ਮਜੀਠੀਆ ਦੇ ਵਿਅੰਗ ''ਤੇ ਭੜਕੇ ਆਸ਼ੂ, ਦਿੱਤਾ ਜਵਾਬ

01/24/2020 6:12:21 PM

ਲੁਧਿਆਣਾ (ਖੁਰਾਣਾ) : ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕਾਂਗਰਸ ਸਰਕਾ 'ਤੇ ਕਣਕ ਵੰਡ ਪ੍ਰਣਾਲੀ 'ਚ ਕਥਿਤ ਘਪਲੇ ਨੂੰ ਲੈ ਕੇ ਕੱਸੇ ਵਿਅੰਗ ਦੇ ਜਵਾਬ 'ਚ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਕਾਲੀ ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਕਾਲੀਆਂ ਦੀਆਂ ਕਥਿਤ ਧਾਂਦਲੀਆਂ ਦਾ ਪਰਦਾਫਾਸ਼ ਕਰਦਿਆਂ ਆਟਾ-ਦਾਲ ਯੋਜਨਾ ਨਾਲ ਜੁੜੇ ਕਰੀਬ 12 ਫੀਸਦੀ ਅਜਿਹੇ ਕਾਰਡਧਾਰਕਾਂ ਦੇ ਕਾਰਡ ਰੱਦ ਕੀਤੇ ਹਨ, ਜੋ ਕਿ ਲਗਜ਼ਰੀ ਗੱਡੀਆਂ 'ਚ ਗਰੀਬਾਂ ਦੇ ਹਿੱਸੇ ਆਉਂਦੀ ਕਣਕ ਹੜੱਪਦੇ ਰਹੇ ਹਨ। ਆਸ਼ੂ ਨੇ ਮਜੀਠੀਆ 'ਤੇ ਵਰ੍ਹਦੇ ਹੋਏ ਪੁੱਛਿਆ ਕਿ ਉਹ ਜਵਾਬ ਦੇਣ ਕਿ ਗਰੀਬਾਂ ਦੇ ਹਿੱਸੇ ਵਿਚ ਆਉਂਦੇ 12 ਫੀਸਦੀ ਅਨਾਜ ਦਾ ਪੈਸਾ ਕਿੱਥੇ ਅਤੇ ਕਿਸ ਦੀ ਜੇਬ 'ਚ ਜਾ ਰਿਹਾ ਸੀ। ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਆਸ਼ੂ ਨੇ ਕਿਹਾ ਕਿ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਬਾਦਲ ਪੰਜਾਬ ਵਾਸੀਆਂ ਦੇ ਹੱਕਾਂ ਦੀ ਰਾਖੀ ਕਰਨ ਦੀ ਜਗ੍ਹਾ ਦੋਗਲੀ ਨੀਤੀ ਅਪਣਾ ਰਹੀ ਹੈ, ਕਿਉਂ ਨਹੀਂ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਪੰਜਾਬ ਵਾਸੀਆਂ ਦਾ ਹੱਥ ਫੜਨ ਲਈ ਪਹਿਲ ਕਰਦੀ, ਕਿਉਂ ਨਹੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵੱਲੋਂ ਜੀ. ਐੱਸ. ਟੀ. ਦੇ ਰੂਪ 'ਚ ਪੰਜਾਬ ਦੇ ਹਿੱਸੇ ਦਾ ਰੋਕਿਆ ਗਿਆ ਕਰੀਬ 5 ਹਜ਼ਾਰ ਕਰੋੜ ਰੁਪਏ ਵਾਪਸ ਲੈਣ 'ਚ ਕੋਈ ਸੰਜੀਦਗੀ ਦਿਖਾ ਰਹੀ।

ਆਸ਼ੂ ਨੇ ਕਿਹਾ ਕਿ ਅਸਲ 'ਚ ਅਕਾਲੀ ਦਲ ਦੋਗਲੀ ਨੀਤੀ ਬਣਾ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਪਰ ਪੰਜਾਬ ਵਾਸੀ ਹੁਣ ਅਕਾਲੀਆਂ ਦੀ ਇਸ ਦੋਗਲੀ ਨੀਤੀ ਨੂੰ ਭਲੀ-ਭਾਂਤ ਜਾਣ ਚੁੱਕੇ ਹਨ ਅਤੇ ਅਕਾਲੀ ਆਪਣੀ ਖਤਮ ਹੁੰਦੀ ਹੋਂਦ ਨੂੰ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ। ਮੰਤਰੀ ਆਸ਼ੂ ਨੇ ਵੀਰਵਾਰ ਨੂੰ ਲੁਧਿਆਣਾ 'ਚ ਕਣਕ ਵੰਡ ਪ੍ਰਣਾਲੀ ਦੀ ਸ਼ੁਰੂਆਤ ਦੌਰਾਨ ਪੱਤਰਕਾਰਾਂ ਦੇ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੀ ਆਟਾ-ਦਾਲ ਸਕੀਮ ਦਾ ਲੋੜਵੰਦ ਅਤੇ ਗਰੀਬ ਪਰਿਵਾਰਾਂ ਤੱਕ ਸਿੱਧਾ ਲਾਭ ਪੁੱਜ ਰਿਹਾ ਹੈ ਅਤੇ ਇਸ ਯੋਜਨਾ 'ਚ ਬੜੀ ਤੇਜ਼ੀ ਨਾਲ ਪਾਰਦਰਸ਼ਤਾ ਆਈ ਹੈ ਜੋ ਕਿ ਬਹੁਤ ਹੀ ਸਫਲਤਾਪੂਰਨ ਚੱਲ ਰਹੀ ਹੈ।

ਆਸ਼ੂ ਨੇ ਕਿਹਾ ਕਿ ਸਰਕਾਰ ਵੱਲੋਂ ਡਿਪੂਆਂ 'ਤੇ ਉਤਾਰੀ ਗਈ ਈ-ਪਾਸ਼ ਮਸ਼ੀਨ ਪ੍ਰਣਾਲੀ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅਕਾਲੀ-ਭਾਜਪਾ ਸਰਕਾਰ ਯੋਜਨਾ ਦੇ ਨਾਂ 'ਤੇ 12 ਫੀਸਦੀ ਅਜਿਹੇ ਪਰਿਵਾਰਾਂ (ਸਵਾ 4 ਲੱਖ) ਫਰਜ਼ੀ ਕਾਰਡਧਾਰਕਾਂ ਨੂੰ ਅਨਾਜ ਦਿੰਦੀ ਰਹੀ ਹੈ ਜੋ ਕਿ ਨਾ ਤਾਂ ਯੋਜਨਾ ਦਾ ਹਿੱਸਾ ਹਨ ਅਤੇ ਨਾ ਹੀ ਸਰਕਾਰੀ ਰਿਕਾਰਡ 'ਚ ਅਜਿਹੇ ਕਿਸੇ ਵੀ ਕਾਰਡਧਾਰਕਾਂ ਦਾ ਕੋਈ ਜ਼ਿਕਰ ਹੈ। ਆਸ਼ੂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਕੁਝ ਹੋਰ ਕਾਂਗਰਸੀ ਨੇਤਾਵਾਂ ਵਲੋਂ ਸਰਕਾਰ ਖਿਲਾਫ ਕੀਤੀ ਜਾਣ ਵਾਲੀ ਬਿਆਨਬਾਜ਼ੀ ਨੂੰ ਲੈ ਕੇ ਆਸ਼ੂ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਜਲਦ ਹਾਈਕਮਾਨ ਮਿਲ ਬੈਠ ਕੇ ਸੁਲਝਾ ਲਵੇਗੀ ਅਤੇ ਪਾਰਟੀ ਇਕਜੁਟ ਹੋ ਕੇ ਵਿਰੋਧੀਆਂ ਦੀ ਹਰ ਸਾਜ਼ਿਸ਼ ਦਾ ਮੂੰਹ-ਤੋੜ ਜਵਾਬ ਦੇਣ ਦੇ ਸਮਰੱਥ ਹੈ ਅਤੇ ਦਿੱਲੀ 'ਚ ਵੱਡੀ ਜਿੱਤ ਦਰਜ ਕਰਵਾਏਗੀ।


Gurminder Singh

Content Editor

Related News