ਡੀ. ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਵੱਡੀ ਜਿੱਤ ਅਕਾਲੀ ਦਲ ਲਈ ਸ਼ੁੱਭ ਸੰਕੇਤ

Thursday, Aug 26, 2021 - 11:56 AM (IST)

ਡੀ. ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਵੱਡੀ ਜਿੱਤ ਅਕਾਲੀ ਦਲ ਲਈ ਸ਼ੁੱਭ ਸੰਕੇਤ

ਜਲੰਧਰ (ਬਿਊਰੋ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਪੀ. ਸੀ.) ਚੋਣਾਂ ਦੇ ਨਤੀਜੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਵਿਰੋਧੀਆਂ ਨੂੰ ਭਾਰੀ ਫਰਕ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਵਰਣਨਯੋਗ ਹੈ ਕਿ ਪਵਿੱਤਰ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ.) ਨੂੰ ਲਗਾਤਾਰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਅਕਾਲੀ ਦਲ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੰਥਕ ਚੋਣਾਂ ਵਿਚ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਬਹੁਤ ਚੰਗਾ ਸੰਕੇਤ ਹੈ। ਇਸ ਜਿੱਤ ਨੇ ਅਕਾਲੀਆਂ ਵਿਚ ਸਿੱਖ ਭਾਈਚਾਰੇ ਦਾ ਵਿਸ਼ਵਾਸ ਮੁੜ ਜਾਗਣ ਦਾ ਸੰਕੇਤ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਸੰਗਤ ਨੇ ਅਕਾਲੀ ਦਲ ਨੂੰ ਜਿੱਤ ਲਿਆ ਹੈ ਅਤੇ ਅਕਾਲੀ ਦਲ ਦੇ ਕੰਮ ’ਤੇ ਮੋਹਰ ਲਾ ਦਿੱਤੀ ਹੈ। ਇਕ ਵਾਰ ਇਨ੍ਹਾਂ ਅੰਕੜਿਆਂ ਦੇ ਮਾਧਿਅਮ ਰਾਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਭਰੋਸਾ ਵਿਖਾਇਆ ਹੈ। ਜਦੋਂ ਇਨ੍ਹਾਂ ਚੋਣਾਂ ਦੇ ਨਤੀਜੇ ਆਏ ਤਾਂ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਵਿਸ਼ਵਾਸ ਵਿਖਾਇਆ, ਉਹ ਵੀ ਸਾਹਮਣੇ ਆਇਆ। ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਜਿੱਤ ਨਾਲ ਕੁਲ 27 ਸੀਟਾਂ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਸਿਰਫ 15 ਸੀਟਾਂ ਨਾਲ, ਜਦੋਂਕਿ ਮਨਜੀਤ ਸਿੰਘ ਜੀ. ਕੇ. ਦੀ ਪਾਰਟੀ ‘ਜਾਗੋ’ ਨੂੰ ਸਿਰਫ 3 ਸੀਟਾਂ ਨਾਲ ਸਬਰ ਕਰਨਾ ਪਿਆ ਅਤੇ ਪੰਥਕ ਅਕਾਲੀ ਲਹਿਰ ਨੂੰ ਸਿਰਫ ਇਕ ਸੀਟ ਹਾਸਲ ਹੋਈ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਪੰਥਕ ਵਚਨਬੱਧਤਾ ’ਤੇ ਸਵਾਲ ਕਰਨ ਵਾਲਿਆਂ ਨੂੰ ਸੰਗਤ ਨੇ ਸਿਖਾਇਆ ਸਬਕ : ਸੁਖਬੀਰ

ਇਹ ਅੰਕੜੇ ਸਪਸ਼ਟ ਇਸ਼ਾਰਾ ਕਰਦੇ ਹਨ ਕਿ ਦਿੱਲੀ ਦੀ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਭਰੋਸਾ ਵਿਖਾਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਿੱਖ ਸੰਗਤ ਵਰਗੇ ਇਨ੍ਹਾਂ ਮੁੱਦਿਆਂ ਲਈ ਅਕਾਲੀ ਦਲ ਨੂੰ ਕਸੂਰਵਾਰ ਨਹੀਂ ਮੰਨਦੀ ਜਾਂ ਫਿਰ ਅਕਾਲੀ ਦਲ ਨੂੰ ਬਰੀ ਕਰ ਚੁੱਕੀ ਹੈ।

ਦਿੱਲੀ ਦੀ ਜਿੱਤ ਕੀ ਅਕਾਲੀ ਦਲ ਨੂੰ ਪੰਜਾਬ ’ਚ ਜਿਤਾਏਗੀ?
ਜੇ ਪੰਥਕ ਸਿਆਸਤ ਦੇ ਨਜ਼ਰੀਏ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਪੰਥਕ ਹਲਕਿਆਂ ਵਿਚ ਜਿਸ ਤਰ੍ਹਾਂ ਅਕਾਲੀ ਦਲ ਦਾ ਅਕਸ ਸੋਚਿਆ ਜਾ ਰਿਹਾ ਸੀ, ਉਹ ਪੂਰੀ ਤਰ੍ਹਾਂ ਅਜਿਹਾ ਨਹੀਂ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਅਕਸ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਤਰ੍ਹਾਂ ਦੇ ਅਕਸ ਨੂੰ ਸਿੱਖ ਸੰਗਤ ਨੇ ਬਿਲਕੁਲ ਵੀ ਮਾਨਤਾ ਨਹੀਂ ਦਿੱਤੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਦੇ ਸਿੱਖ ਵੀ ਦਿੱਲੀ ਵਾਂਗ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸੇ ਤਰ੍ਹਾਂ ਦੀ ਵੱਡੀ ਜਿੱਤ ਦਿਵਾ ਕੇ ਪੰਜਾਬ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਦੇਣਗੇ ਕਿਉਂਕਿ ਅਕਾਲੀ ਦਲ ਨੇ ਪੰਥਕ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਅਕਾਲੀ ਦਲ ਦਾ ਜੋ ਅਕਸ ਪੰਥ ਵਿਰੋਧੀ ਦੇ ਰੂਪ ’ਚ ਉਭਾਰਿਆ ਜਾ ਰਿਹਾ ਸੀ, ਉਸ ਨੂੰ ਦਿੱਲੀ ਦੇ ਸਿੱਖਾਂ ਨੇ ਮਾਨਤਾ ਨਹੀਂ ਦਿੱਤੀ ਅਤੇ ਸਿੱਧੇ ਤੌਰ ’ਤੇ ਅਕਾਲੀ ਦਲ ਨੂੰ ਉਸੇ ਤਰ੍ਹਾਂ ਪੰਥ ਦੀ ਅਗਵਾਈ ਦਿੱਤੀ ਹੈ ਜਿਵੇਂ ਪੰਥ ਪਹਿਲਾਂ ਅਕਾਲੀ ਦਲ ਨੂੰ ਦਿੰਦਾ ਆ ਰਿਹਾ ਹੈ। ਜੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਜਿੱਤ ਤੋਂ ਸੰਭਾਵਨਾ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੀ ਸਿੱਖ ਸੰਗਤ ਵੀ ਅਕਾਲੀ ਦਲ ਨੂੰ ਉਸੇ ਤਰ੍ਹਾਂ ਪੰਥ ਪ੍ਰਵਾਨ ਕਰੇਗੀ ਜਿਵੇਂ ਦਿੱਲੀ ਵਿਚ ਹੋਇਆ ਹੈ। ਫਿਲਹਾਲ ਸਭ ਕੁਝ ਭਵਿੱਖ ਦੇ ਗਰਭ ਵਿਚ ਲੁਕਿਆ ਹੋਇਆ ਹੈ।

ਇਹ ਵੀ ਪੜ੍ਹੋ : ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News