ਪੰਜਾਬ ਮੰਤਰੀ ਮੰਡਲ ਦੇ ਵੱਡੇ ਫੇਰਬਦਲ ’ਚ ਜਲੰਧਰ ਦੇ ਹੱਥ ਰਹੇ ਫਿਰ ਖਾਲੀ
01/08/2023 4:55:21 PM

ਜਲੰਧਰ (ਸੋਮਨਾਥ)– ਪੰਜਾਬ ਮੰਤਰੀ ਮੰਡਲ ਵਿਚ ਸ਼ਨੀਵਾਰ ਵੱਡਾ ਫੇਰਬਦਲ ਹੋਇਆ ਹੈ। ਡਾ. ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹ ਵਿਭਾਗ ਚੇਤਨ ਸਿੰਘ ਜੌੜਾਮਾਜਰਾ ਕੋਲ ਸੀ। ਸ਼ਨੀਵਾਰ ਨੂੰ ਹੋਏ ਇਸ ਮੰਤਰੀ ਮੰਡਲ ਦੇ ਫੇਰਬਦਲ ਵਿਚ ਜਲੰਧਰ ਦੇ ਹੱਥ ਫਿਰ ਖਾਲੀ ਰਹਿ ਗਏ ਹਨ। ਇਸ ਤੋਂ ਪਹਿਲਾਂ ਮਾਨ ਸਰਕਾਰ ਦੇ ਪਹਿਲੇ ਮੰਤਰੀ ਮੰਡਲ ਵਿਚ ਵੀ ਜਲੰਧਰ ਨੂੰ ਕੋਈ ਸਥਾਨ ਨਹੀਂ ਮਿਲਿਆ ਸੀ। ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਿਛਲੇ ਇਕ ਮਹੀਨੇ ਤੋਂ ਪੰਜਾਬ ਮੰਤਰੀ ਮੰਡਲ ਵਿਚ ਜਲਦ ਵਿਸਤਾਰ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਸਨ ਅਤੇ ਆਸ ਪ੍ਰਗਟ ਕੀਤੀ ਜਾ ਰਹੀ ਸੀ ਕਿ ਜਲੰਧਰ ਸੈਂਟਰਲ ਹਲਕੇ ਤੋਂ ਰਮਨ ਅਰੋੜਾ, ਵੈਸਟ ਹਲਕੇ ਤੋਂ ਸ਼ੀਤਲ ਅੰਗੁਰਾਲ, ਕਰਤਾਰਪੁਰ ਤੋਂ ਬਲਕਾਰ ਸਿੰਘ ਅਤੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ਦੇ 4 ਵਿਧਾਇਕ ਹੋਣ ਕਾਰਨ ਕਿਸੇ ਵਿਧਾਇਕ ਨੂੰ ਮੰਤਰੀ ਅਹੁਦੇ ਨਾਲ ਨਿਵਾਜਿਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਭਗਵੰਤ ਮਾਨ ਸਰਕਾਰ ਵਿਚ ਜ਼ਿਆਦਾਤਰ ਮੰਤਰੀ ਮਾਲਵਾ ਇਲਾਕੇ ਵਿਚ ਹਨ ਅਤੇ ਉਸ ਤੋਂ ਬਾਅਦ ਮਾਝਾ ਖੇਤਰ ਦਾ ਨਾਂ ਆਉਂਦਾ ਹੈ। ਦੋਆਬਾ ਖੇਤਰ ਤੋਂ ਸਿਰਫ਼ ਬ੍ਰਹਮਸ਼ੰਕਰ ਜਿੰਪਾ ਨੂੰ ਮੰਤਰੀ ਬਣਾਇਆ ਗਿਆ ਹੈ।
ਕਦੀ ਜਲੰਧਰ ਤੋਂ ਮੰਤਰੀ ਮੰਡਲ ਵਿਚ ਰਹੇ 4-4 ਮੰਤਰੀ
1992 ਤੋਂ ਲੈ ਕੇ 1997 ਤੱਕ ਪੰਜਾਬ ਵਿਚ ਬੇਅੰਤ ਸਿੰਘ ਦੀ ਸਰਕਾਰ ਰਹੀ, ਜਿਸ ਵਿਚ ਜਲੰਧਰ ਤੋਂ ਮਹਿੰਦਰ ਸਿੰਘ ਕੇ. ਪੀ., ਚੌਧਰੀ ਜਗਜੀਤ ਸਿੰਘ, ਅਮਰਜੀਤ ਸਿੰਘ ਸਮਰਾ ਅਤੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਮੰਤਰੀ ਰਹੇ। 1997 ਤੋਂ ਲੈ ਕੇ 2002 ਤੱਕ ਭਾਜਪਾ ਤੋਂ ਮਨੋਰੰਜਨ ਕਾਲੀਆ, ਅਜੀਤ ਸਿੰਘ ਕੋਹਾੜ ਮੰਤਰੀ ਅਹੁਦੇ ’ਤੇ ਰਹੇ। ਫਿਲੌਰ ਤੋਂ ਮਾਸਟਰ ਸਰਵਣ ਸਿੰਘ ਵੀ ਅਕਾਲੀ ਦਲ ਦੇ ਮੰਤਰੀ ਰਹੇ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
2002 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲੀ ਤਾਂ ਜਲੰਧਰ ਤੋਂ ਚੌਧਰੀ ਜਗਜੀਤ ਸਿੰਘ, ਅਮਰਜੀਤ ਸਿੰਘ ਸਮਰਾ, ਅਵਤਾਰ ਹੈਨਰੀ ਅਤੇ ਮਹਿੰਦਰ ਸਿੰਘ ਕੇ. ਪੀ. ਮੰਤਰੀ ਅਹੁਦੇ ’ਤੇ ਰਹੇ। 2007 ਵਿਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਅਕਾਲੀ-ਭਾਜਪਾ ਦੀ ਲਗਾਤਾਰ 2 ਵਾਰ ਸਰਕਾਰ ਰਹੀ। ਜਲੰਧਰ ਤੋਂ ਸੀ. ਪੀ. ਐੱਸ. ਕੇ. ਡੀ. ਭੰਡਾਰੀ, ਅਵਿਨਾਸ਼ ਚੰਦਰ ਕਲੇਰ, ਮਾਸਟਰ ਸਰਵਣ ਸਿੰਘ, ਮਨੋਰੰਜਨ ਕਾਲੀਆ ਅਤੇ ਉਨ੍ਹਾਂ ਤੋਂ ਬਾਅਦ ਭਗਤ ਚੂਨੀ ਲਾਲ ਸੱਤਾ ਦਾ ਹਿੱਸਾ ਰਹੇ।
2017 ਵਿਚ ਕੈਪਟਨ ਦੀ ਸਰਕਾਰ ਬਣੀ ਤਾਂ ਜਲੰਧਰ ਦੀ ਅਣਦੇਖੀ ਹੋਈ ਪਰ ਚੰਨੀ ਸਰਕਾਰ ਵਿਚ ਪਰਗਟ ਸਿੰਘ ਨੂੰ ਮੰਤਰੀ ਅਹੁਦੇ ਨਾਲ ਨਿਵਾਜਿਆ ਗਿਆ। ਹੁਣ ਪੰਜਾਬ ਦੀ ਸੱਤਾ ’ਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਤਾਂ ਇਸ ਵਿਚ ਦੋਆਬਾ ਤੋਂ ਇਕਲੌਤੇ ਬ੍ਰਹਮਸ਼ੰਕਰ ਜਿੰਪਾ ਨੂੰ ਹੀ ਮੰਤਰੀ ਬਣਾਇਆ ਗਿਆ ਪਰ ਜਲੰਧਰ ਦੇ ਹੱਥ ਖਾਲੀ ਰਹੇ। ਹੁਣ ਜਦੋਂ ਮਾਨ ਸਰਕਾਰ ਸਿੰਚ ਵੱਡਾ ਫੇਰਬਦਲ ਹੋਇਆ ਹੈ ਤਾਂ ਜਲੰਧਰ ਨੂੰ ਇਕ ਵਾਰ ਫਿਰ ਅਣਡਿੱਠ ਕੀਤਾ ਗਿਆ।
ਉਦਯੋਗ ਜਗਤ ਤੋਂ ਉੱਠ ਰਹੀ ਮੰਗ
ਜਲੰਧਰ ਸ਼ਹਿਰ ਸਪੋਰਟਸ ਹੱਬ ਅਤੇ ਇੰਡਸਟਰੀ ਲਈ ਪ੍ਰਸਿੱਧ ਹੈ। ਜਲੰਧਰ ਤੋਂ ਲੈਦਰ, ਸਪੋਰਟਸ ਅਤੇ ਹੈਂਡ ਟੂਲਜ਼ ਦਾ ਸਾਮਾਨ ਵੱਡੇ ਪੱਧਰ ’ਤੇ ਐਕਸਪੋਰਟ ਹੁੰਦਾ ਹੈ। ਉਂਝ ਵੀ ਜਲੰਧਰ ਤੋਂ ਮੰਗ ਉੱਠਦੀ ਰਹੀ ਕਿ ਉਦਯੋਗਿਕ ਇਲਾਕੇ ਵਜੋਂ ਪ੍ਰਸਿੱਧ ਹੋਣ ਕਾਰਨ ਜਲੰਧਰ ਨੂੰ ਅਜਿਹੇ ਮੰਤਰੀ ਦੀ ਲੋੜ ਹੈ, ਜਿਹੜਾ ਇੰਡਸਟਰੀ ਅਤੇ ਵਪਾਰੀਆਂ ਦੀ ਮੰਗ ਨੂੰ ਸਮਝ ਸਕੇ ਅਤੇ ਵਿਧਾਨ ਸਭਾ ਵਿਚ ਆਪਣੀ ਗੱਲ ਰੱਖ ਸਕੇ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ