ਮੋਗਾ ’ਚ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਕਰਨ ਵਾਲਾ ਵੱਡਾ ਸਕੈਂਡਲ ਆਇਆ ਸਾਹਮਣੇ

Thursday, Jul 20, 2023 - 04:58 AM (IST)

ਮੋਗਾ ’ਚ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਕਰਨ ਵਾਲਾ ਵੱਡਾ ਸਕੈਂਡਲ ਆਇਆ ਸਾਹਮਣੇ

ਮੋਗਾ (ਗੋਪੀ ਰਾਊਕੇ, ਅਜ਼ਾਦ): ਪੰਜਾਬ ਦੇ ਮਾਲਵਾ ਖਿੱਤੇ ਦੀ ਧੁੰਨੀ ਵੱਜੋਂ ਜਾਣੇ ਜਾਂਦੇ ਮੋਗਾ ਜ਼ਿਲੇ ’ਚ ਦੇਸ਼ ਦੀ ਅੰਦਰੁੂਨੀ ਸੁਰੱਖਿਆ ਨੂੰ ਖਤਰਾ ਖੜ੍ਹਾ ਕਰਨ ਵਾਲਾ ਵੱਡਾ ਸਕੈਂਡਲ ਸਾਹਮਣੇ ਆਇਆ ਹੈ, ਜਿਸ ਵਿਚ ਇਹ ਖੁਲਾਸਾ ਹੋ ਰਿਹਾ ਹੈ ਕਿ ਜ਼ਿਲ੍ਹੇ ਅੰਦਰ ਇਕ ਅਕਾਲੀ ਆਗੂ ਦੇ ਸਿਆਸੀ ਸਲਾਹਕਾਰ ਰਹੇ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਬੋਗਸ ਅਸਲਾ ਲਾਇਸੈਂਸ ਹੀ ਬਣਾ ਦਿੱਤੇ ਹਨ, ਹਾਲਾਂਕਿ ਇਸ ਮਾਮਲੇ ’ਤੇ ਕੋਈ ਵੀ ਪੁਲਸ ਅਧਿਕਾਰੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ, ਪਰੰਤੂ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪੁਲਸ ਪ੍ਰਸ਼ਾਸਨ ਨੂੰ ‘ਹੱਥਾਂ-ਪੈਰਾਂ’ ਦੀ ਪੈ ਗਈ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਚੜ੍ਹਿਆ ਪੁਲਸ ਅੜਿੱਕੇ, ਟੈਕਸੀ ਡਰਾਈਵਰ ਤੋਂ ਬਣਿਆ 'ਬੌਬੀ ਸ਼ੂਟਰ'

‘ਜਗ ਬਾਣੀ’ ਨੂੰ ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਬੋਗਸ ਲਾਇਸੈਂਸਾਂ ਵਿਚੋਂ ਜਦੋਂ ਇਕ ਲਾਇਸੈਂਸ ਦਾ ਹੋਲਡਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਅਸਲਾ ਲਾਇਸੈਂਸ ’ਤੇ ਹੋਰ ਅਸਲਾ ਚੜ੍ਹਾਉਣ ਲਈ ਗਿਆ ਤਾਂ ਇਕ ਸਰਕਾਰੀ ਅਧਿਕਾਰੀ ਨੂੰ ਲਾਇਸੈਂਸ ’ਤੇ ਸ਼ੱਕ ਹੋ ਗਿਆ ਅਤੇ ਉਨ੍ਹਾਂ ਇਸ ਸਬੰਧੀ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਇਸ ਮਗਰੋਂ ਹੀ ਮਾਮਲੇ ਦੀ ਪੜਤਾਲ ਜ਼ਿਲ੍ਹਾ ਪੁਲਸ ਮੁਖੀ ਜੇ. ਇਲਚੇਲੀਅਨ ਵੱਲੋਂ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਨੂੰ ਸੌਂਪੀ ਹੈ। ਸੂਤਰ ਆਖਦੇ ਹਨ ਕਿ ਪੁਲਸ ਦੀ ਮੁੱਢਲੀ ਤਫ਼ਤੀਸ ਵਿਚ 15 ਤੋਂ ਵਧੇਰੇ ਲਾਇਸੈਂਸ ਬੋਗਸ ਹੋਣ ਦਾ ਪਤਾ ਲੱਗਾ ਹੈ, ਜਦੋਂਕਿ ਜਾਂਚ ਮੁਕੰਮਲ ਹੋਣ ’ਤੇ ਹੀ ਇਹ ਪਤਾ ਲੱਗੇਗਾ ਕਿ ਇਸ ਕੰਮ ਲਈ ਕੌਣ-ਕੌਣ ਜ਼ਿੰਮੇਵਾਰ ਸਨ। ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਖਿਰਕਾਰ ਇਸ ਮਾਮਲੇ ਨੂੰ ਅੰਜ਼ਾਮ ਦੇਣ ਲਈ ਕੋਈ ਮੁਲਾਜ਼ਮ ਵੀ ਸ਼ਾਮਲ ਸੀ ਜਾਂ ਫ਼ਿਰ ਇਕ ਅਕਾਲੀ ਆਗੂ ਦਾ ਸਿਆਸੀ ਸਕੱਤਰ ਹੀ ਇਹ ਅਜਿਹਾ ਕੁਝ ਕਰ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਜਾਅਲੀ SC ਸਰਟੀਫਿਕੇਟਾਂ ਵਿਰੁੱਧ ਸਖ਼ਤ ਹੋਈ ਪੰਜਾਬ ਸਰਕਾਰ, ਕੈਬਨਿਟ ਮੰਤਰੀ ਵੱਲੋਂ ਲਿਆ ਗਿਆ ਐਕਸ਼ਨ

ਥਾਣਾ ਬੱਧਨੀ ਕਲਾਂ ਦੀ ਪੁਲਸ ਵੱਲੋਂ ਇਸ ਮਾਮਲੇ ਵਿਚ ਸਬੰਧਿਤ ਅਕਾਲੀ ਆਗੂ ਦੇ ਸਿਆਸੀ ਸਲਾਹਕਾਰ ਰਹੇ ਨੌਜਵਾਨ ਨੂੰ ਹਿਰਾਸਤ ਵਿਚ ਲਏ ਜਾਣ ਦਾ ਵੀ ਪਤਾ ਲੱਗਾ ਹੈ। ਜ਼ਿਲ੍ਹਾ ਪੁਲਸ ਮੁਖੀ ਜੇ. ਇਲਚੇਲੀਅਨ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਮਗਰੋਂ ਹੀ ਸਾਰੀ ਅਸਲੀਅਤ ਦਾ ਪਤਾ ਲੱਗੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News