ਦਿੱਲੀ ਦੇ ਚਾਰੇ ਸਿੱਖ ਹਲਕਿਆਂ ''ਚ ਭਾਜਪਾ ਲੁੜਕੀ!
Wednesday, Feb 12, 2020 - 10:18 AM (IST)
ਲੁਧਿਆਣਾ (ਮੁੱਲਾਂਪੁਰੀ): ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ 'ਚ ਹਿੱਸੇ ਆਉਂਦੀਆਂ ਉਹ 4 ਸੀਟਾਂ, ਜਿੱਥੇ ਅਕਾਲੀ ਦਲ ਨੇ ਚੋਣ ਲੜਨੀ ਸੀ, ਜਿਵੇਂ ਸ਼ਾਹਦਰਾ, ਹਰੀ ਨਗਰ, ਰਾਜੌਰੀ ਗਾਰਡਨ, ਕਾਲਕਾ 'ਚੋਂ ਭਾਵੇਂ ਭਾਜਪਾ ਨੇ ਅਕਾਲੀ ਦਲ ਨੂੰ ਧੋਬੀ ਪਟਕਾ ਮਾਰ ਕੇ ਅਖਾੜੇ 'ਚੋਂ ਬਾਹਰ ਕੱਢ ਦਿੱਤਾ ਸੀ ਪਰ ਇਨ੍ਹਾਂ ਹਲਕਿਆਂ 'ਚ ਭਾਜਪਾ ਦੇ ਬੁਰੀ ਤਰ੍ਹਾਂ ਲੁੜਕ ਜਾਣ ਦੀ ਖਬਰ ਹੈ।
ਭਾਵੇਂ ਇਕ ਹਫਤਾ ਘੁਸਰ-ਮੁਸਰ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਨੂੰ ਦਿੱਲੀ 'ਚ ਹਮਾਇਤ ਦਾ ਐਲਾਨ ਕਰ ਦਿੱਤਾ ਸੀ ਪਰ ਹੋਰਨਾਂ ਹਲਕਿਆਂ ਦੀ ਤਾਂ ਛੱਡੋ ਜਿੱਥੇ ਸਿੱਖ ਵਸੋਂ ਅਤੇ ਅਕਾਲੀ ਦਲ ਦਾ ਆਧਾਰ ਹੈ, ਓਥੇ ਵੀ ਭਾਜਪਾ ਦਾ ਕਮਲ ਨਹੀਂ ਖਿੜਿਆ। ਇਨ੍ਹਾਂ 4 ਹਲਕਿਆਂ ਦੀ ਹਾਰ ਦਾ ਪ੍ਰਛਾਵਾਂ ਜ਼ਰੂਰ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ 'ਤੇ ਪਵੇਗਾ।
ਦਿੱਲੀ 'ਚ ਸਰਨਿਆਂ ਦੀ ਝੰਡੀ!
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜੋ 'ਆਪ' ਦੇ ਹੱਕ 'ਚ ਜਾਣ ਨਾਲ ਜਿੱਥੇ ਭਾਜਪਾ ਪੱਛੜ ਗਈ, ਉੱਥੇ ਕਾਂਗਰਸ ਖਾਤਾ ਖੋਲ੍ਹਣ 'ਚ ਸਫਲ ਨਹੀਂ ਹੋ ਸਕੀ। ਇਸ ਦੇ ਨਾਲ ਹੀ ਜਿੱਥੇ ਕੇਜਰੀਵਾਲ ਦੀ ਦਿੱਲੀ 'ਚ ਜੈ ਜੈ ਕਾਰ ਹੋ ਰਹੀ ਹੈ, ਉੱਥੇ ਸਿੱਖ ਨੇਤਾ ਪਰਮਜੀਤ ਸਿੰਘ ਸਰਨਾ ਦੀ ਵੀ ਝੰਡੀ ਹੋ ਗਈ ਹੈ ਕਿਉਂਕਿ ਉਸ ਨੇ 'ਆਪ' ਦੀ ਹਮਾਇਤ ਦਾ ਐਲਾਨ ਕੀਤਾ ਸੀ, ਜਦੋਂਕਿ ਭਾਜਪਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਧੜੇ ਨੇ ਖੁੱਲ੍ਹੀ ਹਮਾਇਤ ਦਾ ਐਲਾਨ ਕੀਤਾ ਸੀ।