ਬਿਕਰਮ ਮਜੀਠੀਆ ਨਹੀਂ ਹੋਏ ‘ਸਿਟ’ ਅੱਗੇ ਪੇਸ਼, ਹੁਣ ਇਸ ਤਾਰੀਖ਼ ਨੂੰ ਮੁੜ ਪੇਸ਼ ਹੋਣ ਦੇ ਹੁਕਮ
Thursday, Dec 28, 2023 - 02:14 PM (IST)
ਪਟਿਆਲਾ (ਬਲਜਿੰਦਰ) : ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੀਤੇ ਦਿਨੀਂ ਨਸ਼ਿਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਅੱਗੇ ਪੇਸ਼ ਨਹੀਂ ਹੋਏ। ਮਜੀਠੀਆ ਨੇ ਏ. ਡੀ. ਜੀ. ਪੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਵਾਲੀ ਟੀਮ ਅੱਗੇ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ। ਦੂਜੇ ਪਾਸੇ ਐੱਸ. ਆਈ. ਟੀ. ਵੱਲੋਂ ਬਿਕਰਮ ਮਜੀਠੀਆ ਨੂੰ 30 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ’ਚ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪਿਛਲੀ ਪੇਸ਼ੀ ਵੇਲੇ ਮਜੀਠੀਆ ਨੇ ਐੱਸ. ਆਈ. ਟੀ. ਨੂੰ ਆਖਿਆ ਸੀ ਕਿ ਸ਼ਹੀਦੀ ਸਪਤਾਹ ਦੌਰਾਨ ਅਗਲੀ ਤਰੀਕ ਨਾ ਰੱਖੀ ਜਾਵੇ ਅਤੇ ਇਹ ਗੱਲ ਆਨ ਕੈਮਰਾ ਕਹੀ ਸੀ। ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਂਗਰਸ ਸਰਕਾਰ ਦੇ ਸਮੇਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਮੋਹਾਲੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਵੀ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹ 5 ਮਹੀਨੇ ਕੇਂਦਰੀ ਜੇਲ ਪਟਿਆਲਾ ’ਚ ਰਹੇ ਅਤੇ ਉਸ ਇਸ ਕੇਸ ’ਚ ਜ਼ਮਾਨਤ ’ਤੇ ਹਨ।
ਇਹ ਵੀ ਪੜ੍ਹੋ : ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ ਮਾਪਿਆਂ ਲਈ ਅਹਿਮ ਖ਼ਬਰ, ਜਲੰਧਰ ਦੇ ਡੀ. ਸੀ. ਨੇ ਕੀਤੀ ਇਹ ਅਪੀਲ
ਦੱਸਣਯੋਗ ਹੈ ਕਿ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਮੁੜ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਸੰਮੰਨ ਭੇਜੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਇਸ ਦੇ ਪਹਿਲਾਂ 18 ਦਸੰਬਰ ਨੂੰ ਐੱਸ. ਆਈ. ਟੀ. ਅੱਗੇ ਪੇਸ਼ ਹੋਏ ਸਨ। ਉਨ੍ਹਾਂ ਦੱਸਿਆ ਕਿ ਐੱਸ. ਆਈ. ਟੀ. ਨੇ ਮਜੀਠੀਆ ਨੂੰ ਕੁਝ ਲਿਖਤੀ ਸਵਾਲ ਦਿੱਤੇ ਹਨ, ਜਿਨ੍ਹਾਂ ਦਾ ਆਉਂਦੇ ਸਮੇਂ ਵਿਚ ਲਿਖ਼ਤੀ ਜਵਾਬ ਦੇ ਦਿੱਤਾ ਜਾਵੇਗਾ ਪਰ ਅਫ਼ਸੋਸ ਪ੍ਰਗਟਾਇਆ ਕਿ ਸ਼ਹੀਦੀ ਦਿਹਾੜਿਆਂ ਦੌਰਾਨ ਵੀ 'ਆਪ' ਸਰਕਾਰ ਰਾਜਨੀਤੀ ਕਰਨ ਤੋਂ ਟੱਲ ਨਹੀਂ ਰਹੀ।
ਇਹ ਵੀ ਪੜ੍ਹੋ : ਸੰਘਣੀ ਧੁੰਦ ਦੀ ਚਿਤਾਵਨੀ ਵਿਚਾਲੇ ਪੰਜਾਬ ’ਚ ਅਲਰਟ ਜਾਰੀ, ਅਗਲੇ ਦਿਨਾਂ ’ਚ ਰੰਗ ਵਿਖਾਏਗੀ ਧੁੰਦ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8