ਜਨਮਦਿਨ ਪਾਰਟੀ ’ਚ ਚੱਲੇ ਪਿਸਤੌਲ ਤੇ ਖ਼ੰਡੇ! ਮਜ਼ਾਕ-ਮਜ਼ਾਕ ’ਚ ਹੋਈ ਹੱਥੋਪਾਈ ਤੋਂ ਬਾਅਦ ਜਾਨਲੇਵਾ ਹਮਲਾ
Monday, Aug 17, 2026 - 07:43 PM (IST)
ਹੁਸ਼ਿਆਰਪੁਰ (ਰਾਕੇਸ਼)- ਥਾਣਾ ਇੰਡਸਟ੍ਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੀ ਪੁਲਸ ਨੇ ਇਕ ਜਨਮਦਿਨ ਪਾਰਟੀ ਦੌਰਾਨ ਹੋਈ ਝੜਪ, ਗੁੰਡਾਗਰਦੀ ਅਤੇ ਜਾਨਲੇਵਾ ਹਮਲੇ ਦੇ ਦੋਸ਼ ਹੇਠ 4 ਵਿਅਕਤੀਆਂ ਅਤੇ ਉਨ੍ਹਾਂ ਦੇ 5-6 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸਾਗਰ ਭਟੋਆ ਪੁੱਤਰ ਅਜੇ ਕੁਮਾਰ, ਨਿਵਾਸੀ ਡਵਿਡਾ ਅਹਿਰਾਣਾ, ਥਾਣਾ ਮੇਹਿਟੀਆਣਾ ਨੇ ਦੱਸਿਆ ਕਿ 27 ਜੁਲਾਈ ਨੂੰ ਉਸ ਦੇ ਦੋਸਤ ਇੰਦਰਪਾਲ ਪੁੱਤਰ ਮਹਿੰਦਰ ਪਾਲ, ਹਾਲ ਨਿਵਾਸੀ ਨਿਊ ਦੀਪ ਨਗਰ ਨੇ ਉਸ ਨੂੰ ਫ਼ੋਨ ਕਰ ਕੇ ਨਿਊ ਦੀਪ ਨਗਰ ਸਥਿਤ ਕਿਰਾਏ ਦੇ ਮਕਾਨ ’ਚ ਸੂਰਜ ਨਿਵਾਸੀ ਕੀਰਤੀ ਨਗਰ ਦਾ ਜਨਮਦਿਨ ਮਨਾਉਣ ਲਈ ਬੁਲਾਇਆ ਸੀ।
ਸਾਗਰ ਆਪਣੇ ਦੋਸਤ ਅਰਜੁਨ ਸਿੰਘ ਪੁੱਤਰ ਰਵੀ ਕੁਮਾਰ, ਨਿਵਾਸੀ ਮੋਹੱਲਾ ਰਵਿਦਾਸ ਨਗਰ ਨਾਲ ਉੱਥੇ ਪਹੁੰਚ ਗਿਆ। ਉੱਥੇ ਪਹਿਲਾਂ ਤੋਂ ਹੀ ਸੂਰਜ, ਦੀਪਕ ਸੈਣੀ ਪੁੱਤਰ ਪਿੰਟੂ ਰਾਮ, ਨਿਵਾਸੀ ਅਸਲਾਮਾਬਾਦ, ਇੰਦਰਪਾਲ, ਰੋਹਿਤ ਪੁੱਤਰ ਸਤਪਾਲ, ਨਿਵਾਸੀ ਰਵਿਦਾਸ ਨਗਰ ਅਤੇ 5-6 ਅਣਪਛਾਤੇ ਵਿਅਕਤੀ ਮੌਜੂਦ ਸਨ।
ਸ਼ਿਕਾਇਤਕਰਤਾ ਅਨੁਸਾਰ ਪਾਰਟੀ ਦੌਰਾਨ ਦੀਪਕ ਸੈਣੀ ਅਤੇ ਰੋਹਿਤ ਉਸ ਨਾਲ ਮਜ਼ਾਕ ਕਰਦੇ-ਕਰਦੇ ਬਹਿਸਣ ਲੱਗ ਪਏ ਅਤੇ ਹੱਥੋਪਾਈ ’ਤੇ ਉੱਤਰ ਆਏ। ਜਦੋਂ ਅਰਜੁਨ ਸਿੰਘ ਨੇ ਉਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇੰਦਰਪਾਲ ਨੇ ਆਪਣੇ ਡੱਬ ’ਚੋਂ ਪਿਸਤੌਲ ਕੱਢ ਕੇ ਸਾਗਰ ਦੇ ਮੱਥੇ ’ਤੇ ਲਗਾ ਦਿੱਤੀ ਅਤੇ ਧਮਕਾਉਣ ਲੱਗਾ। ਡਰ ਕੇ ਜਦੋਂ ਉਹ ਦੋਵੇਂ ਭੱਜਣ ਲੱਗੇ ਤਾਂ ਇੰਦਰਪਾਲ ਨੇ ਕਮਰੇ ’ਚ ਪਏ ਖ਼ੰਡੇ ਨਾਲ ਸਾਗਰ ਦੀ ਪਿੱਠ ’ਤੇ ਵਾਰ ਕਰ ਦਿੱਤਾ, ਜਦੋਂਕਿ ਦੀਪਕ ਸੈਣੀ ਅਤੇ ਸੂਰਜ ਨੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ।
ਪੀੜਤ ਨੌਜਵਾਨ ਹਥਿਆਰਬੰਦ ਹਮਲਾਵਰਾਂ ਤੋਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਮੌਕੇ ਤੋਂ ਭੱਜੇ, ਜਦੋਂਕਿ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਉਨ੍ਹਾਂ ਦੇ ਪਿੱਛੇ ਪਏ ਰਹੇ। ਘਟਨਾ ਤੋਂ ਬਾਅਦ ਪੀੜਤਾਂ ਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ। ਪੁਰਹੀਰਾਂ ਪੁਲਸ ਨੇ ਸਾਗਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
