ਬਿੱਟਾ ਨੇ ਘ੍ਰਿਣੇਸ਼ਵਰ ਜੋਤੀਲਿੰਗ ਦੇ ਕੀਤੇ ਦਰਸ਼ਨ
Monday, Jun 12, 2017 - 06:30 AM (IST)
ਜਲੰਧਰ (ਧਵਨ) - ਅੱਤਵਾਦ ਵਿਰੋਧੀ ਫਰੰਟ ਦੇ ਕਨਵੀਨਰ ਮਨਿੰਦਰਜੀਤ ਬਿੱਟਾ ਨੇ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਸਥਿਤ ਭਗਵਾਨ ਸ਼ਿਵ ਦੇ ਘ੍ਰਿਣੇਸ਼ਵਰ ਜੋਤੀਲਿੰਗ ਮੰਦਰ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਨਾਲ ਸੁਦਰਸ਼ਨ ਚੈਨਲ ਦੇ ਸੁਦੇਸ਼ ਚੌਹਾਨ ਅਤੇ ਉਨ੍ਹਾਂ ਦੀ ਪਤਨੀ ਵੀ ਸਨ। ਘ੍ਰਿਣੇਸ਼ਵਰ ਜੋਤੀਲਿੰਗ ਭਗਵਾਨ ਸ਼ਿਵ ਦੇ 12 ਜੋਤੀਲਿੰਗਾਂ 'ਚੋਂ ਇਕ ਹੈ। ਸ਼ਿਵ ਪੁਰਾਣ 'ਚ ਘ੍ਰਿਣੇਸ਼ਵਰ ਜੋਤੀਲਿੰਗ ਦਾ ਵਰਣਨ ਹੈ। ਇਹ ਧਾਰਮਿਕ ਸਥਾਨ ਇਲੋਰਾ ਦੀਆਂ ਗੁਫਾਵਾਂ ਦੇ ਨੇੜੇ ਸਥਿਤ ਹੈ। ਬਿੱਟਾ ਨੇ ਸਵੇਰੇ ਸ਼ਿਵ ਦੀ ਆਰਤੀ 'ਚ ਹਿੱਸਾ ਲਿਆ ਅਤੇ ਇਸ ਮੌਕੇ ਕਈ ਹੋਰ ਸ਼ਰਧਾਲੂ ਵੀ ਮੌਜੂਦ ਸਨ।
ਬਿੱਟਾ ਨੇ ਘ੍ਰਿਣੇਸ਼ਵਰ ਜੋਤੀਲਿੰਗ ਦੇ ਦਰਸ਼ਨ ਕਰਨ ਮਗਰੋਂ ਕਿਹਾ ਕਿ ਉਨ੍ਹਾਂ ਨੇ ਭਾਰਤ 'ਚ ਅਮਨ ਤੇ ਸ਼ਾਂਤੀ ਅਤੇ ਪੰਜਾਬ 'ਚ ਆਰਥਿਕ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਬਿੱਟਾ ਨੇ ਕਈ ਜੋਤੀਲਿੰਗਾਂ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ ਜੋਤੀਲਿੰਗ ਦੇ ਦਰਸ਼ਨ ਕਰਨ ਮਗਰੋਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਹੋਰ ਮਜ਼ਬੂਤੀ ਤੇ ਬਲ ਮਿਲਿਆ ਹੈ ਅਤੇ ਉਹ ਹੁਣ ਦੇਸ਼ 'ਚ ਵਧ ਰਹੇ ਅੱਤਵਾਦ ਵਿਰੁੱਧ ਹੋਰ ਮਜ਼ਬੂਤੀ ਨਾਲ ਆਪਣੀ ਮੁਹਿੰਮ ਚਲਾਉਣਗੇ। ਬਿੱਟਾ ਨੇ ਕਿਹਾ ਕਿ ਦੇਸ਼ ਦੇ ਸ਼ਕਤੀਪੀਠਾਂ ਅਤੇ ਜੋਤੀਲਿੰਗ ਦੇ ਦਰਸ਼ਨ ਕਰਨ 'ਤੇ ਉਹ ਖੁਦ ਨੂੰ ਕਿਸਮਤ ਵਾਲਾ ਮੰਨਦੇ ਹਨ।
