ਜਲੰਧਰ: ਕਾਰੋਬਾਰੀ ਕੋਲੋਂ 72 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਮਾਲਕ ਦੇ ਘਰ 'ਚ 24 ਘੰਟੇ ਡਰਾਈਵਰ...
Thursday, Aug 20, 2026 - 11:43 AM (IST)
ਜਲੰਧਰ (ਮਹੇਸ਼)-ਥਾਣਾ ਰਾਮਾ ਮੰਡੀ ਦੇ ਇਲਾਕੇ ਸੂਰਿਆ ਐਨਕਲੇਵ ਵਿਚ ਲੋਹਾ ਕਾਰੋਬਾਰੀ ਲਲਿਤ ਮਿੱਤਲ ਨਾਲ ਹੋਈ 72 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਨਵਾਂ ਖ਼ੁਲਾਸਾ ਹੋਇਆ ਹੈ ਕਿ ਵਾਰਦਾਤ ਨੂੰ ਅੰਜਾਮ ਲਲਿਤ ਮਿੱਤਲ ਦੇ ਡਰਾਈਵਰ, ਉਸ ਦੇ ਜੀਜੇ ਅਤੇ ਉਨ੍ਹਾਂ ਦੀ ਮਹਿਲਾ ਰਿਸ਼ਤੇਦਾਰ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਦਿੱਤਾ ਸੀ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਤੋਂ ਪੁਲਸ ਨੇ 12 ਲੱਖ ਰੁਪਏ ਦੀ ਬਰਾਮਦਗੀ ਕਰ ਲਈ ਹੈ ਅਤੇ ਬਾਕੀ ਦੀ ਰਿਕਵਰੀ ਕਰਨ ਲਈ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਡਰਾਈਵਰ ਮਿੱਤਲ ਪਰਿਵਾਰ ਕੋਲ ਸਾਲਾਂ ਤੋਂ ਕੰਮ ਕਰਦਾ ਸੀ ਪਰ ਇਸੇ ਭਰੋਸੇ ਦਾ ਫਾਇਦਾ ਚੁੱਕਦਿਆਂ ਧੋਖੇਬਾਜ਼ ਡਰਾਈਵਰ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉੱਥੇ ਹੀ ਵਾਰਦਾਤ ਦੇ 24 ਘੰਟੇ ਤੱਕ ਮੁਲਜ਼ਮ ਡਰਾਈਵਰ ਮਿੱਤਲ ਪਰਿਵਾਰ ਦੇ ਘਰ ਹੀ ਰਿਹਾ ਤਾਂ ਜੋ ਉਹ ਪੁਲਸ ਕਾਰਵਾਈ 'ਤੇ ਨਜ਼ਰ ਰੱਖ ਸਕੇ। ਪੁਲਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਪੂਰਾ ਖ਼ੁਲਾਸਾ ਕਰ ਦਿੱਤਾ। ਲੋਹਾ ਕਾਰੋਬਾਰੀ ਲਲਿਤ ਮਿੱਤਲ ਨਾਲ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਪਲਾਨ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਹੀ ਪੁਰਾਣੇ ਨੌਕਰ ਨੇ ਆਪਣੇ ਜੀਜੇ ਅਤੇ ਮਹਿਲਾ ਰਿਸ਼ਤੇਦਾਰ ਨਾਲ ਮਿਲ ਕੇ ਬਣਾਇਆ ਸੀ। ਇਹ ਡਰਾਈਵਰ ਮਿੱਤਲ ਪਰਿਵਾਰ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਸੀ ਅਤੇ ਇਸ ਨੇ ਆਪਣਾ ਭਰੋਸਾ ਮਿੱਤਲ ਪਰਿਵਾਰ 'ਤੇ ਇਸ ਕਦਰ ਬਣਾ ਰੱਖਿਆ ਸੀ, ਜਿਵੇਂ ਉਹ ਉਨ੍ਹਾਂ ਦੇ ਪਰਿਵਾਰ ਦਾ ਹੀ ਕੋਈ ਮੈਂਬਰ ਹੋਵੇ। ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਡਰਾਈਵਰ ਮਿੱਤਲ ਪਰਿਵਾਰ ਨਾਲ ਹੀ ਰਹਿੰਦਾ ਸੀ।

ਇਹ ਵੀ ਪੜ੍ਹੋ: ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ ਦੌਰ ਦੇ ਸੁਣੋ ਅਣਸੁਣੇ ਕਿੱਸੇ
ਅਜਿਹੇ ਵਿਚ ਉਸ ਨੂੰ ਉਨ੍ਹਾਂ ਦੇ ਕਾਰੋਬਾਰ ਤੋਂ ਲੈ ਕੇ ਘਰ ਦੇ ਹਰ ਮੈਂਬਰ ਦੀ ਹਰ ਜਾਣਕਾਰੀ ਬਾਰੇ ਵੀ ਚੰਗੀ ਤਰ੍ਹਾਂ ਪਤਾ ਸੀ। ਉਸ 'ਤੇ ਭਰੋਸਾ ਵੀ ਮਿੱਤਲ ਪਰਿਵਾਰ ਘਰ ਦੇ ਮੈਂਬਰ ਦੀ ਤਰ੍ਹਾਂ ਹੀ ਕਰਦਾ ਸੀ। ਲਲਿਤ ਮਿੱਤਲ ਲੋਹਾ ਕਾਰੋਬਾਰੀ ਦੀ ਪਤਨੀ ਜੋਕਿ ਸੀ. ਜੇ. ਐੱਸ. ਸਕੂਲ ਚਲਾਉਂਦੀ ਹੈ, ਉਨ੍ਹਾਂ ਨੇ ਆਪਣੇ ਸਕੂਲ ਵਿਚ ਕੰਮ ਕਰਨ ਵਾਲੀ ਇਕ ਮਹਿਲਾ ਨਾਲ ਡਰਾਈਵਰ ਦਾ ਵਿਆਹ ਵੀ ਕਰਵਾਇਆ ਸੀ। ਇਸ ਵਿਆਹ ਦਾ ਸਾਰਾ ਖਰਚਾ ਮਿੱਤਲ ਪਰਿਵਾਰ ਨੇ ਹੀ ਚੁੱਕਿਆ ਸੀ ਕਿਉਂਕਿ ਉਹ ਡਰਾਈਵਰ ਨੂੰ ਆਪਣਾ ਪੁੱਤਰ ਮੰਨਦੇ ਸਨ।

ਅਜਿਹੇ ਵਿਚ ਡਰਾਈਵਰ ਨੂੰ ਮਿੱਤਲ ਪਰਿਵਾਰ ਦਾ ਪੂਰਾ ਭੇਤ ਸੀ, ਜਿਸ ਕਾਰਨ ਉਸ ਨੂੰ ਲੋਹੇ ਦੇ ਕਾਰੋਬਾਰ ਅਤੇ ਸਕੂਲ ਤੋਂ ਆਉਣ ਵਾਲੀ ਕਮਾਈ ਬਾਰੇ ਪਤਾ ਸੀ ਅਤੇ ਇਹ ਵੀ ਪਤਾ ਸੀ ਕਿ ਕਦੋਂ ਉਹ ਪੈਸੇ ਬੈਂਕ ਵਿਚ ਜਮ੍ਹਾ ਕਰਵਾਉਣ ਜਾਂਦੇ ਹਨ। ਪੂਰੀ ਤਰ੍ਹਾਂ ਭੇਤੀ ਹੋਣ ਕਰਕੇ ਹੀ ਉਸ ਨੇ ਬਜ਼ੁਰਗ ਲਲਿਤ ਮਿੱਤਲ ਨੂੰ ਲੁੱਟਣ ਦੀ ਯੋਜਨਾ ਤਿਆਰ ਕਰ ਲਈ। ਇਸ ਤੋਂ ਬਾਅਦ ਉਸ ਨੇ ਇਸ ਯੋਜਨਾ ਵਿਚ ਆਪਣੇ ਜੀਜੇ ਅਤੇ ਇਕ ਮਹਿਲਾ ਰਿਸ਼ਤੇਦਾਰ ਨੂੰ ਵੀ ਸ਼ਾਮਲ ਕੀਤਾ। ਲੁੱਟ ਦੀ ਵਾਰਦਾਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਮਹਿਲਾ ਨੂੰ ਯੋਜਨਾ ਤਹਿਤ ਡਰਾਈਵਰ ਨੇ ਲਲਿਤ ਮਿੱਤਲ ਨਾਲ ਮਿਲਾਇਆ ਅਤੇ ਉਸ ਨੂੰ ਨੌਕਰੀ 'ਤੇ ਰੱਖਵਾ ਦਿੱਤਾ ਕਿਉਂਕਿ ਮਿੱਤਲ ਪਰਿਵਾਰ ਡਰਾਈਵਰ 'ਤੇ ਪੂਰਾ ਭਰੋਸਾ ਕਰਦਾ ਸੀ। ਇਸੇ ਲਈ ਬਿਨਾਂ ਵੈਰੀਫਿਕੇਸ਼ਨ ਕਰਵਾਏ ਉਸ ਮਹਿਲਾ ਨੂੰ ਕੰਮ 'ਤੇ ਰੱਖ ਲਿਆ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ, BBMB ਦੀ ਵੱਡੀ ਚਿਤਾਵਨੀ
ਇਸ ਤੋਂ ਬਾਅਦ ਡਰਾਈਵਰ ਦੇ ਜੀਜੇ ਅਤੇ ਉਸ ਮਹਿਲਾ ਰਿਸ਼ਤੇਦਾਰ ਨੇ ਡਰਾਈਵਰ ਦੇ ਕਹਿਣ 'ਤੇ ਲਲਿਤ ਮਿੱਤਲ ਦੀ ਰੇਕੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਡਰਾਈਵਰ ਨੇ ਆਪਣੇ ਜੀਜੇ ਅਤੇ ਮਹਿਲਾ ਸਾਥੀ ਨੂੰ ਸੂਚਨਾ ਦਿੱਤੀ ਕਿ ਅੱਜ ਸਵਿੱਫਟ ਡਿਜ਼ਾਇਰ ਵਿਚ ਸਵਾਰ ਹੋ ਕੇ ਲਲਿਤ ਮਿੱਤਲ ਲੱਖਾਂ ਰੁਪਏ ਦੀ ਨਕਦੀ ਬੈਗ ਵਿਚ ਭਰ ਕੇ ਘਰ ਵੱਲ ਜਾ ਰਿਹਾ ਹੈ। ਰੇਕੀ ਤੋਂ ਬਾਅਦ ਤਿੰਨਾਂ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪਲ-ਪਲ ਦੀ ਖ਼ਬਰ ਲੈਣ ਲਈ ਡਰਾਈਵਰ ਮਿੱਤਲ ਪਰਿਵਾਰ ਦੇ ਨਾਲ ਰਿਹਾ ਤਾਂ ਜੋ ਪੁਲਸ ਕਾਰਵਾਈ ਦਾ ਪਤਾ ਚੱਲਦਾ ਰਹੇ ਅਤੇ ਉਹ ਆਪਣੇ ਸਾਥੀਆਂ ਨੂੰ ਅਲਰਟ ਕਰਦਾ ਰਹੇ।
ਇਹ ਵੀ ਪੜ੍ਹੋ: ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
