ਵਧੀਆ ਸੇਵਾਵਾਂ ਦੇਣ ਵਾਲੇ ਨੌਜਵਾਨਾਂ ਨੂੰ ਅੱਗੇ ਲਿਆ ਰਹੇ ਨੇ ਸੁਖਬੀਰ ਬਾਦਲ : ਮਜੀਠੀਆ

Wednesday, Jun 10, 2020 - 12:41 PM (IST)

ਨਾਭਾ (ਭੂਪਾ) : ਅਕਾਲੀ ਦਲ ਲਈ ਵਧੀਆ ਸੇਵਾਵਾਂ ਅਤੇ ਅਗਾਂਹ ਵਧੂ ਸੋਚ ਵਾਲੇ ਨੌਜਵਾਨਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਲਿਆ ਰਹੇ ਹਨ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਦੇ ਨਵੇਂ ਨਿਯੁਕਤ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਰੋਜੀ ਬਰਕੰਦੀ ਅਤੇ ਭੀਮ ਸਿੰਘ ਵੜੈਚ ਨਾਲ ਮੁਲਾਕਾਤ ਤੋਂ ਬਾਅਦ ਸਾਂਝੇ ਕਰਦਿਆਂ ਕਿਹਾ ਕਿ ਪਾਰਟੀ ਮੌਜੂਦਾ ਸਮੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਨਿਸ਼ਾਨੇ ’ਤੇ ਲੈ ਕੇ ਚੱਲ ਰਹੀ ਹੈ।

ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ’ਚ ਆਮ ਜਨਤਾ ਅਤੇ ਸੂਬੇ ਦੇ ਵਿਕਾਸ ਲਈ ਕੰਮ ਤਾਂ ਕੀ ਕਰਨਾ ਸੀ, ਸਗੋਂ ਅਕਾਲੀ ਦਲ ਸਮੇਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਅਤੇ ਸਬਸਿਡੀਆਂ ਨੂੰ ਵੀ ਬੰਦ ਕਰ ਦਿੱਤਾ ਹੈ। ਮੌਜੂਦਾ ਸਮੇਂ ਪੰਜਾਬ ਵਿੱਤੀ ਪੱਖੋਂ ਮਾੜੇ ਦੌਰ 'ਚੋਂ ਲੰਘ ਰਿਹਾ ਹੈ, ਖੇਤੀਬਾੜੀ ਅਤੇ ਉਦਯੋਗਿਕ ਇਕਾਈਆਂ ਠੱਪ ਹੋ ਗਈਆਂ ਹਨ, ਬੇਰੋਜ਼ਗਾਰੀ ਵੱਧ ਰਹੀ ਹੈ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਭੀਮ ਸਿੰਘ ਵੜੈਚ ਨੇ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੰਟੀ ਰੋਮਾਣਾ ਦੀ ਨਿਯੁਕਤੀ ਮੀਲ ਦਾ ਪੱਥਰ ਸਾਬਤ ਹੋਵੇਗੀ।

ਉਨ੍ਹਾਂ ਸੁਖਬੀਰ ਬਾਦਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੰਟੀ ਰੋਮਾਣਾ ਵਰਗੇ ਜੂਝਾਰੂ ਨੌਜਵਾਨਾਂ ਨੂੰ ਅੱਗੇ ਲਿਆ ਕੇ ਉਨ੍ਹਾਂ ਦੂਰ-ਅੰਦੇਸ਼ੀ ਸੋਚ ਦਾ ਸਬੂਤ ਦਿੱਤਾ ਹੈ, ਜਿਸ ਦਾ ਭਵਿੱਖ 'ਚ ਸ਼੍ਰੋਮਣੀ ਅਕਾਲੀ ਅਤੇ ਸੂਬੇ ਦੇ ਨੌਜਵਾਨਾਂ ਨੂੰ ਕਾਫੀ ਲਾਹਾ ਮਿਲੇਗਾ। ਇਸ ਮੌਕੇ ਸੀਨੀਅਰ ਯੂਥ ਆਗੂ ਰੌਬਿਨ ਬਰਾੜ, ਪ੍ਰਭਜੋਤ ਧਾਲੀਵਾਲ, ਗੁਰਪਾਲ ਮਾਨ, ਗੁਰਮਨ ਟਿਵਾਣਾ, ਸਿਮਰਨ ਚਨਾਰਥਲ ਅਤੇ ਸਿਮਰਨ ਢਿੱਲੋਂ ਨੇ ਵੀ ਬੰਟੀ ਰੋਮਾਣਾ ਦੀ ਨਿਯੁਕਤੀ ’ਤੇ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ।


Babita

Content Editor

Related News