ਖਰੜ ''ਚ ਵਾਪਰੇ ਤੀਹਰੇ ਕਤਲ ਕਾਂਡ ''ਚ ਵੱਡੇ ਖ਼ੁਲਾਸੇ, ਮੋਬਾਇਲ ਬਣਿਆ ਭਰਾ-ਭਰਜਾਈ ਦੇ ਭਤੀਜੇ ਦੀ ਮੌਤ ਦਾ ਕਾਰਨ

Sunday, Oct 15, 2023 - 07:01 PM (IST)

ਖਰੜ ''ਚ ਵਾਪਰੇ ਤੀਹਰੇ ਕਤਲ ਕਾਂਡ ''ਚ ਵੱਡੇ ਖ਼ੁਲਾਸੇ, ਮੋਬਾਇਲ ਬਣਿਆ ਭਰਾ-ਭਰਜਾਈ ਦੇ ਭਤੀਜੇ ਦੀ ਮੌਤ ਦਾ ਕਾਰਨ

ਖਰੜ (ਰਣਬੀਰ)-ਖਰੜ ਦੀ ਗਲੋਬਲ ਸਿਟੀ ਅੰਦਰ ਵਾਪਰੇ ਤੀਹਰੇ ਕਤਲ ਕਾਂਡ ਸਬੰਧੀ ਪੁਲਸ ਰਿਮਾਂਡ ’ਤੇ ਚੱਲ ਰਹੇ ਮੁੱਖ ਮੁਲਜ਼ਮ ਲਖਵੀਰ ਸਿੰਘ ਉਰਫ਼ ਲੱਖਾ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ। ਜਿਸ ਤੋਂ ਜ਼ਾਹਿਰ ਹੈ ਕਿ ਨਾ ਸਿਰਫ਼ ਉਕਤ ਮੁਲਜ਼ਮ ਹੀ ਨਹੀਂ ਸਗੋਂ ਉਸ ਦਾ ਇਸ ਵਾਰਦਾਤ ’ਚ ਹਮਰਾਜ਼ ਫ਼ਰਾਰ ਚੱਲ ਰਿਹਾ ਦੂਸਰਾ ਸਾਥੀ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਬੰਟੀ ਉਰਫ਼ ਰਾਮ ਸਰੂਪ ਵੀ ਅਪਰਾਧਿਕ ਕਿਸਮ ਦਾ ਵਿਅਕਤੀ ਰਹਿ ਚੁੱਕਾ ਹੈ। ਪੁਲਸ ਵੱਲੋਂ ਜਿੱਥੇ ਲੱਖੇ ਕੋਲੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਮੁਲਜ਼ਮ ਦੀ ਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ।

ਭਰਾ ਸਣੇ ਉਸ ਦੇ ਪਰਿਵਾਰ ਨੂੰ ਕਤਲ ਕਰਨ ਵਾਲੇ ਲੱਖੇ ਨੇ ਪਹਿਲਾਂ ਵੀ ਘਰ ’ਚੋਂ ਚੋਰੀ ਕੀਤੇ ਸਨ 18 ਲੱਖ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਉਸ ਦਾ ਭਰਾ ਸਤਵੀਰ ਸਿੰਘ ਖਰੜ ਦੀ ਗਲੋਬਲ ਸਿਟੀ ਅੰਦਰ ਘਰ ਬਣਾ ਰਿਹਾ ਸੀ ਤਾਂ ਇਸੇ ਦੌਰਾਨ ਉਸ ਨੇ ਘਰ ’ਚ ਰੱਖੇ 18 ਲੱਖ ਰੁਪਏ ਚੋਰੀ ਕੀਤੇ ਸਨ। ਘਰੋਂ ਇੰਨੀ ਵੱਡੀ ਰਕਮ ਚੋਰੀ ਹੋਣ ਦਾ ਪਤਾ ਲੱਗਦਿਆਂ ਹੀ ਘਰਦਿਆਂ ਵੱਲੋਂ ਪਹਿਲਾਂ ਤਾਂ ਆਪਣੇ ਪੱਧਰ ’ਤੇ ਭਾਲ ਜਾਰੀ ਰੱਖੀ ਗਈ ਪਰ ਕੋਈ ਸੁਰਾਗ ਨਾ ਮਿਲਣ ਪਿੱਛੋਂ ਜਦੋਂ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਤਾਂ ਲਖਵੀਰ ਸਿੰਘ ਡਰ ਗਿਆ, ਜਿਸ ’ਤੇ ਉਸ ਨੇ ਖ਼ੁਦ ਆਪਣੇ ਘਰਦਿਆਂ ਦੇ ਸਾਹਮਣੇ ਇਸ ਗੱਲ ਦਾ ਖ਼ੁਲਾਸਾ ਕਰ ਦਿੱਤਾ ਕਿ ਇਹ ਰਕਮ ਉਸ ਨੇ ਹੀ ਚੋਰੀ ਕੀਤੀ ਸੀ ਅਤੇ ਖਰੜ ਅੰਦਰ ਕਿਰਾਏ ’ਤੇ ਲਏ ਇਕ ਕਮਰੇ ਵਿਚ ਰੱਖੀ ਹੋਈ ਹੈ। ਘਰਦਿਆਂ ਵੱਲੋਂ ਦਬਾਅ ਪਾਏ ਜਾਣ ’ਤੇ ਅਖੀਰ ਉਸ ਨੇ 18 ਲੱਖ ਰੁਪਏ ਦੀ ਰਕਮ ’ਚੋਂ ਡੇਢ ਲੱਖ ਰੁਪਏ ਦਾ ਇਕ ਮੋਬਾਇਲ ਖ਼ਰੀਦ ਕੇ ਬਾਕੀ ਰਕਮ ਆਪਣੇ ਘਰਦਿਆਂ ਨੂੰ ਵਾਪਸ ਕਰ ਦਿੱਤੀ ਸੀ। ਉਸ ਦੀ ਇਸ ਹਰਕਤ ਕਾਰਨ ਉਸ ਦੇ ਮਾਪੇ, ਭਰਾ ਸਤਵੀਰ ਸਿੰਘ ਅਤੇ ਭਰਜਾਈ ਅਮਨਦੀਪ ਕੌਰ ਕਾਫ਼ੀ ਖ਼ਫ਼ਾ ਹੋਏ ਸਨ ਕਿਉਂਕਿ ਲਖਵੀਰ ਇਸੇ ਦੌਰਾਨ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ, ਜੋ ਆਪਣੇ ਘਰਦਿਆਂ ਦੇ ਕਹਿਣ ’ਤੇ ਵੀ ਕੋਈ ਕੰਮਕਾਰ ਨਹੀਂ ਕਰਦਾ ਸੀ।

PunjabKesari

ਇਹ ਵੀ ਪੜ੍ਹੋ: ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਦੇ 28 ਵਾਰਡਾਂ ਦੀ ਬਦਲੀ ਕੈਟਾਗਿਰੀ, ਹਾਈਕੋਰਟ ਪਹੁੰਚ ਸਕਦੈ ਮਾਮਲਾ
ਲਖਵੀਰ ਸਿੰਘ ਕੰਪਿਊਟਰ ਡਿਗਰੀ ਹੋਲਡਰ ਹੈ ਅਤੇ ਉਸ ਦਾ ਭਰਾ ਸਤਵੀਰ ਸਿੰਘ ਉਸ ਨੂੰ ਆਪਣੇ ਨਾਲ ਸਾਫਟਵੇਅਰ ਪ੍ਰੋਫੈਸ਼ਨਲ ਵਜੋਂ ਸੈਟਲ ਕਰਨ ਲਈ ਹਮੇਸ਼ਾ ਆਖਦਾ ਸੀ ਪਰ ਉਸ ਨੇ ਕਿਸੇ ਦੀ ਨਾ ਮੰਨੀ, ਬਸ ਵਿਹਲਾ ਘੁੰਮਦਾ ਰਹਿੰਦਾ ਸੀ। ਇਸ ਸਭ ਦੇ ਨਤੀਜੇ ਵਜੋਂ ਸਤਵੀਰ ਸਿੰਘ ਨੇ ਪਿਛਲੇ ਮਹੀਨੇ ਉਹੀ ਮਹਿੰਗਾ ਮੋਬਾਇਲ ਉਸ ਕੋਲੋਂ ਇਹ ਕਹਿ ਕੇ ਲੈ ਲਿਆ ਕਿ ਜਦੋਂ ਉਸ ਨੇ ਕੋਈ ਕੰਮਕਾਰ ਹੀ ਨਹੀਂ ਕਰਨਾ ਤਾਂ ਇੰਨਾ ਮਹਿੰਗਾ ਮੋਬਾਇਲ ਫੋਨ ਰੱਖਣ ਦੀ ਕੀ ਲੋੜ। ਇਸ ਵਜ੍ਹਾ ਕਾਰਨ ਲਖਵੀਰ ਸਿੰਘ ਦੇ ਮਨ ਅੰਦਰ ਆਪਣੇ ਭਰਾ-ਭਰਜਾਈ ਖ਼ਿਲਾਫ਼ ਕੁੜੱਤਣ ਪੈਦਾ ਹੋ ਗਈ। ਇਸੇ ਦੇ ਨਤੀਜੇ ਵਜੋਂ ਉਸ ਨੇ ਦੋਵਾਂ ਨੂੰ ਖ਼ਤਮ ਕਰਨ ਦੀ ਆਪਣੇ ਸਾਥੀ ਨਾਲ ਮਿਲ ਕੇ ਯੋਜਨਾ ਤਿਆਰ ਕਰ ਲਈ ਅਤੇ ਜਦੋਂ ਉਸ ਦੇ ਮਾਂ-ਪਿਓ ਪਿੰਡ ਗਏ ਹੋਏ ਸਨ ਤਾਂ ਪਿੱਛੋਂ ਪਹਿਲਾਂ ਉਨ੍ਹਾਂ ਦੇ ਘਰ ਪਹੁੰਚ ਕੇ ਭਰਜਾਈ ਅਮਨਦੀਪ ਕੌਰ ਦਾ ਗਲਾ ਚੁੰਨੀ ਨਾਲ ਘੁੱਟ ਕੇ ਉਸ ਨੂੰ ਪੱਖੇ ਨਾਲ ਲਟਕਾ ਦਿੱਤਾ ਅਤੇ ਫਿਰ ਸਤਵੀਰ ਸਿੰਘ ਦੇ ਡਿਊਟੀ ਤੋਂ ਘਰ ਆਉਣ ਦਾ ਦੋਵੇਂ ਮੁਲਜ਼ਮ ਇੰਤਜ਼ਾਰ ਕਰਨ ਲੱਗੇ। ਜਿਵੇਂ ਹੀ ਸਤਵੀਰ ਘਰ ਪੁੱਜਾ ਤਾਂ ਲਖਵੀਰ ਨੇ ਉਸ ਨੂੰ ਗੱਲਾਂ ’ਚ ਲਾ ਲਿਆ ਅਤੇ ਦੂਜੇ ਮੁਲਜ਼ਮ ਨੇ ਸਤਵੀਰ ਦੇ ਸਿਰ ’ਚ ਕਹੀ ਮਾਰ ਕੇ ਉਸ ਨੂੰ ਉਸੇ ਥਾਂ ਹੀ ਢੇਰੀ ਕਰ ਦਿੱਤਾ।

ਦੋਵੇਂ ਲਾਸ਼ਾਂ ਸਣੇ ਜਿਊਂਦੇ ਫੁੱਲ ਜਿਹੇ ਭਤੀਜੇ ਨੂੰ ਸੁੱਟਿਆ ਨਹਿਰ ’ਚ
ਮੁਲਜ਼ਮ ਨੇ ਮੰਨਿਆ ਕਿ ਉਹ ਆਪਣੇ ਭਰਾ ਸਤਵੀਰ ਸਿੰਘ ਅਤੇ ਭਰਜਾਈ ਅਮਨਦੀਪ ਕੌਰ ਦੋਵਾਂ ਨੂੰ ਮੌਤ ਦੇ ਘਾਟ ਉਤਾਰਨ ਪਿੱਛੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਾਉਣ ਲਈ ਹਨੇਰਾ ਹੋਣ ਪਿੱਛੋਂ ਸਤਵੀਰ ਸਿੰਘ ਦੀ ਹੀ ਚਿੱਟੇ ਰੰਗ ਦੀ ਸਵਿੱਫਟ ਕਾਰ ’ਚ ਦੋਵਾਂ ਲਾਸ਼ਾਂ ਨੂੰ ਰੋਪੜ ਰੰਗੀਲਪੁਰ ਵਿਖੇ ਸਥਿਤ ਨਹਿਰ ਕੋਲ ਲੈ ਗਏ, ਜਿੱਥੇ ਦੋਵਾਂ ਨੇ ਸਤਵੀਰ ਅਤੇ ਅਮਨਦੀਪ ਦੀਆਂ ਲਾਸ਼ਾਂ ਸਣੇ ਸਤਵੀਰ ਦੇ 2 ਐਪਲ ਮੋਬਾਇਲ ਫੋਨ, 2 ਲੈਪਟਾਪ‌ ਅਤੇ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਨਹਿਰ ’ਚ ਸੁੱਟ ਦਿੱਤੇ।

PunjabKesari

ਇਹ ਵੀ ਪੜ੍ਹੋ: ਨਰਾਤਿਆਂ ਮੌਕੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਖ਼ੁਸ਼ਖਬਰੀ, ਰੇਲਵੇ ਵਿਭਾਗ ਦੇ ਰਿਹੈ ਇਹ ਸਹੂਲਤ

ਨਹੀਂ ਮਾਰਨਾ ਚਾਹੁੰਦਾ ਸੀ 2 ਸਾਲ ਦੇ ਭਤੀਜੇ ਨੂੰ 
ਮੁਲਜ਼ਮ ਲਖਵੀਰ ਸਿੰਘ 2 ਸਾਲ ਦੇ ਆਪਣੇ ਭਤੀਜੇ ਅਨਹਦ ਸਿੰਘ ਨੂੰ ਮਾਰਨਾ ਨਹੀਂ ਸੀ ਚਾਹੁੰਦਾ ਕਿਉਂਕਿ ਉਸ ਦਾ ਉਸ ਵਿਚ ਮੋਹ ਜਾਗ ਪਿਆ ਸੀ ਪਰ ਮੁਲਜ਼ਮ ਰਾਮਸਰੂਪ ਬੱਚੇ ਨੂੰ ਉਨ੍ਹਾਂ ਦੇ ਫੜੇ ਜਾਣ ਦੀ ਵਜਾ ਦੱਸਦਾ ਹੋਇਆ ਇਸ ਦੇ ਡਰੋਂ ਉਸ ਨੂੰ ਵੀ ਨਹਿਰ ’ਚ ਸੁੱਟ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਬਹਾਨੇ ਨਾਲ ਲਖਵੀਰ ਸਿੰਘ ਕੋਲੋਂ ਅਨਹਦ ਨੂੰ ਲੈ ਕੇ ਨਹਿਰ ਵਿਚ ਸੁੱਟ ਦਿੱਤਾ, ਜੋ ਵੇਖਦਿਆਂ ਹੀ ਵੇਖਦਿਆਂ ਪਾਣੀ ਦੀਆਂ ਲਹਿਰਾਂ ’ਚ ਸਮਾ ਗਿਆ।

ਕਾਤਲ ਦੇ ਝੂਠ ਨੇ ਹੀ ਉਸ ਨੂੰ ਕਰ ਦਿੱਤਾ ਬੇਨਕਾਬ
ਸਤਵੀਰ ਅਤੇ ਅਮਨਦੀਪ ਕੌਰ ਨੂੰ ਕਤਲ ਕਰ ਦੇਣ ਪਿੱਛੋਂ ਰਾਮ ਸਰੂਪ ਨੇ ਸਤਵੀਰ ਦੇ ਘਰ ’ਚੋਂ 80 ਹਜ਼ਾਰ ਰੁਪਏ, ਅਮਨਦੀਪ ਦੀ ਹੀਰੇ ਅਤੇ ਸੋਨੇ ਦੀ ਅੰਗੂਠੀ ਵੀ ਚੋਰੀ ਕਰ ਲਈ ਸੀ, ਜਿਨ੍ਹਾਂ ਨੂੰ ਆਪਣੇ ਕੋਲ ਰੱਖ ਕੇ ਉਸ ਨੇ ਲਖਵੀਰ ਨੂੰ 20 ਹਜ਼ਾਰ ਰੁਪਏ ਹੀ ਦਿੱਤੇ। ਵਾਰਦਾਤ ਪਿੱਛੋਂ ਲਖਵੀਰ ਸਿੰਘ ਆਪਣੇ ਮਾਂ-ਪਿਓ ਕੋਲ ਪਿੰਡ ਪੰਧੇਰ ਧਨੌਲਾ ਜ਼ਿਲ੍ਹਾ ਬਰਨਾਲਾ ਚਲਾ ਗਿਆ। ਜਦਕਿ ਰਾਮ ਸਰੂਪ ਸਤਵੀਰ ਸਿੰਘ ਦੀ ਕਾਰ ਲੈ ਕੇ ਫ਼ਰਾਰ ਹੋ ਗਿਆ। ਇਸੇ ਦੌਰਾਨ ਸਤਵੀਰ ਸਿੰਘ ਅਤੇ ਅਮਨਦੀਪ ਕੌਰ ਦੋਵਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਫੋਨ ਰਾਹੀਂ ਸੰਪਰਕ ਟੁੱਟ ਚੁੱਕਿਆ ਸੀ। ਅਜਿਹੇ ਹਾਲਾਤ ਪੈਦਾ ਹੋਣ ਮਗਰੋਂ ਉਨ੍ਹਾਂ ਦੇ ਘਰ ਦੇ ਉਨ੍ਹਾਂ ਦੀ ਭਾਲ ਕਰਦੇ-ਕਰਦੇ ਜਦੋਂ ਖਰੜ ਘਰ ਪੁੱਜੇ ਤਾਂ ਅੱਗੋਂ ਘਰ ਨੂੰ ਤਾਲਾ ਲੱਗਿਆ ਮਿਲਿਆ।

ਇਸ ਮੁਕੱਦਮੇ ਦੇ ਮੁਦਈ ਮ੍ਰਿਤਕਾ ਅਮਨਦੀਪ ਕੌਰ ਦੇ ਭਰਾ ਰਣਜੀਤ ਸਿੰਘ ਨੇ ਘਰ ਦਾ ਤਾਲਾ ਤੋੜ ਕੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਉੱਥੇ ਖ਼ੂਨ ਦੇ ਨਿਸ਼ਾਨ ਮਿਲੇ। ਇਹ ਸਭ ਕੁਝ ਵੇਖ ਕੇ ਹੈਰਾਨ ਹੋਏ ਜਦੋਂ ਪਰਿਵਾਰ ਦੇ ਮੈਂਬਰਾਂ ਨੇ ਲਖਵੀਰ ਸਿੰਘ ਕੋਲੋਂ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਆਪਣੀ ਭਰਜਾਈ ਅਮਨਦੀਪ ਕੌਰ ਦੇ ਹੱਥੋਂ 10 ਅਕਤੂਬਰ ਨੂੰ ਸ਼ਾਮ 7 ਵਜੇ ਰੋਟੀ ਖਾ ਕੇ ਚਲਾ ਗਿਆ ਸੀ। ਉਸ ਦੇ ਜਾਣ ਪਿੱਛੋਂ ਇਥੇ ਜੋ ਵੀ ਹੋਇਆ, ਉਸ ਨੂੰ ਕੁਝ ਨਹੀਂ ਪਤਾ। ਰਣਜੀਤ ਸਿੰਘ ਮੁਤਾਬਕ ਉਨ੍ਹਾਂ ਜਦੋਂ ਘਰ ਦੇ ਬਾਕੀ ਕਮਰਿਆਂ ’ਚ ਵਾਰਦਾਤ ਨਾਲ ਜੁੜੇ ਸੁਰਾਗ਼ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਰਸੋਈ ਵਿਚ ਜਾ ਕੇ ਵੇਖਣ ’ਤੇ ਇਹ ਗੱਲ ਸਾਹਮਣੇ ਆਈ ਕਿ ਵਾਰਦਾਤ ਤੋਂ ਪਹਿਲਾਂ ਅਮਨਦੀਪ ਕੌਰ ਵੱਲੋਂ ਤਾਜ਼ਾ ਆਟਾ ਗੁੰਨ ਕੇ ਪਰਾਤ ਵਿਚ ਰੱਖਣ ਸਣੇ ਉਸ ਵੱਲੋਂ ਕੁੱਕਰ ਵਿਚ ਬਣਾ ਕੇ ਰੱਖੀ ਹੋਈ ਸਬਜ਼ੀ ਵੀ ਚੁੱਲ੍ਹੇ ’ਤੇ ਉਸੇ ਤਰ੍ਹਾਂ ਪਈ ਸੀ, ਤਾਂ ਜੋ ਆਪਣੇ ਪਤੀ ਸਤਵੀਰ ਸਿੰਘ ਦੇ ਘਰ ਆਉਣ ’ਤੇ ਉਹ ਰੋਟੀ ਬਣਾ ਕੇ ਇਕੱਠੇ ਬੈਠ ਕੇ ਖਾ ਸਕਣ।

ਇਹ ਵੀ ਪੜ੍ਹੋ: ਦੋ ਪੀੜ੍ਹੀਆਂ ਮਗਰੋਂ ਪਰਮਾਤਮਾ ਨੇ ਬਖਸ਼ੀ ਧੀ ਦੀ ਦਾਤ, ਪਰਿਵਾਰ ਨੇ ਢੋਲ ਵਜਾ ਤੇ ਭੰਗੜੇ ਪਾ ਕੇ ਕੀਤਾ ਸੁਆਗਤ

ਇਹ ਵੇਖ ਉਨ੍ਹਾਂ ਨੂੰ ਲਖਵੀਰ ਸਿੰਘ ਵੱਲੋਂ ਆਖੀ ਇਹ ਗੱਲ ਕਿ ਉਹ ਤਾਂ ਆਪਣੀ ਭਰਜਾਈ ਦੇ ਹੱਥੋਂ ਤਾਜ਼ਾ ਗੁੰਨੇ ਆਟੇ ਦੀ ਰੋਟੀ ਖਾ ਕੇ ਉੱਥੋਂ ਚਲਾ ਗਿਆ ਸੀ, ਸਬੰਧੀ ਸ਼ੱਕ ਹੋਇਆ ਕਿਉਂਕਿ ਰਸੋਈ ਵਿਚ ਆਟਾ ਜਿਵੇਂ ਗੁੰਨ ਕੇ ਰੱਖਿਆ ਸੀ, ਉਸ ਤੋਂ ਪਤਾ ਲੱਗ ਰਿਹਾ ਸੀ ਕਿ ਇਸ ਵਿਚੋਂ ਕੋਈ ਵੀ ਰੋਟੀ ਨਹੀਂ ਬਣੀ ਹੈ ਕਿਉਂਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਲਖਵੀਰ ਸਿੰਘ ਦੀਆਂ ਗੱਲਾਂ ਸ਼ੱਕੀ ਲੱਗ ਰਹੀਆਂ ਸਨ। ਇਸ ਲਈ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਜਿਸ ਪਿੱਛੋਂ ਘਰਦਿਆਂ ਨੇ ਲਖਵੀਰ ਸਿੰਘ ਨੂੰ ਪੁਲਸ ਹਵਾਲੇ ਕਰ ਦਿੱਤਾ।

ਫ਼ਰਾਰ ਮੁਲਜ਼ਮ ਰਾਮ ਸਰੂਪ ਦੀ ਆਖਰੀ ਫੋਨ ਲੋਕੇਸ਼ਨ ਮਿਲੀ ਬਲੌਂਗੀ ਦੀ
ਇਸ ਵਾਰਦਾਤ ਦੀ ਤਫ਼ਤੀਸ਼ ਖ਼ੁਦ ਕਰ ਰਹੇ ਐੱਸ. ਐੱਚ. ਓ. ਥਾਣਾ ਸਦਰ ਇੰਸ. ਜਗਜੀਤ ਨੇ ਦੱਸਿਆ ਕਿ ਮੁੱਖ ਮੁਲਜ਼ਮ ਲਖਵੀਰ ਸਿੰਘ ਨਾਲ ਮਿਲਕੇ ਇਸ ਟ੍ਰਿਪਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਮੁਲਜ਼ਮ ਰਾਮ ਸਰੂਪ ਉਰਫ਼ ਗੁਰਪ੍ਰੀਤ ਸਿੰਘ ਬੰਟੀ ਵਾਸੀ ਪਿੰਡ ਧਨੌਰੀ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਸਤਵੀਰ ਸਿੰਘ ਦੀ ਕਾਰ ਲੈ ਕੇ ਫ਼ਰਾਰ ਹੋ ਚੁੱਕਾ ਹੈ। ਉਸ ਦੀ ਤਸਵੀਰ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਵਾਰਦਾਤ ’ਚ ਉਸ ਦੀ ਸ਼ਮੂਲੀਅਤ ਸਾਹਮਣੇ ਆਉਣ ਮਗਰੋਂ ਉਸ ਦੇ ਫੋਨ ਦੀ ਲੋਕੇਸ਼ਨ ਟਰੈਕ ਕੀਤੀ ਗਈ ਤਾਂ ਉਹ ਬਲੌਂਗੀ ਮੋਹਾਲੀ ਦੀ ਨਿਕਲੀ। ਉਸ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਮੈਡੀਕਲ ਨਸ਼ੇ ਦਾ ਆਦੀ ਹੈ, ਜੋ ਆਪਣੇ ਘਰਦਿਆਂ ਨਾਲ ਅਕਸਰ ਲੜਦਾ-ਝਗੜਦਾ ਰਹਿੰਦਾ ਸੀ। ਵੱਖ-ਵੱਖ ਪੁਲਸ ਟੀਮਾਂ ਨੂੰ ਉਸਨੂੰ ਕਾਬੂ ਕਰਨ ਲਈ ਰਵਾਨਾ ਕੀਤਾ ਗਿਆ ਹੈ।

PunjabKesari

ਅਧਿਕਾਰੀ ਨੇ ਇਹ ਵੀ ਦੱਸਿਆ ਕਿ ਵਾਰਦਾਤ ਦਾ ਖ਼ੁਲਾਸਾ ਹੁੰਦਿਆਂ ਹੀ ਪੁਲਸ ਵੱਲੋਂ ਬੱਚੇ ਸਣੇ ਉਸ ਦੇ ਮਾਂ-ਪਿਓ ਦੀਆਂ ਲਾਸ਼ਾਂ ਦਾ ਨਹਿਰ ’ਚੋਂ ਪਤਾ ਲਾਉਣ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਸੀ, ਜਿਸ ’ਤੇ ਅਮਨਦੀਪ ਕੌਰ ਦੀ ਵੀਰਵਾਰ, ਬੱਚੇ ਅਨਹਦ ਦੀ ਸ਼ੁੱਕਰਵਾਰ, ਜਦਕਿ ਸਤਵੀਰ ਸਿੰਘ ਦੀ ਲਾਸ਼ ਸ਼ਨੀਵਾਰ ਸ਼ਾਮ ਸਮੇਂ ਕਜੌਲੀ ਨੇੜਿਓਂ ਨਹਿਰ ’ਚੋਂ ਗੋਤਾਖੋਰਾਂ ਵੱਲੋਂ ਬਰਾਮਦ ਕਰ ਲਈ ਗਈ ਹੈ। ਤਿੰਨਾਂ ਲਾਸ਼ਾਂ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਨਾਖ਼ਤ ਕੀਤੇ ਜਾਣ ਪਿੱਛੋਂ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ: ਦੋਆਬੇ ਦੇ ਲੋਕਾਂ ਲਈ ਬੇਹੱਦ ਖ਼ਾਸ ਖ਼ਬਰ, ਹੁਣ ਆਦਮਪੁਰ ਤੋਂ ਇਨ੍ਹਾਂ ਰੂਟਾਂ ਲਈ ਉੱਡਣਗੀਆਂ ਫਲਾਈਟਾਂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en&pli=1

For IOS:-  https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News