ਸੁਖਬੀਰ ਦੀ ਤਾੜਨਾ, ਮਜੀਠੀਆ ਦੀ ਸਮਾਈਲ ਚਰਚਾ ''ਚ!

Saturday, Sep 14, 2019 - 02:39 PM (IST)

ਸੁਖਬੀਰ ਦੀ ਤਾੜਨਾ, ਮਜੀਠੀਆ ਦੀ ਸਮਾਈਲ ਚਰਚਾ ''ਚ!

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਲਵੇ ਦੇ ਪ੍ਰਸਿੱਧ ਮੇਲੇ 'ਚ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਪੁਲਸ ਨੂੰ ਸਖਤ ਲਫਜ਼ਾਂ 'ਚ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚੋਂ ਅਕਾਲੀ ਨੇਤਾਵਾਂ ਦੇ ਫੋਨ ਅਤੇ ਸੁਨੇਹੇ ਆ ਰਹੇ ਹਨ ਕਿ ਪੁਲਸ ਅਕਾਲੀਆਂ 'ਤੇ ਝੂਠੇ ਪਰਚੇ ਦਰਜ ਕਰ ਰਹੀ ਹੈ।

ਸ. ਬਾਦਲ ਨੇ ਸਟੇਜ ਤੋਂ ਤਾੜਨਾ ਕਰਦਿਆਂ ਕਿਹਾ ਕਿ ਅਕਾਲੀ ਨੇਤਾਵਾਂ 'ਤੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਸ ਅਧਿਕਾਰੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਫੌਰਨ ਡਿਸਮਿਸ ਹੋਣਗੇ ਅਤੇ ਉਸੇ ਥਾਣੇ 'ਚ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਲਈ ਪੁਲਸ ਹੁਣ ਅਕਾਲੀ ਵਰਕਰਾਂ ਨੂੰ ਤੰਗ ਕਰਨਾ ਬੰਦ ਕਰੇ। ਇਸ ਰੈਲੀ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਕੱਠ ਦੇਖ ਕੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਜੈਕਾਰੇ ਲਾਉਣਾ ਅਤੇ ਬਾਹਾਂ ਖੜ੍ਹੀਆਂ ਕਰਨਾ ਸਰਕਾਰ ਦੇ ਨਾ ਹੁੰਦਿਆਂ ਤੁਹਾਡੀ ਮਜਬੂਰੀ ਹੈ ਪਰ ਮੈਨੂੰ ਸਮਾਈਲ (ਮੁਸਕਰਾਉਣਾ) ਕਰ ਕੇ ਦਿਖਾਓ ਤਾਂ ਜੋ ਮੈਨੂੰ ਪਤਾ ਲਗ ਸਕੇ ਕਿ ਤੁਸੀਂ ਧੁਰ ਅੰਦਰੋਂ ਅਕਾਲੀ ਦਲ ਨਾਲ ਹੋ। ਇਸ ਇਕੱਠ 'ਚ ਸ. ਇਆਲੀ ਬਾਰੇ ਉਨ੍ਹਾਂ ਕਿਹਾ ਕਿ ਇਸ ਵੱਲੋਂ ਕੀਤੇ ਕੰਮ ਸਾਡੀ ਪਿਛਲੀ 10 ਸਾਲਾ ਸਰਕਾਰ 'ਚ ਮੀਲ ਪੱਥਰ ਹਨ ਕਿਉਂਕਿ ਇਸ ਨੌਜਵਾਨ ਵਿਧਾਇਕ ਵੱਲੋਂ ਬਣਾਈਆਂ ਪਾਰਕਾਂ ਨੂੰ ਦੇਖ ਕੇ 117 ਵਿਧਾਇਕ ਹੀ ਨਹੀਂ ਸਗੋਂ ਖੁਦ ਬਾਦਲ ਅਤੇ ਮੈਂ ਵੀ ਕਾਇਲ ਸਾਂ।

ਇਸ ਰੈਲੀ 'ਚ ਸੰਗਰੂਰ ਜ਼ਿਲੇ ਨਾਲ ਸਬੰਧਤ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਗੈਰਹਾਜ਼ਰ ਰਹੇ ਕਿਉਂਕਿ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਹਨ, ਜਦੋਂਕਿ ਪਿਛਲੇ ਸਾਰੇ ਮੇਲਿਆਂ 'ਚ ਉਹ ਰੈਲੀ ਦੇ ਮੋਢੀ ਹੁੰਦੇ ਸਨ। ਦੱਸਣਯੋਗ ਹੈ ਕਿ ਮੇਲਾ ਛਪਾਰ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਦੌਰਾਨ ਖੁੱਲ੍ਹ ਕੇ ਗੁਬਾਰ ਕੱਢਿਆ।


author

Anuradha

Content Editor

Related News