ਪੰਜਾਬ: ਪ੍ਰੀ-ਪੇਡ ਮੀਟਰਾਂ ਕਰਕੇ ਪਿਆ ਵੱਡਾ ਰੌਲਾ! ਟਿਊਬਵੈੱਲ ਬੰਦ ਹੋਣ ਦਾ ਖ਼ਤਰਾ, ਖ਼ਪਤਕਾਰਾਂ ਲਈ ਖੜ੍ਹੀ ਹੋਈ ਮੁਸੀਬਤ
Tuesday, May 19, 2026 - 06:47 PM (IST)
ਜਲੰਧਰ (ਖੁਰਾਣਾ)-ਨਗਰ ਨਿਗਮ ਅਤੇ ਬਿਜਲੀ ਬੋਰਡ ਵਿਚਾਲੇ ਚੱਲ ਰਹੇ ਵਿੱਤੀ ਵਿਵਾਦ ਦੇ ਦਰਮਿਆਨ ਹੁਣ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦੇ ਨਾਲ-ਨਾਲ ਨਿਗਮ ਦੇ ਟਿਊਬਵੈੱਲ ਸਿਸਟਮ ’ਤੇ ਵੀ ਸੰਕਟ ਡੂੰਘਾ ਹੁੰਦਾ ਵਿਖਾਈ ਦੇ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਵੀਕਾਰ ਕੀਤਾ ਹੈ ਕਿ ਬਿਜਲੀ ਬੋਰਡ ਨੇ ਪ੍ਰੀਪੇਡ ਮੀਟਰ ਪਾਲਿਸੀ ਦੀ ਆੜ ਵਿਚ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਸਟ੍ਰੀਟ ਲਾਈਟ ਕੁਨੈਕਸ਼ਨ ਡਿਸਕੁਨੈਕਟ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਕਾਰਵਾਈ ਹੋਰ ਤੇਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: Punjab: ਕਾਰ ਤੇ ਟਰੱਕ ਦੀ ਭਿਆਨਕ ਟੱਕਰ, ਪੁਲਸ ਮੁਲਾਜ਼ਮ ਦੀ ਹੋਈ ਮੌਤ, ਕਾਰ ਦੇ ਉੱਡੇ ਪਰਖੱਚੇ
ਕਮਿਸ਼ਨਰ ਨੇ ਕਿਹਾ ਕਿ ਸਿਰਫ਼ ਸਟ੍ਰੀਟ ਲਾਈਟ ਹੀ ਨਹੀਂ, ਸਗੋਂ ਸ਼ਹਿਰ ਵਿਚ ਚੱਲ ਰਹੇ ਨਿਗਮ ਦੇ ਟਿਊਬਵੈੱਲਾਂ ’ਤੇ ਵੀ ਪ੍ਰੀਪੇਡ ਮੀਟਰ ਲਾਉਣ ਦੇ ਹੁਕਮ ਹਨ। ਉਨ੍ਹਾਂ ਮੰਨਿਆ ਕਿ ਪ੍ਰੀ-ਪੇਡ ਸਿਸਟਮ ਵਿਚ ਇਹ ਵਿਵਸਥਾ ਹੁੰਦੀ ਹੈ ਕਿ ਜੇਕਰ ਮੀਟਰ ਵਿਚ ਰੀਚਾਰਜ ਰਾਸ਼ੀ ਖ਼ਤਮ ਹੋ ਜਾਵੇ ਤਾਂ ਬਿਜਲੀ ਸਪਲਾਈ ਆਪਣੇ ਆਪ ਬੰਦ ਹੋ ਜਾਂਦੀ ਹੈ ਅਤੇ ਕੁਨੈਕਸ਼ਨ ਕੱਟਣ ਲਈ ਵੱਖਰੇ ਤੌਰ ’ਤੇ ਕਿਸੇ ਕਰਮਚਾਰੀ ਨੂੰ ਮੌਕੇ ’ਤੇ ਭੇਜਣ ਦੀ ਲੋੜ ਨਹੀਂ ਪੈਂਦੀ। ਅਜਿਹੇ ਵਿਚ ਜੇਕਰ ਭਵਿੱਖ ਵਿਚ ਕਿਸੇ ਟਿਊਬਵੈੱਲ ਦੇ ਪ੍ਰੀ-ਪੇਡ ਮੀਟਰ ਵਿਚ ਬੈਲੇਂਸ ਖ਼ਤਮ ਹੋ ਗਿਆ ਤਾਂ ਸਬੰਧਤ ਟਿਊਬਵੈੱਲ ਵੀ ਤੁਰੰਤ ਬੰਦ ਹੋ ਸਕਦਾ ਹੈ, ਜਿਸ ਨਾਲ ਸ਼ਹਿਰ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਕਮਿਸ਼ਨਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਨਗਰ ਨਿਗਮ ਅਤੇ ਪਾਵਰਕਾਮ ਵਿਚਾਲੇ ਪਿਛਲੇ ਲੱਗਭਗ ਤਿੰਨ ਸਾਲਾਂ ਤੋਂ ਕੋਈ ਨਿਯਮਿਤ ਹਿਸਾਬ-ਕਿਤਾਬ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵੱਲੋਂ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਵਿਚ ਜੋ ਇਲੈਕਟ੍ਰੀਸਿਟੀ ਡਿਊਟੀ ਵਸੂਲੀ ਜਾਂਦੀ ਹੈ, ਉਸ ਦਾ ਹਿੱਸਾ ਨਗਰ ਨਿਗਮ ਨੂੰ ਮਿਲਣਾ ਹੁੰਦਾ ਹੈ। ਨਿਗਮ ਦਾ ਦਾਅਵਾ ਹੈ ਕਿ ਬਿਜਲੀ ਬੋਰਡ ਵੱਲੋਂ ਕਰੋੜਾਂ ਰੁਪਏ ਨਿਗਮ ਦੇ ਖ਼ਾਤੇ ਵਿਚ ਜਮ੍ਹਾ ਹੋਣੇ ਚਾਹੀਦੇ ਹਨ ਪਰ ਦੋਵਾਂ ਵਿਭਾਗਾਂ ਵਿਚਾਲੇ ਖਾਤਿਆਂ ਦਾ ਮਿਲਾਨ ਨਾ ਹੋਣ ਕਾਰਨ ਇਹ ਸਪੱਸ਼ਟ ਨਹੀਂ ਹੋ ਪਾ ਰਿਹਾ ਕਿ ਕਿਸ ਵਿਭਾਗ ਨੂੰ ਕਿੰਨੀ ਰਾਸ਼ੀ ਲੈਣੀ ਹੈ ਜਾਂ ਦੇਣੀ ਹੈ।
ਸੂਤਰਾਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਕਮਿਸ਼ਨਰ ਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਫ਼ੋਨ ’ਤੇ ਗੱਲਬਾਤ ਵੀ ਕੀਤੀ ਹੈ ਅਤੇ ਪੈਂਡਿੰਗ ਹਿਸਾਬ-ਕਿਤਾਬ ਜਲਦ ਤੋਂ ਜਲਦ ਸੈਟਲ ਕਰਨ ਨੂੰ ਕਿਹਾ ਹੈ। ਹਾਲਾਂਕਿ ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਪੱਧਰ ’ਤੇ ਉਨ੍ਹਾਂ ਕੋਲ ਪੂਰਾ ਰਿਕਾਰਡ ਉਪਲੱਬਧ ਨਹੀਂ ਹੈ ਅਤੇ ਵਿਸਥਾਰਪੂਰਵਕ ਹਿਸਾਬ-ਕਿਤਾਬ ਪਟਿਆਲਾ ਸਥਿਤ ਉੱਚ ਦਫ਼ਤਰਾਂ ਕੋਲ ਮੌਜੂਦ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਵਰ੍ਹਾਉਣ ਲੱਗੀ ਗਰਮੀ! ਜਲੰਧਰ 'ਚ ਇਕ ਵਿਅਕਤੀ ਦੀ ਮੌਤ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ
ਦੱਸਿਆ ਜਾ ਰਿਹਾ ਹੈ ਕਿ ਹੁਣ ਨਗਰ ਨਿਗਮ ਵੱਲੋਂ ਇਕ ਅਧਿਕਾਰੀ ਦੀ ਵਿਸ਼ੇਸ਼ ਡਿਊਟੀ ਲਾਈ ਜਾ ਰਹੀ ਹੈ, ਜੋ ਪਾਵਰਕਾਮ ਨਾਲ ਬੈਠ ਕੇ ਖਾਤਿਆਂ ਦਾ ਮਿਲਾਨ ਕਰੇਗਾ। ਇਸ ਤੋਂ ਬਾਅਦ ਸ਼ਹਿਰ ਵਿਚ ਨਿਗਮ ਦੇ ਸਟ੍ਰੀਟ ਲਾਈਟ ਅਤੇ ਟਿਊਬਵੈੱਲ ਕੁਨੈਕਸ਼ਨਾਂ ਨੂੰ ਪੜਾਅਵਾਰ ਤਰੀਕੇ ਨਾਲ ਪ੍ਰੀਪੇਡ ਮੀਟਰ ਸਿਸਟਮ ਵਿਚ ਲਿਆਉਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਐੱਮ. ਐੱਸ. ਫਾਰਮ ਰੋਡ ਸਥਿਤ ਕਮਲ ਵਿਹਾਰ ਕਾਲੋਨੀ ਸਮੇਤ ਕਈ ਇਲਾਕਿਆਂ ਵਿਚ ਬਿਜਲੀ ਬੋਰਡ ਨੇ ਬਿਨਾਂ ਨਿਯਮਿਤ ਮੀਟਰ ਵਾਲੇ ਸਟ੍ਰੀਟ ਲਾਈਟ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਸਨ। ਉਸ ਸਮੇਂ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਲਾਏ ਗਏ ਲੱਗਭਗ 73 ਹਜ਼ਾਰ ਐੱਲ. ਈ. ਡੀ. ਸਟ੍ਰੀਟ ਲਾਈਟ ਪੁਆਇੰਟਾਂ ਲਈ ਯੋਗ ਮੀਟਰਿੰਗ ਅਤੇ ਵਿਧੀਵਤ ਬਿਜਲੀ ਕੁਨੈਕਸ਼ਨ ਵਿਵਸਥਾ ਤਿਆਰ ਨਹੀਂ ਕੀਤੀ ਗਈ। ਦੋਸ਼ ਲੱਗੇ ਸਨ ਕਿ ਕਈ ਥਾਵਾਂ ’ਤੇ ਸਟ੍ਰੀਟ ਲਾਈਟਾਂ ਅੱਜ ਵੀ ਅਸਥਾਈ ਜਾਂ ਕੁੰਡੀ ਕੁਨੈਕਸ਼ਨਾਂ ਦੇ ਸਹਾਰੇ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਬਿਜਲੀ ਬੋਰਡ ’ਤੇ ਵਾਧੂ ਲੋਡ ਪੈ ਰਿਹਾ ਹੈ ਅਤੇ ਬਿਜਲੀ ਚੋਰੀ ਦੀਆਂ ਸੰਭਾਵਨਾਵਾਂ ਵੀ ਵਧ ਰਹੀਆਂ ਹਨ। ਹੁਣ ਪ੍ਰੀਪੇਡ ਮੀਟਰ ਪਾਲਿਸੀ ਲਾਗੂ ਹੋਣ ਤੋਂ ਬਾਅਦ ਨਗਰ ਨਿਗਮ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਉਹ ਬਿਜਲੀ ਬੋਰਡ ਨਾਲ ਪੈਂਡਿੰਗ ਵਿੱਤੀ ਵਿਵਾਦ ਨੂੰ ਸੁਲਝਾਵੇ ਅਤੇ ਸ਼ਹਿਰ ਦੀ ਸਟ੍ਰੀਟ ਲਾਈਟ ਤੇ ਪਾਣੀ ਦੀ ਸਪਲਾਈ ਵਿਵਸਥਾ ਨੂੰ ਬਿਨਾਂ ਰੁਕਾਵਟ ਜਾਰੀ ਰੱਖ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨਾਂ ਲਈ ਮੌਸਮ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
