ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਵਾਪਰੀ ਅਜਨਾਲਾ ਘਟਨਾ : ਬਿਕਰਮ ਮਜੀਠੀਆ

Friday, Feb 24, 2023 - 06:00 PM (IST)

ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਵਾਪਰੀ ਅਜਨਾਲਾ ਘਟਨਾ : ਬਿਕਰਮ ਮਜੀਠੀਆ

ਅੰਮ੍ਰਿਤਸਰ : ਬੀਤੇ ਦਿਨੀਂ ਅਜਨਾਲਾ ਥਾਣੇ ’ਤੇ ਵਾਪਰੀ ਘਟਨਾ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਸਾਜ਼ਿਸ਼ ਕਰਾਰ ਦਿੱਤਾ ਹੈ, ਉਥੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ’ਤੇ ਵੀ ਵੱਡਾ ਹਮਲਾ ਬੋਲਿਆਹੈ। ਮਜੀਠੀਆ ਨੇ ਕਿਹਾ ਕਿ ਹਿੰਦੁਸਤਾਨ-ਪਾਕਿਸਤਾਨ ਬਾਰਡਰ ਦੇ ਨੇੜੇ ਇਕ ਥਾਣੇ ’ਤੇ ਧਾਵਾ ਬੋਲਣਾ ਅਤੇ ਫਿਰ ਕਬਜ਼ਾ ਕਰਨਾ ਲੈਣਾ ਚਿੰਤਾਜਨਕ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਹਾਲਾਤ ਬਣ ਰਹੇ ਹਨ, ਇਸ ਨਾਲ ਇੰਡਸਟਰੀ ਨਹੀਂ ਆਵੇਗੀ, ਪੰਜਾਬ ਵਿਚ ਜੰਗਲਰਾਜ ਹੈ। ਪੰਜਾਬ ਵਿਚ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ, ਉਹ ਖ਼ਤਰਨਾਕ ਹਨ। 80 ਤੇ 90 ਦੇ ਦਹਾਕੇ ਦਾ ਸਮਾਂ ਮੁੜ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਲਈ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਸੋਚਣ ਦੀ ਲੋੜ ਹੈ, ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਨ੍ਹਾਂ ਕੰਮਾਂ ਤੋ ਗੁਰੇਜ਼ ਕਰਨਾ ਪਵੇਗਾ। ਜੋ ਵੀਰਵਾਰ ਨੂੰ ਹੋਇਆ, ਇਹ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਖੇਡਣ ਵਾਲੀ ਗੱਲ ਹੈ, ਜਿਹੜੇ ਪੰਜਾਬ ਨੂੰ ਬਲਦਾ ਦੇਖਣਾ ਚਾਹੁੰਦੇ ਹਨ। ਇਹ ਉਨ੍ਹਾਂ ਲੋਕਾਂ ਦੇ ਮਨਸੂਬੇ ਹਨ ਜਿਹੜੇ ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਨੂੰ ਢਾਹ ਲਾਉਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡੀ ਖ਼ਬਰ, ਐੱਸ. ਐੱਸ. ਪੀ. ਨਾਨਕ ਸਿੰਘ ਨੇ ਦਿੱਤਾ ਵੱਡਾ ਬਿਆਨ

ਮਜੀਠੀਆ ਨੇ ਕਿਹਾ ਕਿ ਅਜਨਾਲਾ ਥਾਣੇ ਵਿਚ ਹੋਈ ਘਟਨਾ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਇਹ ਸਭ ਕਰਵਾ ਰਹੀ ਹੈ। ਸਰਹੱਦੀ ਇਲਾਕੇ ਦੇ ਥਾਣੇ ’ਤੇ ਕਬਜ਼ਾ ਹੋਇਆ ਹੋਵੇ ਅਤੇ ਮੁੱਖ ਮੰਤਰੀ ਨੇ ਇਕ ਬਿਆਨ ਤਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਤਾਂ ਸੰਗਤ ਲੈਂਦੀ ਹੈ ਪਰ ਗੁਰੂ ਸਾਹਿਬ ਦੀ ਆੜ ਵਿਚ ਇਹ ਕਰਨਾ ਢੋਂਗ ਹੈ। ਆਪਣੀ ਨਿੱਜੀ ਲੜਾਈ ਨੂੰ ਵਧਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਨਹੀਂ ਸਗੋਂ ਆੜ ਲਈ ਗਈ, ਜੇ ਓਟ ਆਸਰਾ ਹੁੰਦਾ ਤਾਂ ਅਰਦਾਸ ਕਰਕੇ ਜਾਂਦੇ ਪਰ ਅਜਿਹਾ ਨਹੀਂ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਂਦਾ ਹੈ ਤਾਂ ਸੰਗਤ ਸੜਕਾਂ ’ਤੇ ਫੁੱਲਾਂ ਦੀ ਸੇਜ ਵਿਛਾ ਦਿੰਦੀ ਹੈ, ਸੰਗਤ ਝਾੜੂ ਮਾਰ ਮਾਰ ਕੇ ਗੁਰੂ ਸਾਹਿਬ ਦਾ ਸਵਾਗਤ ਕਰਦੀ ਹੈ ਪਰ ਕੱਲ੍ਹ ਜੋ ਹੋਇਆ ਇਹ ਕਿਸੇ ਬੇਅਦਬੀ ਤੋਂ ਘੱਟ ਨਹੀਂ ਹੈ। 

ਇਹ ਵੀ ਪੜ੍ਹੋ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਸ ਨੇ ਕੀਤਾ ਰਿਹਾਅ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News