ਭਾਜਪਾ, ਕਾਂਗਰਸ ਤੇ ਬਾਦਲਾਂ ਨੇ ਕਿਸਾਨ ਸੰਘਰਸ਼ ਦੀ ਬਲੀ ਦੇਣ ਦੀ ਤਿਆਰੀ ਖਿੱਚੀ : ਭੋਮਾ
Sunday, Jan 24, 2021 - 02:13 AM (IST)
 
            
            ਅੰਮ੍ਰਿਤਸਰ,(ਵਾਲੀਆ)- ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਅੱਜ ਇੱਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਜਿਵੇਂ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਨਾਲ ਬਾਹਰੀ ਤੌਰ ’ਤੇ ਗੱਲਬਾਤ ਦਾ ਢੌਂਗ ਰਚਿਆ ਸੀ ਅਤੇ ਅੰਦਰੂਨੀ ਤੌਰ ’ਤੇ ਉਹ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਤਿਆਰੀ ਕਰ ਰਹੀ ਸੀ, ਉਸੇ ਤਰ੍ਹਾਂ ਮੋਦੀ ਸਰਕਾਰ ਵੀ ਕਿਸਾਨਾਂ ਨਾਲ ਗੱਲਬਾਤ ਦਾ ਢੌਂਗ ਹੀ ਰਚ ਰਹੀ ਹੈ ਪਰ ਅੰਦਰਖਾਤੇ ਕਿਸਾਨੀ ਲੀਡਰਸ਼ਿਪ ਨੂੰ ਗ੍ਰਿਫਤਾਰ ਕਰਨ ਅਤੇ ਬਾਕੀ ਕਿਸਾਨ ਅੰਦੋਲਨ ਨੂੰ ਪੁਲਸ ਅਤੇ ਸੁਰੱਖਿਆ ਬਲਾਂ ਦੀ ਬੰਦੂਕ ਦੀ ਨੋਕ ਅਤੇ ਡੰਡੇ ਦੇ ਜ਼ੋਰ ਨਾਲ ਕੁਚਲਣਾ ਚਾਹੁੰਦੀ ਹੈ। ਮੋਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ’ਤੇ ਹਮਲੇ ਦੀ ਤਿਆਰੀ ਅਤੇ ਹੱਲਾਸ਼ੇਰੀ ਦੇਣ ਵਿਚ ਕੈਪਟਨ ਸਰਕਾਰ ਅਤੇ ਬਾਦਲ ਬਰਾਬਰ ਭਾਈਵਾਲ ਹਨ।
ਉਨ੍ਹਾਂ ਕਿਹਾ ਕਿ ਹਣ ਕਿਸਾਨ ਸੰਘਰਸ਼ ਅਤੇ ਕਿਸਾਨ ਲੀਡਰਸ਼ਿਪ ਨੇ ਕਾਂਗਰਸ, ਬਾਦਲਾਂ ਅਤੇ ਭਾਜਪਾ ਦੀ ਸਿਆਸੀ ਜ਼ਮੀਨ ਖੋਹ ਲਈ ਹੈ, ਇਸੇ ਲਈ ਇਹ ਤਿੰਨੇ ਤਾਕਤਾਂ ਇਕ ਮੰਚ, ਇਕ ਨੀਤੀ ਅਤੇ ਇਕ ਸੋਚ ’ਤੇ ਇਕੱਠੀਆਂ ਹੋ ਕੇ ਕਿਸਾਨੀ ਸੰਘਰਸ਼ ਅਤੇ ਕਿਸਾਨੀ ਲੀਡਰਸ਼ਿਪ ਦੀ ਬਲੀ ਦੇਣ ਦੀ ਤਿਆਰੀ ਖਿੱਚ ਚੁੱਕੀਆਂ ਹਨ। ਕਿਸਾਨੀ ਸੰਘਰਸ਼ ਦੀ ਲੀਡਰਸ਼ਿਪ ਅਤੇ ਉਸਦੇ ਹਮਾਇਤੀਆਂ ਨੂੰ ਐੱਨ. ਆਈ. ਏ. ਵੱਲੋਂ ਨੋਟਿਸ ਜਾਰੀ ਕਰ ਕੇ ਹਮਲੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਕਿਸਾਨੀ ਲੀਡਰਸ਼ਿਪ ਅਤੇ ਉਸਦੇ ਹਮਾਇਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਕਿਸਾਨ ਅੰਦੋਲਨ ’ਤੇ ਕਿਸੇ ਸਮੇਂ ਵੀ ਵੱਡਾ ਹਮਲਾ ਹੋ ਸਕਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            