ਮਜੀਠੀਆ ਹੀ ਨਸ਼ੇ ਦਾ ਸੌਦਾਗਰ, ਕੇਜਰੀਵਾਲ ਨੇ ਮੁਆਫੀ ''ਤੇ ਸਥਿਤੀ ਸਾਫ ਨਾ ਕੀਤੀ ਤਾਂ ਵਾਪਸ ਨਹੀਂ ਲਵਾਂਗਾ ਅਸਤੀਫਾ: ਮਾਨ

Monday, Aug 20, 2018 - 11:55 AM (IST)

ਮਜੀਠੀਆ ਹੀ ਨਸ਼ੇ ਦਾ ਸੌਦਾਗਰ, ਕੇਜਰੀਵਾਲ ਨੇ ਮੁਆਫੀ ''ਤੇ ਸਥਿਤੀ ਸਾਫ ਨਾ ਕੀਤੀ ਤਾਂ ਵਾਪਸ ਨਹੀਂ ਲਵਾਂਗਾ ਅਸਤੀਫਾ: ਮਾਨ

ਸੰਗਰੂਰ— ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਪਿੱਛੇ ਬਿਕਰਮ ਸਿੰਘ ਮਜੀਠੀਆ ਦਾ ਹੱਥ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਤੋਂ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ।
ਸ: ਚੋਣਾਂ ਦੌਰਾਨ ਤੁਸੀਂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਿਕਲੀਆਂ ਪਾ ਰਹੇ ਸੀ ਪਰ ਕੀ ਅਰਵਿੰਦ ਕੇਜਰੀਵਾਲ ਦੀ ਮੁਆਫੀ ਨੇ ਤੁਹਾਨੂੰ ਸ਼ਰਮਸਾਰ ਕੀਤਾ ਹੈ?
ਜ:
ਮੈਨੂੰ ਜਿਵੇਂ ਹੀ ਅਰਵਿੰਦ ਕੇਜਰੀਵਾਲ ਵਲੋਂ ਮੁਆਫੀ ਮੰਗਣ ਦੀ ਖਬਰ ਮਿਲੀ ਤਾਂ ਮੈਂ ਉਸ ਸਮੇਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੇਰੀ ਅੱਜ ਵੀ ਉਨ੍ਹਾਂ ਨਾਲ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਇਸ ਮਾਮਲੇ 'ਚ ਸਾਡੇ ਨਾਲ ਗੱਲ ਕਿਉਂ ਨਹੀਂ ਕੀਤੀ ਗਈ। ਮੈਂ ਹੁਣ ਵੀ ਕੇਜਰੀਵਾਲ ਤੋਂ ਇਸ ਮਾਮਲੇ 'ਚ ਗੱਲ ਕਰਕੇ ਜਵਾਬ ਮੰਗਾਂਗਾ ਪਰ ਮੈਂ ਅੱਜ ਵੀ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਪਿੱਛੇ ਬਿਕਰਮ ਸਿੰਘ ਮਜੀਠੀਆ ਦਾ ਹੱਥ ਹੈ। ਅਰਵਿੰਦ ਕੇਜਰੀਵਾਲ ਨੂੰ ਆਪਣੇ ਰੁਝੇਵਿਆਂ ਕਾਰਨ ਮੁਆਫੀ ਮੰਗਣੀ ਪਈ ਹੈ।
ਸ: ਤੁਹਾਡੇ ਕੋਲ ਪੁਖਤਾ ਸਬੂਤ ਸਨ ਤਾਂ ਤੁਸੀਂ ਪਿੱਛੇ ਕਿਉਂ ਹਟ ਗਏ?
ਜ:
ਉਸ ਬਾਰੇ ਅਰਵਿੰਦ ਕੇਜਰੀਵਾਲ ਹੀ ਦੱਸ ਸਕਦੇ ਹਨ। ਮੈਂ ਕਹਿ ਰਿਹਾ ਹਾਂ ਕਿ ਮੈਂ ਉਨ੍ਹਾਂ ਨਾਲ ਗੱਲ ਕਰਾਂਗਾ ਅਤੇ ਇਸ ਮਾਮਲੇ 'ਚ ਉਨ੍ਹਾਂ ਦਾ ਸਪੱਸ਼ਟੀਕਰਨ ਮਿਲਣ ਤਕ ਆਪਣੇ ਅਸਤੀਫੇ 'ਤੇ ਡਟਿਆ ਰਹਾਂਗਾ।
ਸ: ਇਸ ਦਾ ਮਤਲਬ ਹੈ ਕਿ ਤੁਸੀਂ ਮਜੀਠੀਆ ਦੀ ਝੂਠੀ ਬਦਨਾਮੀ ਕੀਤੀ?
ਜ:
ਨਹੀਂ, ਬਿਲਕੁਲ ਨਹੀਂ, ਮੈਂ ਅੱਜ ਵੀ ਕਹਿ ਰਿਹਾ ਹਾਂ ਕਿ ਨਸ਼ਾ ਸਮੱਗਲਿੰਗ 'ਚ ਸਭ ਤੋਂ ਵੱਡਾ ਨਾਂ ਬਿਕਰਮ ਮਜੀਠੀਆ ਦਾ ਹੈ ਅਤੇ ਉਹੀ ਨਸ਼ੇ ਦਾ ਸੌਦਾਗਰ ਹੈ। ਉਹ ਮੇਰੇ 'ਤੇ ਮਾਣਹਾਨੀ ਦਾ ਕੇਸ ਕਰੇ।
ਸ: ਕੇਜਰੀਵਾਲ ਨੇ ਜਿਨ੍ਹਾਂ ਨੌਜਵਾਨਾਂ ਦੇ ਹੱਥ 'ਚ ਪੋਸਟਰ ਫੜਾ ਕੇ ਮਜੀਠੀਆ ਖਿਲਾਫ ਪ੍ਰਚਾਰ ਕਰਵਾਇਆ, ਉਨ੍ਹਾਂ ਤੋਂ ਵੀ ਕੇਜਰੀਵਾਲ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ?
ਜ:
ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਕੇਜਰੀਵਾਲ ਦੀ ਮੁਆਫੀ ਦੀ ਤਾਂ ਨਿੰਦਾ ਹੋ ਰਹੀ ਹੈ ਪਰ ਕੈਪਟਨ ਦੇ ਹੱਥ ਕਿਉਂ ਬੰਨ੍ਹੇ ਹਨ, ਉਹ ਮਜੀਠੀਆ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ?


Related News