11 ਵਿਅਕਤੀਆਂ ਦੀ ਜਾਨ ਲੈਣ ਵਾਲੇ ਗਿਆਸਪੁਰਾ ਗੈਸ ਲੀਕ ਮਾਮਲੇ ’ਚ ਹੋਇਆ ਵੱਡਾ ਖ਼ੁਲਾਸਾ

Saturday, Jul 08, 2023 - 01:20 AM (IST)

11 ਵਿਅਕਤੀਆਂ ਦੀ ਜਾਨ ਲੈਣ ਵਾਲੇ ਗਿਆਸਪੁਰਾ ਗੈਸ ਲੀਕ ਮਾਮਲੇ ’ਚ ਹੋਇਆ ਵੱਡਾ ਖ਼ੁਲਾਸਾ

ਲੁਧਿਆਣਾ (ਹਿਤੇਸ਼)–ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ 30 ਅਪ੍ਰੈਲ ਦੀ ਸਵੇਰ ਸੀਵਰੇਜ ਗੈਸ ਲੀਕ ਹੋਣ ਨਾਲ ਹੋਈ 11 ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿਚ ਹੁਣ ਇਕ ਵੱਡਾ ਖ਼ੁਲਾਸਾ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੀ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਇਨ੍ਹਾਂ ਮੌਤਾਂ ਪਿੱਛੇ ਵੱਡਾ ਕਾਰਨ ਹਾਈਡ੍ਰੋਜਨ ਸਲਫਾਈਡ ਗੈਸ ਸੀ, ਜੋ ਭਾਰੀ ਮਾਤਰਾ ਵਿਚ ਉਸ ਸਵੇਰ ਸੀਵਰੇਜ ਲੀਕ ਵਿਚ ਮਿਲੀ ਸੀ। ਬੋਰਡ ਦੀ ਇਹ ਰਿਪੋਰਟ 11 ਵਿਅਕਤੀਆਂ ਦੀ ਮੌਤ ਤੋਂ ਬਾਅਦ ਕੀਤੀ ਗਈ ਜਾਂਚ ’ਤੇ ਆਧਾਰਿਤ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਿਆਸਪੁਰਾ ਦੇ ਇਲਾਕੇ ਵਿਚ ਸੜਕ ਕਿਨਾਰੇ ਖੁੱਲ੍ਹੇ ਮੈਨਹੋਲ ਵਿਚੋਂ ਖਤਰਨਾਕ ਗੈਸ ਦੇ ਰਿਸਾਅ ਕਾਰਨ 11 ਵਿਅਕਤੀਆਂ ਦੀ ਮੌਤ ਹੋਈ ਸੀ। ਵਿਗਿਆਨੀ ਜੀ. ਰਾਮ ਬਾਬੂ, ਡਾ. ਨਰਿੰਦਰ ਸ਼ਰਮਾ, ਕਮਲੇਸ਼ ਸਿੰਘ ਅਤੇ ਨਿਜ਼ਾਮੁਦੀਨ ’ਤੇ ਆਧਾਰਿਤ ਸੀ. ਪੀ. ਸੀ. ਬੀ. ਦੀ ਇਕ ਟੀਮ ਨੇ ਇਸ ਘਟਨਾ ਤੋਂ 3 ਦਿਨ ਬਾਅਦ ਗਿਆਸਪੁਰਾ ਇਲਾਕੇ ਦਾ ਦੌਰਾ ਕਰ ਕੇ ਜਾਂਚ ਕੀਤੀ ਸੀ। ਬੋਰਡ ਵੱਲੋਂ ਇਸ ਮਾਮਲੇ ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਕਮੇਟੀ ਨੂੰ ਆਪਣੀ ਰਿਪੋਰਟ ਦੇ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ

ਸੀ. ਪੀ. ਸੀ. ਬੀ. ਦੀ ਰਿਪੋਰਟ ਵਿਚ ਹੈਰਾਨ ਕਰਨ ਵਾਲੇ ਖ਼ੁਲਾਸੇ

ਰਿਪੋਰਟ ’ਚ ਬੋਰਡ ਨੇ ਦੱਸਿਆ ਹੈ ਕਿ ਸੀਵਰੇਜ ਵਿਚ ਕੈਮੀਕਲ ਕਾਰਨ ਹਾਈਡ੍ਰੋਜਨ ਸਲਫਾਈਡ ਗੈਸ ਬਣੀ। ਇਹ ਕੈਮੀਕਲ ਆਸ-ਪਾਸ ਚੱਲ ਰਹੀ ਇੰਡਸਟਰੀ ’ਚੋਂ ਨਿਕਲਿਆ ਅਤੇ ਸੀਵਰੇਜ ’ਚ ਗਿਆ। ਸੀਵਰੇਜ ਵਿਚ ਮੈਟਲ ਸਲਫਾਈਡ ਇੰਡਸਟਰੀ ਵੱਲੋਂ ਪਾਏ ਗਏ, ਜਿਨ੍ਹਾਂ ਨੇ ਐਸਿਡ ਦੇ ਨਾਲ ਮਿਲ ਕੇ ਹਾਈਡ੍ਰੋਜਨ ਸਲਫਾਈਡ ਗੈਸ ਦਾ ਨਿਰਮਾਣ ਕੀਤਾ ਅਤੇ ਜਿਸ ਕਾਰਨ ਇਹ ਘਟਨਾ ਵਾਪਰੀ। ਵਰਣਨਯੋਗ ਹੈ ਕਿ ਗਿਆਸਪੁਰਾ ਇਲਾਕੇ ਦੇ ਆਸ-ਪਾਸ ਦੀਆਂ ਗਲੀਆਂ ਵਿਚ ਵੱਡੀ ਗਿਣਤੀ ’ਚ ਅਜਿਹੀ ਫੈਕਟਰੀਆਂ ਹਨ, ਜਿੱਥੇ ਸੈਲਫਰਿਕ ਅਤੇ ਹਾਈਡ੍ਰੋਲਿਕ ਦੀ ਵਰਤੋਂ ਕੀਤੀ ਜਾਂਦੀ ਹੈ। ਮਸ਼ੀਨਾਂ, ਸਾਈਕਲਾਂ ਆਦਿ ਦੇ ਪੁਰਜ਼ਿਆਂ ਦੀ ਨਿਰਮਾਣ ਪ੍ਰਕਿਰਿਆ ਲਈ ਇਨ੍ਹਾਂ ਦੀ ਵਰਤੋਂ ਹੁੰਦੀ ਹੈ। ਘਟਨਾ ਵਾਲੇ ਦਿਨ ਜਿਸ ਥਾਂ ’ਤੇ ਇਹ ਪੂਰਾ ਵਾਕਿਆ ਹੋਇਆ, ਉੱਥੋਂ ਦੇ ਮੁੱਖ ਸੀਵਰੇਜ ਵਿਚ ਖਤਰਨਾਕ ਕੈਮੀਕਲ ਦੀ ਮਾਤਰਾ ਜ਼ਿਆਦਾ ਪਾਈ ਗਈ ਅਤੇ ਇਸ ਦੇ ਪਿੱਛੇ ਵੱਡਾ ਕਾਰਨ ਜੋ ਰਿਪੋਰਟ ਵਿਚ ਦੱਸਿਆ ਗਿਆ ਹੈ, ਉਹ ਇੰਡਸਟਰੀ ਵਿਚ ਵਰਤੋਂ ’ਚ ਲਿਆਂਦਾ ਜਾਣ ਵਾਲਾ ਹਾਈਡ੍ਰੋਲਿਕ ਐਸਿਡ ਹੈ।

ਇਹ ਖ਼ਬਰ ਵੀ ਪੜ੍ਹੋ : ਲੱਖਾਂ ਰੁਪਏ ਲਾ ਕੇ ਕੈਨੇਡਾ ਭੇਜੀ ਪਤਨੀ, ਖੁਦ ਦੇ ਪਹੁੰਚਣ ’ਤੇ ਫੇਰੀਆਂ ਅੱਖਾਂ ਤੇ ਕਰ ’ਤਾ ਉਹ ਜੋ ਸੋਚਿਆ ਨਹੀਂ ਸੀ

ਨਗਰ ਨਿਗਮ ਦੀ ਲਾਪ੍ਰਵਾਹੀ ਵੀ ਜ਼ਾਹਿਰ

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਗੈਸ ਦੇ ਹਵਾ ਨਾਲੋਂ ਭਾਰੀ ਹੋਣ ਕਾਰਨ ਉਸ ਨੇ ਗਰਾਊਂਡ ’ਤੇ ਮੌਜੂਦ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਦਕਿ ਪਹਿਲੀ ਮੰਜ਼ਿਲ ’ਤੇ ਗੈਸ ਨਾ ਪਹੁੰਚਣ ਕਾਰਨ ਉੱਥੇ ਮੌਜੂਦ ਲੋਕਾਂ ਦਾ ਬਚਾਅ ਹੋ ਗਿਆ।

ਇਸ ਗੈਸ ਦੀ ਮੌਜੂਦਗੀ ਲਈ ਪੀ. ਪੀ. ਸੀ. ਬੀ. ਵੱਲੋਂ ਸੀਵਰੇਜ ਜਾਮ ਦੀ ਸਮੱਸਿਆ ਤੋਂ ਇਲਾਵਾ ਗੈਸ ਦੀ ਨਿਕਾਸੀ ਲਈ ਰੋਡ ਜਾਲੀਆਂ ਦਾ ਇੰਤਜ਼ਾਮ ਨਾ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਕੈਂਟਰ ਵਿਚਾਲੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ

13 ਜੁਲਾਈ ਨੂੰ ਐੱਨ. ਜੀ. ਟੀ. ਦੀ ਸੁਣਵਾਈ

ਇਸ ਮਾਮਲੇ ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪੀ. ਪੀ. ਸੀ. ਬੀ. ਦੇ ਚੇਅਰਮੈਨ ਦੀ ਅਗਵਾਈ ਹੇਠ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਰਾਹੀਂ ਰਿਪੋਰਟ ਪੇਸ਼ ਕਰਨ ਲਈ 30 ਜੂਨ ਦੀ ਡੈੱਡਲਾਈਨ ਫਿਕਸ ਕੀਤੀ ਗਈ ਸੀ ਪਰ ਉਸ ਸਮੇਂ ਤਕ ਰਿਪੋਰਟ ਫਾਈਨਲ ਨਹੀਂ ਹੋ ਸਕੀ।

ਹੁਣ ਐੱਨ. ਜੀ. ਟੀ. ਵਿਚ ਇਸ ਮਾਮਲੇ ਦੀ ਸੁਣਵਾਈ 13 ਜੁਲਾਈ ਨੂੰ ਹੋਵੇਗੀ। ਇਸ ਦੌਰਾਨ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਹੀ ਇਹ ਤਸਵੀਰ ਸਾਫ਼ ਹੋ ਸਕਦੀ ਹੈ ਕਿ ਕਿਸ ਦੀ ਲਾਪ੍ਰਵਾਹੀ ਕਾਰਨ ਉਕਤ ਹਾਦਸਾ ਵਾਪਰਿਆ ਕਿਉਂਕਿ ਮੈਜਿਸਟ੍ਰੇਟੀ ਜਾਂਚ ’ਚ ਕਿਸੇ ਵਿਭਾਗ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਪੁਲਸ ਵੱਲੋਂ ਬਣਾਈ ਗਈ ਐੱਸ. ਆਈ. ਟੀ. ਦੀ ਜਾਂਚ ਹੁਣ ਤਕ ਮੁਕੰਮਲ ਨਹੀਂ ਹੋਈ।

ਸੈਂਪਲ ਲੈਣ ਦੇ ਤਰੀਕੇ ’ਤੇ ਵੀ ਖੜ੍ਹੇ ਹੋ ਰਹੇ ਸਵਾਲ

ਇਸ ਮਾਮਲੇ ’ਚ ਸੈਂਪਲ ਲੈਣ ਦੇ ਤਰੀਕੇ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਜਦੋਂ ਹਾਈਡ੍ਰੋਜਨ ਸਲਫਾਈਡ ਗੈਸ ਕਾਰਨ ਮੌਤਾਂ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਸ ਦਾ ਅਸਰ ਘੱਟ ਕਰਨ ਲਈ ਕਾਸਟਿਕ ਸੋਡਾ ਪਾਇਆ ਗਿਆ, ਜਿਸ ਸਬੰਧੀ ਐੱਸ. ਡੀ. ਐੱਮ. ਵੱਲੋਂ ਆਪਣੀ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ। ਹਾਦਸੇ ਲਈ ਕਿਸ ਦੀ ਲਾਪ੍ਰਵਾਹੀ ਹੈ, ਇਸ ਦਾ ਸਪੱਸ਼ਟ ਪਤਾ ਲਾਉਣ ਲਈ ਹਾਦਸੇ ਵਾਲੇ ਦਿਨ ਸੀਵਰੇਜ ਦੀ ਸਹੀ ਸਥਿਤੀ ਦੇ ਸੈਂਪਲ ਨਹੀਂ ਲਏ ਗਏ।

ਹਾਲਾਂਕਿ ਇਸ ਮੁੱਦੇ ’ਤੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਂਪਲ ਲੈਣ ਤੋਂ ਬਾਅਦ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਹੀ ਗੈਸ ਦਾ ਅਸਰ ਘੱਟ ਕਰਨ ਲਈ ਸੀਵਰੇਜ ਨੂੰ ਫਲੱਸ਼ ਆਊਟ ਕਰਨ ਲਈ ਕਿਹਾ ਗਿਆ ਸੀ।

‘ਜਗ ਬਾਣੀ’ ਨੇ ਪਹਿਲਾਂ ਹੀ ਕਰ ਦਿੱਤਾ ਸੀ ਖ਼ੁਲਾਸਾ

30 ਅਪ੍ਰੈਲ ਨੂੰ ਲੁਧਿਆਣਾ ਦੇ ਗਿਆਸਪੁਰਾ ’ਚ ਹੋਏ ਗੈਸ ਰਿਸਾਅ ਦੇ ਮਾਮਲੇ ਵਿਚ ਬੇਸ਼ੱਕ ਰਿਪੋਰਟ ਹੁਣ ਆਈ ਹੈ ਪਰ ‘ਜਗ ਬਾਣੀ’ ਨੇ ਉਸੇ ਸਮੇਂ ਇਸ ਗੱਲ ਦਾ ਖ਼ੁਲਾਸਾ ਕਰ ਦਿੱਤਾ ਸੀ ਕਿ ਹਾਈਡ੍ਰੋਜਨ ਸਲਫਾਈਡ ਕਾਰਨ 11 ਵਿਅਕਤੀਆਂ ਦੀ ਜਾਨ ਗਈ ਹੈ। ਘਟਨਾ ਵਾਲੀ ਥਾਂ ’ਤੇ ‘ਜਗ ਬਾਣੀ’ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਗਿਆਸਪੁਰਾ ਦੇ ਆਸ-ਪਾਸ ਦੀਆਂ ਗਲੀਆਂ ਵਿਚ ਇਲੈਕਟ੍ਰੋ ਪਲੇਟਿੰਗ ਦਾ ਕੰਮ ਹੁੰਦਾ ਹੈ, ਜਿਸ ਵਿਚ ਸਾਈਕਲ ਇੰਡਸਟਰੀ ਨਾਲ ਸਬੰਧਤ ਪਾਰਟਸ ਦੀ ਧੁਆਈ ਦਾ ਕੰਮ ਹੁੰਦਾ ਹੈ। ਇਸ ਧੁਆਈ ਲਈ ਖਤਰਨਾਕ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਬਾਅਦ ’ਚ ਸਥਾਨਕ ਇੰਡਸਟਰੀ ਵਾਲੇ ਸੀਵਰੇਜ ਵਿਚ ਡਿਸਚਾਰਜ ਕਰ ਦਿੰਦੇ ਹਨ। ਹੁਣ ਇਹ ਪੂਰਾ ਮਾਮਲਾ ਐੱਨ. ਜੀ. ਟੀ. ਦੇ ਹੱਥਾਂ ਵਿਚ ਹੈ ਅਤੇ ਉਸੇ ਦੀ ਰਿਪੋਰਟ ਦੇ ਆਧਾਰ ’ਤੇ ਸਾਬਤ ਹੋਵੇਗਾ ਕਿ ਇਸ ਮਾਮਲੇ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਕਿੰਨੇ ਜ਼ਿੰਮੇਵਾਰ ਹਨ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News