ਮਜੀਠੀਆ ਹੋ ਸਕਦੇ ਨੇ ''ਲੁਧਿਆਣਾ'' ਦੇ ਨਵੇਂ ਇੰਚਾਰਜ

06/01/2019 4:27:04 PM

ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ 'ਚ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੀ ਹਾਰ ਅਤੇ ਬੈਂਸ ਧੜੇ ਦਾ ਦੂਜੇ ਸਥਾਨ 'ਤੇ ਆਉਣਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਜ਼ਮ ਨਹੀਂ ਹੋ ਰਿਹਾ ਕਿਉਂਕਿ ਅਕਾਲੀ ਦਲ ਦੀ ਲੁਧਿਆਣਾ 'ਚ ਹਮੇਸ਼ਾ ਸਰਦਾਰੀ ਰਹੀ ਹੈ ਅਤੇ ਹੁਣ ਜੋ ਹਾਲਾਤ ਲੁਧਿਆਣਾ ਦੇ ਬਣੇ ਹੋਏ ਹਨ, ਉਨ੍ਹਾਂ ਨੂੰ ਦੇਖ ਕੇ ਅਕਾਲੀ ਦਲ ਲੁਧਿਆਣਾ ਬਾਰੇ ਸਖਤ ਫੈਸਲੇ ਲੈਣ ਦੀ ਤਿਆਰੀ 'ਚ ਦੱਸਿਆ ਜਾ ਰਿਹਾ ਹੈ।

ਭਰੋਸੇਯੋਗ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਬੈਂਸਾਂ ਦਾ ਦਬਦਬਾ ਢਿੱਲਾ ਕਰਨ ਲਈ ਅਕਾਲੀ ਦਲ ਹੁਣ ਡਾ. ਦਲਜੀਤ ਸਿੰਘ ਚੀਮਾ ਦੀ ਬਜਾਏ ਕਿਸੇ ਤੇਜ਼-ਤਰਾਰ ਨੌਜਵਾਨ ਨੂੰ ਲੁਧਿਆਣਾ ਦਾ ਇੰਚਾਰਜ ਬਣਾਉਣ ਬਾਰੇ ਸੋਚ ਰਿਹਾ ਹੈ। ਸੂਤਰਾਂ ਮੁਤਾਬਕ ਲੁਧਿਆਣੇ ਦੇ ਯੂਥ ਨੇਤਾਵਾਂ ਦੀ ਪਾਰਟੀ ਪ੍ਰਧਾਨ ਕੋਲ ਇਹ ਗੱਲ ਪੁੱਜੀ ਹੈ ਕਿ ਮਜੀਠੀਆ ਨੂੰ ਲੁਧਿਆਣੇ ਦਾ ਇੰਚਾਰਜ ਲਾਇਆ ਜਾਵੇ ਅਤੇ ਸਭ ਤੋਂ ਪਹਿਲਾਂ ਲੁਧਿਆਣੇ ਦੇ ਅਕਾਲੀਆਂ ਦੀ ਧੜੇਬੰਦੀ ਖਤਮ ਕਰ ਕੇ ਉਨ੍ਹਾਂ ਨੂੰ ਤਕਲੇ ਵਾਂਗ ਸਿੱਧਾ ਕਰ ਕੇ ਫਿਰ ਵਿਰੋਧੀਆਂ ਨਾਲ ਸਿਆਸੀ ਤੌਰ 'ਤੇ ਦਸਤ-ਪੰਜਾ ਲਿਆ ਜਾਵੇ ਤਾਂ ਜੋ 2022 'ਚ ਅਕਾਲੀ ਦਲ ਦੀ ਲੁਧਿਆਣੇ 'ਚ ਸਰਦਾਰੀ ਕਾਇਮ ਰਹਿ ਸਕੇ।


Babita

Content Editor

Related News