ਮਜੀਠੀਆ ਦਾ ਖੁਲਾਸਾ, ਜੱਗੂ ਭਗਵਾਨਪੁਰੀਆ ਗੈਂਗ ਵਲੋਂ ਮਿਲ ਰਹੀਆਂ ਧਮਕੀਆਂ
Tuesday, Nov 26, 2019 - 07:01 PM (IST)

ਚੰਡੀਗੜ੍ਹ : ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਮੌਜੂਦਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਗੈਂਗਸਟਰਾਂ ਨਾਲ ਸੰਬੰਧਾਂ ਨੂੰ ਲੈ ਕੇ ਮਜੀਠੀਆ ਨੇ ਫਿਰ ਰੰਧਾਵਾ 'ਤੇ ਵੱਡਾ ਹਮਲਾ ਬੋਲਦਿਆਂ ਉੱਚ ਪੱਧਰੀ ਦੀ ਜਾਂਚ ਦੀ ਮੰਗ ਕੀਤੀ ਹੈ। ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਆਖਿਆ ਕਿ ਜਲਦ ਤੋਂ ਜਲਦ ਸੁੱਖੀ ਰੰਧਾਵਾ ਅਤੇ ਉਨ੍ਹਾਂ ਦੇ ਪੀ. ਏ. ਦੇ ਫੋਨ ਰਿਕਾਰਡ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਜੇਕਰ ਇਸ ਵਿਚ ਦੇਰੀ ਹੋਈ ਤਾਂ ਕੁਝ ਵੀ ਹੱਥ ਨਹੀਂ ਲੱਗੇਗਾ। ਇਸ ਦੇ ਨਾਲ ਇਕ ਵਾਰ ਫਿਰ ਮਜੀਠੀਆ ਨੇ ਰੰਧਾਵਾ ਨੂੰ ਜਾਂਚ ਕਰਵਾਉਣ ਦੀ ਚੁਣੌਤੀ ਦਿੱਤੀ ਹੈ।
ਮਜੀਠੀਆ ਨੇ ਪੰਜਾਬ ਦੇ ਡੀ. ਜੀ. ਪੀ. ਕੋਲ ਪਹੁੰਚ ਕਰਦਿਆਂ ਜੱਗੂ ਭਗਵਾਨਪੁਰੀਆ ਤੇ ਸੁਖਜਿੰਦਰ ਰੰਧਾਵਾ ਦੇ ਸਬੰਧਾਂ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਮੰਗਲਵਾਰ ਨੂੰ ਅਕਾਲੀ ਦਲ ਦਾ ਇਕ ਵਫਦ ਵਲੋਂ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਡੀਜੀਪੀ ਨਾਲ ਮੁਲਾਕਾਤ ਕੀਤੀ ਗਈ। ਡੀ. ਜੀ. ਪੀ. ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਜੀਠੀਆ ਨੇ ਕਿਹਾ ਕਿ ਦਲਬੀਰ ਸਿੰਘ ਢਿੱਲਵਾਂ ਕਤਲ ਮਾਮਲੇ ਦੇ ਸਾਜ਼ਿਸ਼ਕਰਤਾ ਦਾ ਪਰਦਾਫਾਸ਼ ਕੀਤਾ ਜਾਵੇ। ਮਜੀਠੀਆ ਨੇ ਕਿਹਾ ਕਿ ਜਦੋਂ ਰੰਧਾਵਾ ਤੇ ਜੱਗੂ ਭਗਵਾਨਪੁਰੀਏ ਦਾ ਗੱਠਜੋੜ ਉਜਾਗਰ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਕਿਹਾ ਕਿ ਗੈਂਗਸਟਰ ਜੱਗੂ ਜੇਲ ਵਿਚ ਬੈਠ ਕੇ ਹਰ ਤਰ੍ਹਾਂ ਦਾ ਨੈਕਸਸ ਚਲਾ ਰਿਹਾ ਹੈ ਅਤੇ ਜੇਲ ਮੰਤਰੀ ਵੱਲੋਂ ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।