ਬਿਕਰਮ ਮਜੀਠੀਆ ਦਾ ਵੱਡਾ ਦਾਅਵਾ, ਕਿਹਾ-ਨਾਇਬ ਤਹਿਸੀਲਦਾਰਾਂ ਦੀ ਭਰਤੀ ’ਚ ਹੋਇਆ ਘਪਲਾ
Monday, Oct 10, 2022 - 05:25 PM (IST)
ਜਲੰਧਰ/ਅੰਮ੍ਰਿਤਸਰ (ਵੈੱਬ ਡੈਸਕ)—ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦਾ ਮਾਮਲਾ ਚੁੱਕਦੇ ਹੋਏ ਆਮ ਆਦਮੀ ਪਾਰਟੀ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਲਰਕ ਦੇ ਪੇਪਰ ’ਚ ਫੇਲ੍ਹ ਹੋਏ ਪੀ. ਪੀ. ਐੱਸ. ਸੀ. ਦੇ ਪੇਪਰ ’ਚੋਂ ਕਿਵੇਂ ਟੌਪਰ ਹੋ ਗਏ? ਸਵਾਲ ਚੁੱਕਦੇ ਹੋਏ ਉਨ੍ਹਾਂ ਕਿਹਾ ਕਿ ਇਹ ਪੇਪਰ ਕੋਈ ਸੌਖਾ ਪੇਪਰ ਨਹੀਂ ਹੁੰਦਾ।
ਟੌਪਰਾਂ ਦੀ ਲਿਸਟ ਵਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ 29-8-2021 ਨੂੰ ਕੋ-ਆਪਰੇਟਿਵ ਬੈਂਕ ’ਚ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਦੇ ਪੇਪਰ ’ਚ ਜਸਬੀਰ ਸਿੰਘ ਨਾਂ ਦੇ ਸ਼ਖ਼ਸ ਨੇ ਹਿੱਸਾ ਲਿਆ ਸੀ ਅਤੇ ਇਸ ਨੂੰ 21.75 ਫ਼ੀਸਦੀ ਨੰਬਰ ਮਿਲੇ ਸਨ, ਜੋਕਿ ਫੇਲ੍ਹ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਸੇ ਹੀ ਦਿਨ 29-8-2021 ਉਹੀ ਸ਼ਖ਼ਸ ਦੁਪਹਿਰ ਨੂੰ ਕੋ-ਆਪਰੇਟਿਵ ਮੈਨੇਜਰ ਦਾ ਪੇਪਰ ਦਿੰਦਾ ਹੈ ਅਤੇ ਤੀਜਾ ਰੈਂਕ ਹਾਸਲ ਕਰਦਾ ਹੈ। ਇਹ ਪੇਪਰ ਕਲਰਕ ਦੇ ਪੇਪਰ ਤੋਂ ਔਖਾ ਹੁੰਦਾ ਹੈ।
ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਫਿਰ ਜਸਬੀਰ ਸਿੰਘ ਕਰੀਬ ਇਕ ਮਹੀਨੇ ਬਾਅਦ 5-9-2021 ਨੂੰ ਪਟਵਾਰੀ ਦੇ ਪੇਪਰ ’ਚੋਂ ਫੇਲ੍ਹ ਹੁੰਦਾ ਹੈ। ਜਿਹੜਾ ਪਟਵਾਰੀ ਦੇ ਪੇਪਰ ’ਚੋਂ ਫੇਲ੍ਹ ਹੋ ਗਿਆ, ਉਹ ਮਹੀਨੇ ਮਗਰੋਂ ਹੋਏ ਨਾਇਬ ਤਹਿਸੀਲਦਾਰ ਦੇ ਪੇਪਰ ’ਚੋਂ ਕਿਵੇਂ ਪਾਸ ਹੋ ਗਿਆ ਅਤੇ ਪਹਿਲਾ ਰੈਂਕ ਹਾਸਲ ਕੀਤਾ। ਜਸਬੀਰ ਸਿੰਘ ਦੇ 300 ’ਚੋਂ 254 ਨੰਬਰ ਆਏ ਹਨ, ਜੋਕਿ 84.60 ਫ਼ੀਸਦੀ ਹਨ। ਉਨ੍ਹਾਂ ਵੱਡੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਾਰੇ ਹੀ ਟੌਪਰ ਤਹਿਸੀਲ ਮੂਨਕ ਤੇ ਪਾਤੜਾਂ ਤੋਂ ਹਨ। ਮੂਨਕ ਦਾ ਇਲਾਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ। ਉਨ੍ਹਾਂ ਕਿਹਾ ਕਿ ਟੌਪਰਾਂ ਨੂੰ ਨੰਬਰ ਵੀ ਬੜੇ ਹਿਸਾਬ ਨਾਲ ਗਿਣ ਕੇ ਦਿੱਤੇ ਹਨ। ਪੀ. ਪੀ. ਐੱਸ. ਸੀ. ਦੇ ਪੇਪਰ ’ਚ ਬਲਿਊਟੂਥ ਚੱਲਿਆ ਹੈ। ਮਜੀਠੀਆ ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੂੰ ਆਏ ਅਜੇ 6 ਮਹੀਨੇ ਹੋਏ ਹਨ, ਉਨ੍ਹਾਂ ਦਾ ਪਰਦਾਫਾਸ਼ ਅਸੀਂ ਨਹੀਂ ਸਗੋਂ ਇਹ ਨੌਜਵਾਨ ਕਰ ਰਹੇ ਹਨ, ਜਿਨ੍ਹਾਂ ਨੇ ਪੇਪਰ ਦਿੱਤੇ ਹਨ। ਉਥੇ ਹੀ ਭਰਤੀ ’ਚ ਹੋਏ ਘਪਲੇ ਨੂੰ ਲੈ ਕੇ ਇਸ ਮੌਕੇ ਮਜੀਠੀਆ ਨਾਲ ਪੁੱਜੇ ਵਿਦਿਆਰਥੀਆਂ ਵੱਲੋਂ ਸੀ. ਬੀ. ਆਈ. ਦੀ ਜਾਂਚ ਦੀ ਮੰਗ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ: ਕਾਰੋਬਾਰੀ ਟਿੰਕੂ ਕਤਲ ਕੇਸ 'ਚ ਬੰਬੀਹਾ ਗਰੁੱਪ ਦੇ ਸ਼ੂਟਰ ਹੈੱਪੀ ਭੁੱਲਰ ਨੇ ਖੋਲ੍ਹੀਆਂ ਹੈਰਾਨੀਜਨਕ ਪਰਤਾਂ