ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਮਜੀਠੀਆ, ਰੇਕੀ ਕਰਨ ਘਰ ਤੱਕ ਪਹੁੰਚੇ ਗੁਰਗੇ
Saturday, Dec 11, 2021 - 06:49 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੇ ਖੁਫ਼ੀਆ ਵਿੰਗ ਵਲੋਂ ਦਿੱਤੇ ਗਏ ਇਕ ਇਨਪੁਟ ਦੇ ਆਧਾਰ ’ਤੇ ਪੰਜਾਬ ਪੁਲਸ ਦਾ ਅੰਦਰੂਨੀ ਸੁਰੱਖਿਆ ਵਿਭਾਗ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਲਗਾਤਾਰ ਮੁਸ਼ਕਿਲ ਵਿਚ ਹੈ। ਇਨਪੁਟ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ’ਤੇ ਖਾਲਿਸਤਾਨ ਟਾਈਗਰਜ਼ ਫੋਰਸ ਦੇ ਕੈਨੇਡਾ ਬੈਠੇ ਚੀਫ ਹਰਜੀਤ ਸਿੰਘ ਨਿੱਜਰ ਦੇ ਕਹਿਣ ’ਤੇ ਰੇਕੀ ਕੀਤੀ ਗਈ ਹੈ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਪੰਜਾਬ ਪੁਲਸ ਨੇ ਕੇ. ਟੀ. ਐੱਫ. ਨਾਲ ਜੁੜੇ ਲੋਕਾਂ ਨੂੰ ਅਕਤੂਬਰ ਮਹੀਨੇ ਵਿਚ ਤਰਨਤਾਰਨ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਖਾਸ ਗੱਲ ਇਹ ਹੈ ਕਿ ਉਕਤ ਫੜੇ ਗਏ ਮੁਲਜ਼ਮਾਂ ਤੋਂ ਟਿਫਿਨ ਬੰਬ ਅਤੇ ਗ੍ਰਨੇਡ ਵੀ ਬਰਾਮਦ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਨਵਾਂ ਧਮਾਕਾ, ਮੁੱਖ ਮੰਤਰੀ ਚੰਨੀ ਦੇ ਸਾਹਮਣੇ ਭਿੜੇ ਸੁਖਜਿੰਦਰ ਰੰਧਾਵਾ ਤੇ ਰਾਣਾ ਗੁਰਜੀਤ
ਇੰਟੈਲੀਜੈਂਸ ਵਲੋਂ ਪੁਲਸ ਹੈੱਡਕੁਆਰਟਰ ਅਤੇ ਸਕਿਓਰਿਟੀ ਵਿੰਗ ਨੂੰ ਭੇਜੇ ਗਏ ਪੱਤਰ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ ਕਿ ਇਸ ਸਾਲ ਸਤੰਬਰ ਮਹੀਨੇ ਦੇ ਆਖਰੀ ਹਫਤੇ ਵਿਚ ਤਰਨਤਾਰਨ ਇਲਾਕੇ ਵਿਚ ਫੜੇ ਗਏ ਖਾਲਿਸਤਾਨ ਟਾਈਗਰਜ਼ ਫੋਰਸ ਨਾਲ ਜੁੜੇ 3 ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਵਲੋਂ ਹੀ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠਿਆ ਦੇ ਘਰ ਦੀ ਰੇਕੀ ਕੀਤੀ ਗਈ ਸੀ। ਮਜੀਠੀਆ ਦੀਆਂ ਗਤੀਵਿਧੀਆਂ ਅਤੇ ਆਉਣ-ਜਾਣ ਦੇ ਸਮੇਂ ਦਾ ਪਤਾ ਲਗਾਉਣ ਲਈ ਉਕਤ ਮੁਲਜ਼ਮਾਂ ਵਿਚੋਂ 2 ਨੇ ਮਜੀਠੀਆ ਦੇ ਪੀ. ਏ. ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਾਉਣ ਨੂੰ ਕਿਹਾ ਸੀ। ਮੁਲਾਕਾਤ ਲਈ ਉਨ੍ਹਾਂ ਨੇ ਬਰਗਾੜੀ ਮਾਮਲੇ ਵਿਚ ਅਹਿਮ ਜਾਣਕਾਰੀ ਦੇਣ ਦਾ ਬਹਾਨਾ ਵੀ ਲਗਾਇਆ ਸੀ ਪਰ ਉਨ੍ਹਾਂ ਦੀ ਉੱਥੇ ਗੱਲ ਨਹੀਂ ਬਣ ਸਕੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਫਰਮਾਨ : ਮੁੱਖ ਮੰਤਰੀ ਖ਼ਿਲਾਫ਼ ਜਿੱਥੇ ਹੋਵੇ ਪ੍ਰਦਰਸ਼ਨ, ਉੱਥੇ ਲਾ ਦਿਓ ਡੀ. ਜੇ !
ਇੰਟੈਲੀਜੈਂਸ ਵਿੰਗ ਦੀ ਸੂਚਨਾ ਮੁਤਾਬਕ ਰੇਕੀ ਤੋਂ ਬਾਅਦ ਉਕਤ ਮੁਲਜ਼ਮਾਂ ਵਲੋਂ ਬਦਲਵੀਂ ਵਿਵਸਥਾ ’ਤੇ ਵੀ ਕੰਮ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਕੋਲੋਂ ਟਿਫਿਨ ਬੰਬ, ਹੈਂਡ ਗ੍ਰਨੇਡ ਅਤੇ 9 ਐੱਮ. ਐੱਮ. ਦਾ ਪਿਸਟਲ ਵੀ ਬਰਾਮਦ ਕੀਤਾ ਗਿਆ ਸੀ। ਪੁੱਛਗਿਛ ਵਿਚ ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੈਨੇਡਾ ਵਿਚ ਬੈਠੇ ਅਰਸ਼ਦੀਪ ਡੱਲਾ ਤੋਂ ਨਿਰਦੇਸ਼ ਮਿਲਦੇ ਸਨ। ਅਰਸ਼ਦੀਪ ਡੱਲਾ ਅਸਲ ਵਿਚ ਖਾਲਿਸਤਾਨ ਟਾਈਗਰਜ਼ ਫੋਰਸ ਚੀਫ ਹਰਜੀਤ ਸਿੰਘ ਨਿੱਜਰ ਦਾ ਬਹੁਤ ਹੀ ਕਰੀਬੀ ਹੈ ਅਤੇ ਪੁਲਸ ਦੀ ਸੂਚਨਾ ਮੁਤਾਬਕ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਅਤੇ ਭਰਤੀ ਕਰਨ ਲਈ ਅਰਸ਼ਦੀਪ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ।
ਇਹ ਵੀ ਪੜ੍ਹੋ : ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ, ਦਿੱਤਾ ਵੱਡਾ ਬਿਆਨ
ਜਾਣਕਾਰੀ ਮੁਤਾਬਕ ਇਸ ਗੰਭੀਰ ਮਾਮਲੇ ’ਤੇ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਈ ਇੰਟੈਲੀਜੈਂਸ ਵਿੰਗ ਅਤੇ ਸਕਿਓਰਿਟੀ ਅਤੇ ਅੰਦਰੂਨੀ ਸੁਰੱਖਿਆ ਵਿਭਾਗ ਦੀ ਪੱਤਰਬਾਜ਼ੀ ਲਗਾਤਾਰ ਜਾਰੀ ਹੈ ਅਤੇ ਪ੍ਰਮੁੱਖ ਰਾਜਨੀਤਕ ਵਿਅਕਤੀ ਨਾਲ ਜੁੜਿਆ ਹੋਇਆ ਮਾਮਲਾ ਹੋਣ ਕਾਰਣ ਇਸ ਸਬੰਧ ਵਿਚ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੱਕ ਵੀ ਇਸ ਦੀ ਰਿਪੋਰਟ ਭੇਜੀ ਜਾ ਚੁੱਕੀ ਹੈ। ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਸੀ ਪਰ ਖੇਤੀ ਕਾਨੂੰਨਾਂ ਕਾਰਣ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਸੁਰੱਖਿਆ ਘੇਰਾ ਹਟਾ ਲਿਆ ਗਿਆ ਸੀ।
ਇਹ ਵੀ ਪੜ੍ਹੋ : ਬਠਿੰਡਾ ’ਚ ਲਾਵਾਰਸ ਅਟੈਚੀ ਮਿਲਣ ਨਾਲ ਫੈਲੀ ਸਨਸਨੀ, ਪੁਲਸ ਫੋਰਸ ਤਾਇਨਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?