ਜੋ ਮੰਤਰੀਆਂ ਤੇ ਵਿਧਾਇਕਾਂ ਨੂੰ ਨਹੀਂ ਮਿਲਦੇ, ਉਹ ਆਮ ਜਨਤਾ ਨੂੰ ਕੀ ਮਿਲਣਗੇ : ਮਜੀਠੀਆ

05/14/2019 10:27:53 AM

ਫਿਰੋਜ਼ਪੁਰ (ਸੰਨੀ ਚੋਪੜਾ, ਕੁਮਾਰ) - ਫਿਰੋਜ਼ਪੁਰ ਵਿਖੇ ਦਿੱਲੀ ਗੇਟ ਦੇ ਬਾਹਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫਿਰੋਜ਼ਪੁਰ ਸੰਸਦੀ ਖੇਤਰ ਤੋਂ ਅਕਾਲੀ ਭਾਜਪਾ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੋਣਾਵੀਂ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਫਿਰੋਜ਼ਪੁਰ ਦੇ ਲੋਕਾਂ ਨੂੰ ਸੁਖਬੀਰ ਬਾਦਲ ਨੂੰ ਜਿੱਤ ਦਿਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਚੋਣ ਜਿੱਤਦੇ ਹਨ ਤਾਂ ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਆਦਿ ਫਿਰੋਜ਼ਪੁਰ ਦੇ ਲੋਕਾਂ ਨੂੰ ਇਕ ਨਾਲ 3 ਫਰੀ ਵਾਲੀ ਸਕੀਮ ਦੀ ਤਰ੍ਹਾਂ ਮੁਫਤ 'ਚ ਮਿਲ ਜਾਣਗੇ। ਉਨ੍ਹਾਂ ਅਕਾਲੀ ਭਾਜਪਾ ਵਰਕਰਾਂ ਤੇ ਆਮ ਜਨਤਾ ਦੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਫਿਰੋਜਪੁਰ ਦੇ ਲੋਕਾਂ ਦੇ ਸਾਰੇ ਅਧੂਰੇ ਸੁਪਨੇ ਪੂਰੇ ਕਰ ਦਿੱਤੇ ਜਾਣਗੇ ਅਤੇ ਬਠਿੰਡੇ ਦੀ ਤਰ੍ਹਾਂ ਇਸ ਸ਼ਹਿਰ ਦੀ ਵੀ ਨੁਹਾਰ ਬਦਲ ਦਿੱਤੀ ਜਾਵੇਗੀ।  

ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਦੋ ਸਾਲਾਂ 'ਚ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿਨ੍ਹਾਂ ਕਰਮਚਾਰੀਆਂ ਨੂੰ 50 ਹਜ਼ਾਰ ਰੁਪਏ ਮਹੀਨਾ ਤਨਖਾਹ 'ਤੇ ਨੌਕਰੀਆਂ ਦਿੱਤੀਆਂ ਸਨ, ਉਨ੍ਹਾਂ ਦੀ ਤਨਖਾਹ 10 ਹਜ਼ਾਰ ਰੁਪਏ ਮਹੀਨਾ ਕਰ ਦਿੱਤੀ ਹੈ। ਪੰਜਾਬ ਦੇ ਲੋਕ, ਕਰਮਚਾਰੀ, ਦੁਕਾਨਦਾਰ, ਵਪਾਰੀ ਅਤੇ ਹਰ ਇਨਕਮ ਟੈਕਸ ਦੇਣ ਵਾਲੇ ਕਰਦਾਤਾ 'ਤੇ ਟੈਕਸ ਲਗਾ ਦਿੱਤਾ ਹੈ ਅਤੇ ਲੁਟੇਰਿਆ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਦੀਆ ਜੇਬਾਂ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਲ ਸਰਪਲਸ ਬਿਜਲੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਮਹਿੰਗੇ ਮੁੱਲ 'ਤੇ ਬਿਜਲੀ ਦੇ ਕੇ ਲੁੱਟਿਆ ਜਾ ਰਿਹਾ ਹੈ। ਪੰਜਾਬ ਦਾ ਮੁੱਖ ਮੰਤਰੀ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਨਹੀਂ ਮਿਲਦਾ, ਉਹ ਆਮ ਲੋਕਾਂ ਨੂੰ ਕੀ ਮਿਲੇਗਾ। ਉਨ੍ਹਾਂ ਨੇ ਦੋਸ਼ ਲਾਉਂਦੇ ਕਿਹਾ ਕਿ ਕੈਪਟਨ ਦੀ ਸਰਕਾਰ ਦੇ ਕਾਰਜਕਾਲ 'ਚ ਰੇਤ ਮਾਫੀਆ ਸਾਰੀ ਰੇਤਾ ਖਾ ਗਿਆ ਹੈ ਅਤੇ ਕੈਪਟਨ ਰੇਤ ਮਾਫੀਆ ਦਾ ਸਾਥ ਦੇ ਰਹੇ ਹਨ।

ਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਤਖਤ ਪਲਟ ਕੇ ਬਾਦਲ ਸਕਰਾਰ ਨੂੰ ਸੱਤਾ 'ਚ ਲਿਆਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਨੇ ਕੈਪਟਨ 'ਤੇ ਘਟੀਆ ਰਾਜਨੀਤੀ ਕਰਨ ਅਤੇ ਪੰਜਾਬ ਦੇ ਲੋਕਾਂ 'ਤੇ ਟੈਕਸ ਉਪਰ ਟੈਕਸ ਧੋਪਨ ਅਤੇ ਝੂਠੀਆਂ ਸੁੰਹਾਂ ਖਾਣ ਦੇ ਗੰਭੀਰ ਦੋਸ਼ ਵੀ ਲਗਾਏ। ਇਸ ਰੈਲੀ 'ਚ ਓ.ਐੱਸ.ਡੀ. ਚਰਨਜੀਤ ਸਿੰਘ ਬਰਾੜ, ਪਰਮਿੰਦਰ ਸਿੰਘ, ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ ਆਦਿ ਨੇ ਵੀ ਸੰਬੋਧਨ ਕੀਤਾ।


rajwinder kaur

Content Editor

Related News