ਨਗਰ ਨਿਗਮ ਚੋਣ ਸੁਖਬੀਰ ਤੇ ਮਜੀਠੀਆ ਵੱਲੋਂ ਇਕ ਹੀ ਵਾਰਡ ਦੇ ਪ੍ਰੋਗਰਾਮ ''ਚ ਹਿੱਸਾ ਲੈਣ ਨੂੰ ਲੈ ਕੇ ਛਿੜੀ ਚਰਚਾ

02/16/2018 6:04:41 AM

ਲੁਧਿਆਣਾ(ਹਿਤੇਸ਼)-24 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਪੂਰੇ ਜੋਬਨ 'ਤੇ ਹਨ, ਜਿਸ 'ਚ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਤੇ ਭਾਜਪਾ ਵੱਲੋਂ ਵੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਇਕ ਹੀ ਵਾਰਡ 'ਚ ਹੋਏ ਸਮਾਗਮ ਮੌਕੇ ਹਿੱਸਾ ਲੈਣ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਕਿ ਕਿਤੇ ਉਹ ਹਾਰ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਤਾਂ ਨਹੀਂ ਇਸ ਤਰ੍ਹਾਂ ਕਰ ਰਹੇ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਅਕਾਲੀ ਦਲ ਨੇ ਕਾਂਗਰਸ ਸਰਕਾਰ ਖਿਲਾਫ ਪੰਜਾਬ ਭਰ 'ਚ 'ਪੋਲ ਖੋਲ੍ਹ' ਰੈਲੀਆਂ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ, ਜਿਸ ਤਹਿਤ ਦਾਖਾ ਹਲਕਾ ਦੀ ਰੈਲੀ 14 ਫਰਵਰੀ ਨੂੰ ਰੱਖੀ ਗਈ ਜਿਸ 'ਚ ਚੀਫ ਗੈਸਟ ਵਜੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਸ਼ਾਮਲ ਹੋਏ ਜੋ ਰੈਲੀ ਲਈ ਜਾਂਦੇ ਸਮੇਂ ਜਾਂ ਵਾਪਸੀ ਦੌਰਾਨ ਲੁਧਿਆਣਾ ਤੋਂ ਹੋ ਕੇ ਗੁਜ਼ਰੇ। ਇਸ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸਨ ਕਿ ਇਸ ਦੌਰੇ ਦੌਰਾਨ ਸੁਖਬੀਰ ਬਾਦਲ ਤੇ ਮਜੀਠੀਆ ਦਾ ਲੁਧਿਆਣਾ 'ਚ ਰੁਕਣ ਦਾ ਪ੍ਰੋਗਰਾਮ ਬਣ ਸਕਦਾ ਹੈ, ਜਿਸ ਤਹਿਤ ਵਿਧਾਨ ਸਭਾ ਹਲਕਾ ਵਾਈਜ਼ ਰੈਲੀ ਕਰਨ ਤੋਂ ਇਲਾਵਾ ਵਰਕਰਾਂ ਨੂੰ ਮਿਲ ਕੇ ਨਗਰ ਨਿਗਮ ਚੋਣ ਨੂੰ ਲੈ ਕੇ ਹੌਸਲਾ ਅਫਜ਼ਾਈ ਕਰਨ ਨੂੰ ਪਹਿਲ ਦੇਣ ਦੀ ਚਰਚਾ ਸੁਣਨ ਨੂੰ ਮਿਲੀ ਸੀ। ਇੱਥੋਂ ਤੱਕ ਕਿ ਟਿਕਟ ਨਾ ਮਿਲਣ ਤੋਂ ਨਾਰਾਜ਼ ਆਗੂਆਂ ਤੋਂ ਇਲਾਵਾ ਗੁੱਟਬਾਜ਼ੀ ਦਾ ਸਾਹਮਣਾ ਕਰ ਰਹੇ ਉਮੀਦਵਾਰਾਂ ਨੇ ਵੀ ਸੁਖਬੀਰ ਤੇ ਮਜੀਠੀਆ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਤਾਂ ਕਿ ਉਨ੍ਹਾਂ ਰਾਹੀਂ ਅਸੰਤੁਸ਼ਟਾਂ ਨੂੰ ਮਨਾਇਆ ਜਾ ਸਕੇ ਪਰ ਇਹ ਸਾਰੀਆਂ ਤਿਆਰੀਆਂ ਉਸ ਸਮੇਂ ਧਰੀਆਂ ਰਹਿ ਗਈਆਂ ਜਦੋਂ ਸੁਖਬੀਰ ਬਾਦਲ ਤੇ ਮਜੀਠੀਆ ਦੇ ਮੁੱਲਾਂਪੁਰ ਜਾਂਦੇ ਜਾਂ ਵਾਪਸ ਆਉਂਦੇ ਸਮੇਂ ਸਿਰਫ ਇਕ ਵਾਰਡ 'ਚ ਹੋਏ ਸਮਾਗਮ ਲੁਧਿਆਣਾ ਰੁਕਣ ਦਾ ਪ੍ਰੋਗਰਾਮ ਹੀ ਰੱਖਿਆ ਗਿਆ, ਜਿਸ ਨੂੰ ਲੈ ਕੇ ਚਰਚਾ ਹੈ ਕਿ ਹਾਰ ਦੀ ਸੂਰਤ 'ਚ ਜ਼ਿੰਮੇਵਾਰੀ ਮਿਲਣ ਦੇ ਡਰੋਂ ਸ਼ਾਇਦ ਸੁਖਬੀਰ ਨੇ ਨਗਰ ਨਿਗਮ ਚੋਣ ਤੋਂ ਦੂਰੀ ਬਣਾ ਕੇ ਰੱਖਣ ਨੂੰ ਪਹਿਲ ਦਿੱਤੀ ਹੈ।
ਦਿੱਲੀ ਤੋਂ 'ਆਪ' ਦੇ ਆਗੂ ਵੀ ਨਹੀਂ ਆਉਣਗੇ ਲੁਧਿਆਣਾ
ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਆਗੂਆਂ ਦੇ ਦਰਸ਼ਨ ਨਹੀਂ ਹੋਏ। ਬਾਕੀ ਸ਼ਹਿਰਾਂ ਵਾਂਗ ਲੁਧਿਆਣਾ ਦੇ ਨਗਰ ਨਿਗਮ ਚੋਣਾਂ 'ਚ ਵੀ ਅਰਵਿੰਦ ਕੇਜਰੀਵਾਲ ਤਾਂ ਕੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਜ਼ਿਲਾ ਪ੍ਰਧਾਨ ਭੋਲਾ ਗਰੇਵਾਲ ਨੇ ਕਿਹਾ ਕਿ ਆਪ ਦੇ ਦਿੱਲੀ ਦੇ ਕਿਸੇ ਆਗੂ ਦਾ ਲੁਧਿਆਣਾ ਨਗਰ ਨਿਗਮ ਚੋਣਾਂ 'ਚ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਹਾਲਾਂਕਿ ਪੰਜਾਬ ਵਿਚ ਆਪ ਦੇ ਆਗੂਆਂ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਆਦਿ ਵੱਲੋਂ ਪ੍ਰਚਾਰ 'ਚ ਹਿੱਸਾ ਲਿਆ ਜਾਵੇਗਾ।
ਸ਼ਾਇਦ ਹੀ ਹੋਣ ਕੈਪਟਨ ਦੇ ਦਰਸ਼ਨ, ਜਾਖੜ ਤੇ ਮੰਤਰੀਆਂ ਦੇ ਆਉਣ ਦੀ ਸੰਭਾਵਨਾ
ਜੇਕਰ ਸਰਕਾਰ ਬਣਨ ਤੋਂ ਬਾਅਦ ਚੋਣਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ 'ਚ ਕੈਪਟਨ ਅਮਰਿੰਦਰ ਸਿੰਘ ਇਕ ਦਿਨ ਹੀ ਗਏ ਸਨ। ਜਦੋਂਕਿ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਤੋਂ ਇਲਾਵਾ ਪੰਜਾਬ 'ਚ ਬਾਕੀ ਜਗ੍ਹਾ ਹੋਈਆਂ ਨਗਰ ਨਿਗਮ ਚੋਣਾਂ 'ਚ ਉਨ੍ਹਾਂ ਨੇ ਕਿਸੇ ਜਗ੍ਹਾ ਦੌਰਾ ਨਹੀਂ ਕੀਤਾ। ਇਹੀ ਸੰਭਾਵਨਾ ਲੁਧਿਆਣਾ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੀ ਜਤਾਈ ਜਾ ਸਕਦੀ ਹੈ, ਜਿਸ ਨੂੰ ਲੈ ਕੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਸਟੇਟ ਜਾਂ ਸੈਂਟਰ ਦੇ ਕਿਸੇ ਲੀਡਰ ਦੇ ਆਉਣ ਦਾ ਪ੍ਰੋਗਰਾਮ ਅਜੇ ਨਹੀਂ ਮਿਲਿਆ। ਹਾਲਾਂਕਿ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਮੰਤਰੀਆਂ ਦੇ ਰੈਲੀਆਂ 'ਚ ਹਿੱਸਾ ਲੈਣ ਬਾਰੇ ਸ਼ਡਿਊਲ ਬਣਾਇਆ ਜਾ ਰਿਹਾ ਹੈ।


Related News