ਲੋਕ ਸਭਾ ਚੋਣਾਂ : ਲਗਾਤਾਰ ਚੌਥੀ ਵਾਰ ਸੰਸਦ ’ਚ ਐਂਟਰੀ ਲਈ ਜੱਦੋ-ਜਹਿਦ ਕਰ ਰਹੇ ਨੇ ਬਿੱਟੂ ਤੇ ਹਰਸਿਮਰਤ
Friday, May 24, 2024 - 06:01 AM (IST)
ਲੁਧਿਆਣਾ (ਹਿਤੇਸ਼)– ਲੋਕ ਸਭਾ ਚੋਣਾਂ ਦੌਰਾਨ ਜਿਥੇ ਪੰਜਾਬ ਦੇ 5 ਮੌਜੂਦਾ ਐੱਮ. ਪੀ. ਇਸ ਵਾਰ ਚੋਣ ਨਹੀਂ ਲੜ ਰਹੇ ਹਨ, ਨਾਲ ਹੀ ਜੋ ਮੌਜੂਦਾ ਐੱਮ. ਪੀ. ਚੋਣ ਲੜ ਰਹੇ ਹਨ, ਉਨ੍ਹਾਂ ਦੇ ਜਿੱਤਣ ਨਾਲ ਰਿਕਾਰਡ ਕਾਇਮ ਹੋ ਸਕਦਾ ਹੈ। ਇਨ੍ਹਾਂ ’ਚ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਤੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਦਾ ਨਾਂ ਮੁੱਖ ਤੌਰ ’ਤੇ ਸ਼ਾਮਲ ਹੈ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਹਰਸਿਮਰਤ ਬਾਦਲ ਇਸ ਸਮੇਂ ਬਠਿੰਡਾ ਤੋਂ ਲਗਾਤਾਰ ਤੀਜੀ ਵਾਰ ਐੱਮ. ਪੀ. ਹਨ ਤੇ ਬਿੱਟੂ ਇਕ ਵਾਰ ਆਨੰਦਪੁਰ ਸਾਹਿਬ ਤੇ 2 ਵਾਰ ਲੁਧਿਆਣਾ ਤੋਂ ਐੱਮ. ਪੀ. ਬਣੇ ਹਨ। ਦੋਵੇਂ ਹੀ ਲਗਾਤਾਰ ਚੌਥੀ ਵਾਰ ਸੰਸਦ ’ਚ ਐਂਟਰੀ ਲਈ ਜੱਦੋ-ਜਹਿਦ ਕਰ ਰਹੇ ਹਨ, ਜਿਸ ਸਬੰਧੀ ਤਸਵੀਰ 4 ਜੂਨ ਨੂੰ ਸਾਫ਼ ਹੋਵੇਗੀ।
ਪਰਨੀਤ ਕੌਰ ਜਿੱਤੀ ਤਾਂ 5ਵੀਂ ਵਾਰ ਬਣੇਗੀ ਐੱਮ. ਪੀ.
ਰਿਕਾਰਡ ਬਣਾਉਣ ਦੀ ਦੌੜ ’ਚ ਸ਼ਾਮਲ ਸੰਸਦ ਮੈਂਬਰਾਂ ਦੀ ਲਿਸਟ ’ਚ ਪਰਨੀਤ ਕੌਰ ਦਾ ਨਾਂ ਵੀ ਸ਼ਾਮਲ ਹੈ, ਜੋ 2014 ’ਚ ਹੋਈ ਹਾਰ ਨੂੰ ਛੱਡ ਕੇ ਪਹਿਲਾਂ 3 ਵਾਰ ਤੇ ਹੁਣ ਚੌਥੀ ਵਾਰ ਐੱਮ. ਪੀ. ਹਨ। ਪਰਨੀਤ ਕੌਰ ਇਸ ਸਮੇਂ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਹੈ ਤੇ ਉਨ੍ਹਾਂ ਦਾ ਮੁਕਾਬਲਾ ਇਕ ਵਾਰ ਫਿਰ ਧਰਮਵੀਰ ਗਾਂਧੀ ਨਾਲ ਹੈ, ਜੋ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ’ਚ ਸ਼ਾਮਲ ਹੋਏ ਹਨ ਤੇ ਉਹ ਜੇਕਰ ਇਸ ਵਾਰ ਵੀ ਜਿੱਤੀ ਤਾਂ 5ਵੀਂ ਵਾਰ ਐੱਮ. ਪੀ. ਬਣੇਗੀ।
ਇਹ ਖ਼ਬਰ ਵੀ ਪੜ੍ਹੋ : ਮਨੁੱਖਤਾ ਹੋਈ ਸ਼ਰਮਸਾਰ! ਜਠਾਣੀ ਨੇ ਦਰਾਣੀ ਦੇ ਬੱਚੇ ਨੂੰ ਦਿੱਤਾ ਜ਼ਹਿਰ, ਰੋਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਆਈ ਸਾਹਮਣੇ
ਸਾਬਕਾ ਮੁੱਖ ਮੰਤਰੀਆਂ ਨਾਲ ਹੈ 3 ਉਮੀਦਵਾਰਾਂ ਦਾ ਸਬੰਧ
ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਰਿਕਾਰਡ ਬਣਾਉਣ ਲਈ ਜ਼ੋਰ ਲਾ ਰਹੇ ਸੰਸਦ ਮੈਂਬਰਾਂ ਨਾਲ ਜੁੜਿਆ ਇਹ ਪਹਿਲੂ ਇਹ ਵੀ ਹੈ ਕਿ ਤਿੰਨਾਂ ਦਾ ਸਬੰਧ ਸਾਬਕਾ ਮੁੱਖ ਮੰਤਰੀਆਂ ਨਾਲ ਹੈ। ਇਨ੍ਹਾਂ ’ਚ ਪਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ ਤੇ ਹਰਸਿਮਰਤ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹੈ, ਜਦਕਿ ਬਿੱਟੂ ਸਾਬਕਾ ਮੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਇਨ੍ਹਾਂ ’ਚੋਂ ਪਰਨੀਤ ਕੌਰ ਤੇ ਹਰਸਿਮਰਤ ਬਾਦਲ ਦੇ ਮੁਕਾਬਲੇ ’ਚ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀਆਂ ਬਲਬੀਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਉਤਾਰਿਆ ਗਿਆ ਹੈ।
ਗੁਰਜੀਤ ਔਜਲਾ ਅੰਮ੍ਰਿਤਸਰ ਤੋਂ ਹੈਟ੍ਰਿਕ ਲਈ ਲਗਾ ਰਹੇ ਹਨ ਜ਼ੋਰ
ਪੰਜਾਬ ’ਚ ਇਕੋ ਇਕ ਐੱਮ. ਪੀ. ਗੁਰਜੀਤ ਔਜਲਾ ਹਨ, ਜੋ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਕਿਸਮਤ ਅਜ਼ਮਾ ਰਹੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਕਾਰਨ ਹੋਈ ਉਪ ਚੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਲਗਾਤਾਰ ਦੂਜੀ ਵਾਰ ਕਾਂਗਰਸ ਦੇ ਐੱਮ. ਪੀ. ਹਨ ਤੇ ਭਾਜਪਾ ਵਲੋਂ ਉਨ੍ਹਾਂ ਦੇ ਮੁਕਾਬਲੇ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਤਰਣਜੀਤ ਸੰਧੂ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।