ਮਿੱਤਲ ਦੇ 59 ਸੀਟਾਂ ਵਾਲੇ ਬਿਆਨ ''ਤੇ ਮਜੀਠੀਆ ਦਾ ਮੋੜਵਾਂ ਜਵਾਬ

02/18/2020 6:49:14 PM

ਜਲੰਧਰ (ਬੁਲੰਦ) : ਜਲੰਧਰ ਵਿਚ ਇਕ ਨਿੱਜੀ ਪ੍ਰੋਗਰਾਮ ਵਿਚ ਪੁੱਜੇ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀ. ਏ. ਏ. ਬਾਰੇ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਹੀ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਵਿਚ ਸਾਰੇ ਭਾਈਚਾਰਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਅਜਿਹੇ ਹੋਰ ਦੇਸ਼ਾਂ ਵਿਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਹੋ ਰਹੇ ਹਨ, ਇਸ ਲਈ ਇਨ੍ਹਾਂ ਦੇਸ਼ਾਂ ਦੇ ਘੱਟ ਗਿਣਤੀਆਂ ਲਈ ਸੀ. ਏ. ਏ. ਵਿਚ ਨਾਗਰਿਕਤਾ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਕਈ ਥਾਵਾਂ 'ਤੇ ਮੁਸਲਮਾਨਾਂ 'ਤੇ ਵੀ ਅੱਤਿਆਚਾਰ ਹੁੰਦੇ ਹਨ, ਉਨ੍ਹਾਂ ਨੂੰ ਵੀ ਸੀ. ਏ. ਏ. ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਸੀ. ਏ. ਏ. 'ਤੇ ਭਾਜਪਾ ਦਾ ਕੀ ਸਟੈਂਡ ਹੈ, ਉਹ ਭਾਜਪਾ ਵਾਲੇ ਹੀ ਜਾਣਨ ਪਰ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਸੀ. ਏ. ਏ. ਵਿਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਸਹਿਮਤੀ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਸ ਬਾਰੇ ਸਟੈਂਡ ਇਕਤਰਫਾ ਹੈ।

PunjabKesari

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਭਾਜਪਾ ਦੇ ਵੱਡੇ ਭਰਾ ਦੇ ਰੋਲ ਬਾਰੇ ਦਿੱਤੇ ਗਏ ਭਾਜਪਾ ਨੇਤਾ ਮਦਨ ਮੋਹਨ ਮਿੱਤਲ ਦੇ ਬਿਆਨ ਬਾਰੇ ਮਜੀਠੀਆ ਨੇ ਕਿਹਾ ਕਿ ਮਿੱਤਲ ਨੇ ਜੋ ਵੀ ਕਿਹਾ, ਉਹ ਗਠਜੋੜ ਲਈ ਕੋਈ ਮਾਇਨੇ ਨਹੀਂ ਰੱਖਦਾ। ਪੰਜਾਬ ਵਿਚ ਜਾਂ ਕਿਤੇ ਵੀ ਅਕਾਲੀ-ਭਾਜਪਾ ਵਿਚਾਲੇ ਕਿਨ੍ਹਾਂ ਸ਼ਰਤਾਂ 'ਤੇ ਕਿਹੋ ਜਿਹਾ ਗਠਜੋੜ ਹੋਵੇਗਾ, ਬਾਰੇ ਫੈਸਲਾ ਦੋਵਾਂ ਪਾਰਟੀਆਂ ਦੀ ਹਾਈ ਕਮਾਨ ਨੇ ਲੈਣਾ ਹੈ ਨਾ ਕਿ ਮਿੱਤਲ ਜਾਂ ਕਿਸੇ ਹੋਰ ਨੇ।

ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਸੀ. ਏ. ਏ. ਮਾਮਲੇ ਵਿਚ ਹਰਸਿਮਰਤ ਬਾਦਲ ਦਾ ਅਸਤੀਫਾ ਮੰਗਣਾ ਸਿਰਫ ਸਿਆਸੀ ਦਾਅ-ਪੇਚ ਹੈ ਅਤੇ ਹੋਰ ਕੁਝ ਨਹੀਂ। ਕਾਂਗਰਸ ਨੇ ਹਮੇਸ਼ਾ ਸਿੱਖਾਂ ਤੇ ਘੱਟ ਗਿਣਤੀਆਂ 'ਤੇ ਅੱਤਿਆਚਾਰ ਕੀਤੇ ਹਨ। ਜਿਨ੍ਹਾਂ ਨੇ ਸਿੱਖ ਵਿਰੋਧੀ ਕਤਲੇਆਮ ਕੀਤਾ, ਉਨ੍ਹਾਂ ਨੂੰ ਮੰਤਰੀਆਂ ਦੇ ਅਹੁਦੇ ਸੌਂਪੇ ਹਨ। ਅਜਿਹੇ ਵਿਚ ਕਾਂਗਰਸ ਵਲੋਂ ਸੀ. ਏ. ਏ. ਦੇ ਨਾਂ 'ਤੇ ਕਿਸੇ ਦੇ ਅਸਤੀਫੇ ਦੀ ਮੰਗ ਕਰਨਾ ਸਿਰਫ ਮਾੜੀ ਸਿਆਸਤ ਹੈ, ਹੋਰ ਕੁਝ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਸੀ. ਏ. ਏ. ਵਿਚ ਮੁਸਲਮਾਨਾਂ ਨੂੰ ਸ਼ਾਮਲ ਕਰਦੀ ਹੈ ਜਾਂ ਨਹੀਂ, ਇਹ ਉਸ ਦਾ ਆਪਣਾ ਫੈਸਲਾ ਹੈ।


Gurminder Singh

Content Editor

Related News