ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਲਾਲ ਕਿਲੇ੍ਹ ਦੀ ਘਟਨਾ ਦੀ ਜਾਂਚ ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ

Wednesday, Jan 27, 2021 - 04:46 PM (IST)

ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਲਾਲ ਕਿਲੇ੍ਹ ਦੀ ਘਟਨਾ ਦੀ ਜਾਂਚ ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ) : ਲਾਲ ਕਿਲ੍ਹੇ ਦੀ ਘਟਨਾ ਦੀ ਜਾਂਚ ਕਿਸੇ ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ, ਜਿਸ ਨਾਲ ਦਿੱਲੀ ’ਚ ਬੈਠੇ ਹੁਕਮਰਾਨਾਂ ਦੇ ਚਿਹਰੇ ਵੀ ਨੰਗੇ ਹੋ ਜਾਣਗੇ ਅਤੇ ਸਾਰਾ ਕੁਝ ਚਿੱਟੇ ਦਿਨ ਵਾਂਗ ਸਾਫ਼ ਹੋ ਜਾਵੇਗਾ। 60 ਦਿਨਾਂ ਦੇ ਸ਼ਾਂਤਮਈ ਮਾਹੌਲ ਨੂੰ ਜਾਣ-ਬੁੱਝ ਕੇ ਖ਼ਰਾਬ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ (ਹੁਸ਼ਿਆਰਪੁਰ) ਦੇ ਗ੍ਰਹਿ ਵਿਖੇ ਪ੍ਰੈੱਸ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਹਮੇਸ਼ਾਂ ਹੀ ਦੇਸ਼ ਦੇ ਭਲੇ ਲਈ ਮਰਦੇ ਹਨ ਅਤੇ ਅੱਜ ਕਿਰਸਾਨੀ ਲਾਹੇਵੰਦ ਧੰਦਾ ਨਹੀਂ ਰਿਹਾ। ਉਪਰੋਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਹਨ, ਜਿਨ੍ਹਾਂ ਨਾਲ ਕਿਸਾਨਾਂ ’ਚ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹ ਕੜਾਕੇ ਦੀ ਠੰਡ ’ਚ ਸ਼ਾਂਤਮਈ ਧਰਨੇ ਦੇ ਰਹੇ ਹਨ। ਇਨ੍ਹਾਂ ਧਰਨਿਆਂ ’ਤੇ ਪੂਰੀ ਦੁਨੀਆਂ ਦੀ ਨਜ਼ਰ ਟਿਕੀ ਹੋਈ ਹੈ ਅਤੇ ਇਸਨੂੰ ਤਾਰਪੀਡੋ ਕਰਨ ਲਈ ਸਰਕਾਰ ਦਾ ਪੂਰਾ ਜ਼ੋਰ ਲੱਗਾ ਰਹੀ ਹੈ। ਲਾਲ ਕਿਲੇ੍ਹ ’ਤੇ ਵਾਪਰੀ ਘਟਨਾ ਨਾਲ ਏਜੰਸੀਆਂ ਅਤੇ ਕੇਂਦਰ ਸਰਕਾਰ ’ਤੇ ਸਵਾਲੀਆ ਨਿਸ਼ਾਨ ਖੜ੍ਹਾਂ ਹੁੰਦਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਰੂਟ ਨੂੰ ਛੱਡ ਕੇ ਕਿਸ ਤਰ੍ਹਾਂ ਕੁੱਝ ਗਿਣੇ-ਚੁਣੇ ਲੋਕਾਂ ਨੂੰ ਪੁਲਸ ਵੱਲੋਂ ਲਾਲ ਕਿਲੇ੍ਹ ਤੱਕ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਕੋਈ ਆਮ ਨਹੀਂ ਹੈ, ਜਿਸ ਦੇ ਦਰਵਾਜ਼ੇ ਅਸਾਨੀ ਨਾਲ ਖੋਲ੍ਹੇ ਜਾ ਸਕਣ। 

ਇਹ ਵੀ ਪੜ੍ਹੋ : ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ

ਮਜੀਠੀਆ ਨੇ ਕਿਹਾ ਕਿ ਇਕ ਕਿਸਾਨ ਜਥੇਬੰਦੀ ਦਾ ਅਤੇ 2 ਹੋਰ ਅਜਿਹੇ ਵਿਅਕਤੀ ਜੋ ਬੇਖੌਫ਼ ਹੋ ਕੇ ਕੁੱਝ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਨਾਲ ਲਾਲ ਕਿਲ੍ਹੇ ’ਤੇ ਲੈ ਗਏ ਅਤੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਨਵਾਂ ਮੋੜ ਦਿੱਤਾ ਗਿਆ।  ਜਦਕਿ ਇਨ੍ਹਾਂ ਨੂੰ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਆਪਣੇ ਤੋਂ ਦੂਰ ਰੱਖ ਰਹੀਆਂ ਸਨ। ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਕੇਂਦਰ ਵਿਚ ਹੁਸ਼ਿਆਰਪੁਰ ਤੋਂ ਭਾਜਪਾ ਦੇ ਮੰਤਰੀ ਨੇ ਨਵੀਂ ਇੰਡਸਟਰੀ ਤਾਂ ਕੀ ਲਿਆਉਣੀ ਸੀ, ਪਹਿਲਾਂ ਚੱਲ ਰਹੀ ਇੰਡਸਟਰੀ ਵੀ ਬੰਦ ਹੋਣ ਦੀ ਕਗਾਰ ’ਤੇ ਹੈ। ਇਹ ਹਰ ਕੋਈ ਜਾਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪੂਰੇ ਜ਼ਿਲਿ੍ਹਆਂ ਦਾ ਕਦੇ ਦੌਰਾ ਵੀ ਨਹੀਂ ਕੀਤਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਵੀ ਕਦੇ ਪੂਰੇ ਨਹੀਂ ਕੀਤੇ ਸਨ। ਲੋਕ ਅੱਜ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਇਸ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ, ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਦਿਹਾਤੀ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਲਖਵਿੰਦਰ ਸਿੰਘ ਲੱਖੀ ਸਾਬਕਾ ਕਮਿਸ਼ਨਰ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਦਿ ਸਮੇਤ ਕਈ ਅਹੁਦੇਦਾਰ ਹਾਜ਼ਰ ਸਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਤੋਂ ਮੰਦਭਾਗੀ ਖ਼ਬਰ, ਅੰਮ੍ਰਿਤਸਰ ’ਚ 2 ਬੀਬੀਆਂ ਦੀ ਮੌਤ    

ਨੋਟ : ਕੀ ਤੁਸੀਂ ਬਿਕਰਮ ਮਜੀਠੀਆ ਦੇ ਇਸ ਬਿਆਨ ਨਾਲ ਸਹਿਮਤ ਹੋ, ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Anuradha

Content Editor

Related News