ਸਾਡੇ ਕੀਤੇ ਕੰਮਾਂ ''ਤੇ ਮੋਹਰ ਲਗਾਉਣਾ ਕਾਂਗਰਸ ਦੀ ਪੁਰਾਣੀ ਆਦਤ: ਮਜੀਠੀਆ

06/11/2018 6:48:45 PM

ਫਗਵਾੜਾ (ਜ. ਬ.)—  ਫਗਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੇਤਾ ਅਤੇ ਮਜੀਠਾ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਜਗੀਰ ਕੌਰ ਐਤਵਾਰ ਨੂੰ ਇਕ ਹੋਟਲ ਦੀ ਓਪਨਿੰਗ ਕਰਨ ਪੁੱਜੇ। ਇਸ ਦੌਰਾਨ ਫਗਵਾੜਾ ਪਹੁੰਚਣ 'ਤੇ ਵਿਧਾਇਕ ਸੋਮ ਪ੍ਰਕਾਸ਼ ਕੈਂਥ ਅਤੇ ਮੇਅਰ ਅਰੁਣ ਖੋਸਲਾ ਵੱਲੋਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਅਤੇ ਬੀਬੀ ਜਗੀਰ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਵਾਹਦ, ਸਰਵਣ ਸਿੰਘ ਕੁਲਾਰ, ਸਤਨਾਮ ਸਿੰਘ ਅਰਸ਼ੀ ਅਤੇ ਪਰਮਜੀਤ ਸਿੰਘ ਖੁਰਾਣਾ ਵੀ ਹਾਜ਼ਰ ਸਨ। ਹੋਟਲ ਦਾ ਉਦਘਾਟਨ ਕਰਨ ਉਪਰੰਤ ਵਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਅਤੇ ਖਾਸਕਰ ਫਗਵਾੜਾ ਦੇ ਭੱਖਦੇ ਮੁੱਦਿਆਂ 'ਤੇ ਗੱਲਬਾਤ ਕੀਤੀ। ਲੰਗਰ 'ਤੇ ਜੀ. ਐੱਸ. ਟੀ. ਮੁਆਫ ਕਰਨ ਦੇ ਮੁੱਦੇ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ ਇਕ ਮੋਦੀ ਸਰਕਾਰ ਨੇ ਹੀ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਲੰਗਰਾਂ 'ਤੇ ਜੀ. ਐੱਸ. ਟੀ. ਮੁਆਫ ਕਰਨ ਦੀਆਂ ਕਾਂਗਰਸ ਰਾਜ 'ਚ ਸਿਰਫ ਗੱਲਾਂ ਹੀ ਹੋ ਰਹੀਆਂ ਸਨ ਪਰ ਪਹਿਲੀ ਵਾਰੀ ਜੇ ਕਿਸੇ ਨੇ ਵੱਡਾ ਫੈਸਲਾ ਲਿਆ ਹੈ ਤਾਂ ਉਹ ਸਿਰਫ ਮੋਦੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਦੇ ਹਾਈ ਕਮਾਂਡ ਨੇ ਇਹ ਸਪੱਸ਼ਟ ਕੀਤਾ ਹੈ ਕਿ ਬੀ. ਜੇ. ਪੀ. ਅਤੇ ਅਕਾਲੀ ਦਲ ਦਾ ਨੂੰਹ ਮਾਸ ਦਾ ਰਿਸ਼ਤਾ ਹੈ, ਜੋ ਕਿ ਕਿਸੇ ਦੇ ਕਿਹਾ ਟੁੱਟਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕੀਤੇ ਕੰਮਾਂ 'ਤੇ ਮੋਹਰ ਲਗਾਉਣਾ ਕਾਂਗਰਸ ਦੀ ਪੁਰਾਣੀ ਆਦਤ ਹੈ। 
ਉਨ੍ਹਾਂ ਕਿਹਾ ਕਿ ਫਗਵਾੜਾ ਦਾ ਅੱਜਕਲ ਦਾ ਸਭ ਤੋਂ ਭੱਖਦਾ ਮੁੱਦਾ ਜੋ ਕਿ ਬੰਗਾ ਰੋਡ ਸਥਿਤ 10 ਕਰੋੜ ਦੀ ਲਾਗਤ ਨਾਲ ਬਣੀ ਮਲਟੀ ਸਟੋਰੀ ਕਾਰ ਪਾਰਕਿੰਗ ਹੈ, ਜੋ ਕੇ ਸਿਆਸੀ ਖੇਡ ਦੀ ਭੇਟ ਚੜ੍ਹੀ ਹੋਈ ਹੈ, ਨੂੰ ਲੋਕਾਂ ਲਈ ਖੋਲ੍ਹਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਜੇਕਰ ਨਵਜੋਤ ਸਿੰਘ ਸਿੱਧੂ 17 ਜੂਨ ਨੂੰ ਕਾਰ ਪਾਰਕਿੰਗ ਦਾ ਉਦਘਾਟਨ ਕਰਨ ਆ ਰਹੇ ਹਨ ਤਾਂ ਇਹ ਸਾਡੀ ਜਿੱਤ ਹੋਵੇਗੀ ਕਿਉਂਕਿ ਸਾਡੇ ਇਕ ਹੋਰ ਚੰਗੇ ਕੀਤੇ ਹੋਏ ਕੰਮ 'ਤੇ ਉਹ ਆਪਣੀ ਮੋਹਰ ਲਾ ਕੇ ਜਾਣਗੇ। ਜੋ ਉਹ ਪਿਛਲੇ ਡੇਢ ਸਾਲ ਤੋਂ ਉਹ ਕਰਦੇ ਆ ਰਹੇ ਹਨ, ਜਿਸ ਬਿਲਡਿੰਗ ਦਾ ਪਹਿਲਾਂ ਹੀ ਉਦਘਾਟਨ ਕੀਤਾ ਜਾ ਚੁੱਕਾ ਹੈ, ਉਸ ਦੇ ਦੁਬਾਰਾ ਉਦਘਾਟਨ ਕਰਨਾ ਇਹ ਸਿਰਫ ਹਾਸੋ ਹੀਣੀ ਗੱਲ ਹੈ। 
ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸਰਕਾਰ 'ਚ ਹਿੰਮਤ ਹੈ ਤਾਂ ਕੋਈ ਨਵਾਂ ਕੰਮ ਕਰ ਕੇ ਦਿਖਾਏ ਅਤੇ ਫਿਰ ਉਸ ਦਾ ਉਦਘਾਟਨ ਕਰੇ। ਇਸ ਮੌਕੇ ਅਕਾਲੀ ਨੇਤਾ ਪ੍ਰਿਤਪਾਲ ਸਿੰਘ, ਭਾਜਪਾ ਕੌਂਸਲਰ ਸਰਬਜੀਤ ਕੌਰ, ਰੀਟਾ, ਨਰੇਸ਼ ਭਾਰਦਵਾਜ, ਅਵਤਾਰ ਸਿੰਘ ਭੂੰਗਰਨੀ, ਸੰਜੇ ਗਰੋਵਰ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। 
ਸਾਡਾ ਮਕਸਦ ਜਨਤਾ ਦੀ ਸੇਵਾ ਕਰਨਾ, ਚਾਹੇ ਉਹ ਪਾਰਕਿੰਗ ਹੋਵੇ ਜਾਂ ਹੋਰ ਸਹੂਲਤਾਂ: ਕੈਂਥ 
ਵਿਧਾਇਕ ਸੋਮ ਪ੍ਰਕਾਸ਼ ਨੇ ਪਾਰਕਿੰਗ ਦੇ ਮੁੱਦੇ 'ਤੇ ਗੱਲਬਾਤ ਕਰਦਿਆਂ ਕਿਹਾ ਸਾਡਾ ਮਕਸਦ ਸਿਰਫ ਜਨਤਾ ਦੀ ਸੇਵਾ ਹੈ। ਅਸੀਂ ਪਾਰਕਿੰਗ ਅਤੇ ਆਡੀਟੋਰੀਅਮ ਬਣਾ ਦਿੱਤਾ ਉਦਘਾਟਨ ਵੀ ਕਰ ਦਿੱਤਾ ਹੁਣ ਚਾਹੇ ਕੋਈ ਆ ਕੇ ਖੋਲ੍ਹ ਜਾਏ ਪਰ ਸਾਡੀ ਫਗਵਾੜੇ ਦੀ ਜਨਤਾ ਖੁਸ਼ ਰਹੇ ਸਾਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ।  


Related News