਕਰਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਰਕਰਾਂ ਨੇ ਮੁੱਖ ਮੰਤਰੀ ਤੋਂ ਨੈਤਿਕ ਜ਼ਿੰਮੇਵਾਰੀ ਦੇ ਆਧਾਰ ’ਤੇ ਅਸਤੀਫ਼ੇ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾਂ ਗੇਟ ’ਚ ਫੈਲੀ ਸਨਸਨੀ, ਦਹਿਸ਼ਤ ’ਚ ਆਏ ਲੋਕ
ਸਵੇਰੇ 9 ਵਜੇ ਨਹਿਰੂ ਪਾਰਕ ਦੇ ਬਾਹਰੋਂ ਸ਼ੁਰੂ ਹੋਇਆ ਰੋਸ ਮਾਰਚ ਬਸ ਸਟੈਂਡ ਰੋਡ ਸਮੇਤ ਸਦਰ ਬਾਜ਼ਾਰ, 9 ਨੰਬਰ ਬਾਜ਼ਾਰ ਸਰਕੂਲਰ ਰੋਡ ਤੋਂ ਹੁੰਦਾ ਹੋਇਆ 12 ਨੰਬਰ ਮੁੱਖ ਚੌਂਕ ’ਤੇ ਸਮਾਪਤ ਹੋਇਆ। ਇਥੇ ਵੱਖ-ਵੱਖ ਬੁਲਾਰਿਆਂ ਨੇ ਵਿਧਾਇਕ ਅਰੁਣ ਨਾਰੰਗ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਹਮਲਾ ਕਰਨ ਵਾਲੇ ਗੁੰਡਾ ਤੱਤਾਂ ’ਤੇ ਕਾਬੂ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਗਰਮੀ ਨੇ ਤੋੜਿਆ 50 ਸਾਲ ਦਾ ਰਿਕਾਰਡ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਇਹ ਹਮਲਾ ਸ਼ਾਂਤੀ ਭੰਗ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ। ਪੁਲਸ ਵਿਧਾਇਕ ਦੀ ਸੁਰੱਖਿਆ ਕਰਨ ਵਿਚ ਨਾਕਾਮ ਰਹੀ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸਾਰਿਆਂ ਨੂੰ ਧਰਨਾ ਪ੍ਰਦਰਸ਼ਨ ਕਰਨ ਅਤੇ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਗੁੰਡਾਗਰਦੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬੰਦ ਦੇ ਸੱਦੇ ਤੋਂ ਬਾਅਦ ਮਲੋਟ ’ਚ ਸਥਿਤੀ ਤਣਾਅਪੂਰਨ, ਪੁਲਸ ਛਾਉਣੀ ’ਚ ਹੋਇਆ ਤਬਦੀਲ