ਪੰਜਾਬ ਦੀ ਰਾਜਨੀਤੀ ''ਚ ਵੱਡੇ ਧਮਾਕੇ ਦੇ ਆਸਾਰ, ਢੀਂਡਸਾ ਨੇ ਕੀਤੀ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ

03/06/2020 6:36:58 PM

ਪਟਿਆਲਾ (ਰਾਜੇਸ਼) : ਸੂਬੇ ਦੀ ਕੈਪਟਨ ਸਰਕਾਰ ਦੇ ਸਿਰਫ 2 ਸਾਲ ਬਾਕੀ ਹਨ। ਇਸ ਕਾਰਨ ਸਮੁੱਚੀਆਂ ਰਾਜਨੀਤਕ ਪਾਰਟੀਆਂ ਐਕਸ਼ਨ 'ਚ ਆ ਗਈਆਂ ਹਨ। ਅਕਾਲੀ ਦਲ ਨੇ ਵੱਡੀਆਂ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ 'ਚੋਂ ਬਗਾਵਤ ਕਰਨ ਵਾਲੇ ਰਾਜ ਸਭਾ ਐੱਮ. ਪੀ. ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਦੇ ਸ਼ਹਿਰ ਪਹੁੰਚ ਕੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਨਾਲ 'ਬੰਦ ਕਮਰਾ' ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਇਹ ਮੀਟਿੰਗ ਡੇਢ ਘੰਟਾ ਚੱਲੀ।

ਬਾਦਲਾਂ ਨੂੰ 'ਚਿੱਤ' ਕਰਨ 'ਤੇ ਕੀਤੀ ਚਰਚਾ
ਮੀਟਿੰਗ ਦੌਰਾਨ ਦੋਵਾਂ ਪੰਥਕ ਆਗੂਆਂ ਨੇ ਭਵਿੱਖ ਦੀ ਸਿਆਸੀ ਵਿਉਂਤਬੰਦੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਬਾਦਲਾਂ ਨੂੰ 'ਚਿੱਤ' ਕਰਨ 'ਤੇ ਚਰਚਾ ਕੀਤੀ। ਮੀਟਿੰਗ ਦਾ ਮੁੱਖ ਫੋਕਸ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਸਨ। ਦੋਵਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ। ਸੂਤਰਾਂ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਟਕਸਾਲੀ ਅਕਾਲੀ ਦਲ, ਬੈਂਸ ਭਰਾ ਅਤੇ ਕੁਝ ਹੋਰ ਪਾਰਟੀਆਂ ਨੂੰ ਇਕੱਠਾ ਕਰ ਕੇ ਗਠਜੋੜ ਬਣਾਉਣਾ ਚਾਹੁੰਦੇ ਹਨ ਤਾਂ ਜੋ ਪੰਜਾਬ 'ਚ ਕਾਂਗਰਸ ਅਤੇ ਬਾਦਲਾਂ ਖਿਲਾਫ ਇਕ ਲੋਕ ਲਹਿਰ ਖੜ੍ਹੀ ਕੀਤੀ ਜਾ ਸਕੇ।

ਬੀਤੀ 23 ਫਰਵਰੀ ਨੂੰ ਢੀਂਡਸਾ ਵੱਲੋਂ ਕੀਤੀ ਗਈ ਸੰਗਰੂਰ ਰੈਲੀ 'ਚ ਬੀਰਦਵਿੰਦਰ ਸਿੰਘ ਨੇ ਦੂਜੀ ਗੁਰਦੁਆਰਾ ਸੁਧਾਰ ਲਹਿਰ ਨੂੰ ਪ੍ਰਚੰਡ ਕਰਨ 'ਤੇ ਜ਼ੋਰ ਦਿੱਤਾ ਸੀ। ਇਸ ਅਧੀਨ ਹੀ ਪਟਿਆਲਾ ਮੀਟਿੰਗ 'ਚ ਚਰਚਾ ਹੋਈ। ਮੀਟਿੰਗ 'ਚ ਇਸ ਮੁੱਦੇ 'ਤੇ ਵਿਸ਼ੇਸ਼ ਚਰਚਾ ਹੋਈ ਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਿਹੜੇ ਵੱਡੇ ਆਗੂ ਢੀਂਡਸਾ ਗਰੁੱਪ ਅਤੇ ਟਕਸਾਲੀ ਅਕਾਲੀ ਦਲ ਨਾਲ ਆ ਸਕਦੇ ਹਨ? ਪਟਿਆਲਾ ਦੇ ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ ਵੀ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਖਿਲਾਫ ਲੜਾਈ ਲੜ ਰਹੇ ਹਨ। ਇਸ ਕਾਰਨ ਇਹ ਗਰੁੱਪ ਡਾ. ਗਾਂਧੀ ਨਾਲ ਵੀ ਗੱਲਬਾਤ ਕਰ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ 'ਚ ਪੰਥਕ ਮੁੱਦਿਆਂ 'ਤੇ ਕਾਫੀ ਚਰਚਾ ਹੋਈ। ਕਾਂਗਰਸ ਸਰਕਾਰ ਦੇ ਤਿੰਨ ਸਾਲ ਬੀਤਣ 'ਤੇ ਵੀ ਬਰਗਾੜੀ ਕਾਂਡ ਦੇ ਦੋਸ਼ੀਆਂ 'ਤੇ ਕਾਰਵਾਈ ਨਾ ਕਰਨ, ਬਾਦਲਾਂ ਅਤੇ ਕੈਪਟਨ ਦੇ ਅੰਦਰੂਨੀ ਗਠਜੋੜ ਨੂੰ ਉਜਾਗਰ ਕਰ ਕੇ ਲੋਕ ਲਹਿਰ ਖੜ੍ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੋਵੇਂ ਆਗੂ ਇਸ ਗੱਲ ਨਾਲ ਸਹਿਮਤ ਸਨ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਅਤੇ ਕਾਂਗਰਸ ਦੋਵਾਂ ਦੇ ਖਿਲਾਫ ਹਨ। ਇਸ ਸਿਆਸੀ ਵਾਤਾਵਰਣ ਦਾ ਲਾਭ ਲਿਆ ਜਾ ਸਕਦਾ ਹੈ। ਜ਼ਰੂਰਤ ਸਿਰਫ ਇਨ੍ਹਾਂ ਦੇ ਗਠਜੋੜ ਨੂੰ ਉਜਾਗਰ ਕਰਨ ਦੀ ਹੈ।

ਨਵਜੋਤ ਸਿੰਘ ਸਿੱਧੂ ਬਾਰੇ ਵੀ ਹੋਈ ਚਰਚਾ
ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਾਬਕਾ ਕ੍ਰਿਕਟਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਚਰਚਾ ਹੋਈ। ਪੰਜਾਬ ਦੇ ਹਿਤਾਂ ਲਈ ਦੋਵੇਂ ਆਗੂ ਸਿੱਧੂ ਨਾਲ ਵੀ ਗੱਲ ਕਰਨ ਲਈ ਤਿਆਰ ਹਨ। ਪੰਜਾਬ ਦੇ ਜਿਹੜੇ ਪ੍ਰਭਾਵਸ਼ਾਲੀ ਕਾਂਗਰਸੀ ਆਗੂਆਂ ਨੂੰ ਕਾਂਗਰਸ ਸਰਕਾਰ ਵੱਲੋਂ ਨੁਮਾਇੰਦਗੀ ਨਹੀਂ ਦਿੱਤੀ ਗਈ ਅਤੇ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ, ਉਨ੍ਹਾਂ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਗਿਆ। ਸੂਤਰਾਂ ਅਨੁਸਾਰ ਦੋਵੇਂ ਆਗੂਆਂ ਨੇ ਇਸ ਮੁੱਦੇ 'ਤੇ ਵੀ ਚਰਚਾ ਕੀਤੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਵੀ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਅਜਿਹੇ ਵਿਚ ਪੰਜਾਬ ਦੇ ਸਥਾਨਕ ਲੀਡਰ ਇਕ ਵੱਖਰਾ ਮੰਚ ਬਣਾ ਕੇ ਮੈਦਾਨ ਵਿਚ ਆਉਣ ਤਾਂ ਪੰਜਾਬ ਦਾ ਸਿਆਸੀ ਵਾਤਾਵਰਣ ਬਦਲ ਸਕਦਾ ਹੈ।


Anuradha

Content Editor

Related News