ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ‘ਆਪ’ ਵਿਚ ਸ਼ਾਮਲ
Saturday, Feb 05, 2022 - 07:30 PM (IST)
 
            
            ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕਾਂਗਰਸ ਨੂੰ ਇਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਦੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਜਸਬੀਰ ਸਿੰਘ 'ਜੱਸੀ' ਖੰਗੂੜਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਜੱਸੀ ਖੰਗੂੜਾ 'ਆਪ' 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਇਸ ਵਾਰ ਚੋਣ ਦੰਗਲ ’ਚ ਕਿਸਮਤ ਅਜ਼ਮਾਉਣ ਉਤਰਨਗੇ 1304 ਉਮੀਦਵਾਰ
ਜਸਬੀਰ ਸਿੰਘ ‘ਜੱਸੀ’ ਖੰਗੂੜਾ ਯੂ. ਕੇ. ਤੋਂ ਆਪਣੀ ਬ੍ਰਿਟਿਸ਼ ਨਾਗਰਿਕਤਾ ਤਿਆਗ ਕੇ ਵਤਨ ਪਰਤ ਆਏ ਸਨ ਅਤੇ ਪੰਜਾਬ ਦੀ ਰਾਜਨੀਤੀ ’ਚ ਸਰਗਰਮ ਹੋ ਗਏ ਸਨ। ਉਨ੍ਹਾਂ ਨੇ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੀ ਕਿਲ੍ਹਾ ਰਾਏਪੁਰ ਸੀਟ 10,876 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਤੋਂ ਪਹਿਲਾਂ ਕਿਲ੍ਹਾ ਰਾਏਪੁਰ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਦਬਦਬਾ ਰਹਿੰਦਾ ਸੀ। ਪੰਜਾਬ ਦੀ ਇਹ ਇਕੋ-ਇੱਕ ਸੀਟ ਸੀ, ਜਿਸ ’ਤੇ ਕਾਂਗਰਸ ਕਦੇ ਨਹੀਂ ਜਿੱਤੀ ਸੀ। ਇਸ ਤੋਂ ਬਾਅਦ 2012 ’ਚ ਜੱਸੀ ਨੇ ਦਾਖਾ ਤੋਂ ਚੋਣ ਲੜੀ ਕਿਉਂਕਿ ਕਿਲ੍ਹਾ ਰਾਏਪੁਰ ਸੀਟ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਜੱਸੀ ਇਥੋਂ ਹਾਰ ਗਏ ਸਨ ਪਰ ਉਨ੍ਹਾਂ ਨੇ ਇਥੋਂ ਰਿਕਾਰਡ 55,820 ਵੋਟਾਂ ਹਾਸਲ ਕੀਤੀਆਂ, ਜਿਥੋਂ ਤਕ ਅਗਲੀਆਂ ਦੋ ਚੋਣਾਂ ’ਚ ਕਾਂਗਰਸ ਦਾ ਕੋਈ ਵੀ ਉਮੀਦਵਾਰ ਨਹੀਂ ਪਹੁੰਚ ਸਕਿਆ। ਜਸਬੀਰ ਸਿੰਘ ‘ਜੱਸੀ’ ਖੰਗੂੜਾ ਨੇ ਔਕਸਫੋਰਡ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀ ਪਤਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੀ ਹਨ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਪੰਜਾਬ ’ਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ : ਸਿਰਸਾ
ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਉਪਰੰਤ ਜਸਬੀਰ ਸਿੰਘ ‘ਜੱਸੀ’ ਖੰਗੂੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਆਪਸੀ ਫੁੱਟ ਤੋਂ ਤੰਗ ਆ ਚੁੱਕੇ ਹਨ। ਕਾਂਗਰਸ ਹੁਣ ਮੌਕਾਪ੍ਰਸਤ ਅਤੇ ਸੱਤਾ ਦੇ ਲਾਲਚੀ ਲੋਕਾਂ ਦੀ ਪਾਰਟੀ ਬਣ ਚੁੱਕੀ ਹੈ। ਕੁਰਸੀ ਲਈ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਦਾ ਖਮਿਆਜ਼ਾ ਪੰਜਾਬ ਦੇ ਗ਼ਰੀਬ ਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਂਗਰਸ ਆਪਣੇ ਆਦਰਸ਼ਾਂ ਅਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            