ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ : ਭੂਪੇਸ਼ ਬਘੇਲ

Friday, Jul 31, 2026 - 10:37 PM (IST)

ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ : ਭੂਪੇਸ਼ ਬਘੇਲ

ਮੋਹਾਲੀ (ਰਣਬੀਰ, ਅਮਰਦੀਪ) : ਕਾਂਗਰਸ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਦੇ ਲੋਕ ਭਰੋਸੇਯੋਗ ਤੇ ਲੋਕਪੱਖੀ ਸਰਕਾਰ ਲਈ ਵੱਡੀ ਉਮੀਦ ਅਤੇ ਭਰੋਸੇ ਨਾਲ ਕਾਂਗਰਸ ਵੱਲ ਦੇਖ ਰਹੇ ਹਨ। ਪਾਰਟੀ ਦੇ 'ਹਰ ਬੂਥ ਮਜ਼ਬੂਤ' ਪ੍ਰੋਗਰਾਮ ’ਚ ਸ਼ਮੂਲੀਅਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਲੋਕਾਂ ਦੀ ਸੇਵਾ ਕਰਨ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਪੰਜਾਬ ’ਚ ਅਮਨ-ਸ਼ਾਂਤੀ ਬਹਾਲ ਕਰਨ ਦਾ ਸਿਹਰਾ ਵੀ ਕਾਂਗਰਸ ਨੂੰ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ’ਚ ਪੂਰੀ ਏਕਤਾ ਹੈ ਅਤੇ ਸਾਰੇ ਅੰਦਰੂਨੀ ਮੁੱਦੇ ਸੁਲਝਾ ਲਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਹਾਈਕਮਾਂਡ ਨੇ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਪ੍ਰੋਗਰਾਮ ’ਚ ਕੁਝ ਆਗੂਆਂ ਦੀ ਗ਼ੈਰਹਾਜ਼ਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹਾ ਪੱਧਰ ਦਾ ਪ੍ਰੋਗਰਾਮ ਸੀ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਰੇ ਜ਼ਿਲ੍ਹਿਆਂ ’ਚ ਹੋ ਰਹੇ ਹਨ। ਸਾਰੇ ਆਗੂ ਇੱਕੋ ਸਮੇਂ ਇੱਕੋ ਥਾਂ 'ਤੇ ਮੌਜੂਦ ਨਹੀਂ ਹੋ ਸਕਦੇ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਾਈਕਮਾਂਡ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਪੰਜਾਬ ’ਚ ਲੀਡਰਸ਼ਿਪ ਦਾ ਮੁੱਦਾ ਖ਼ਤਮ ਹੋ ਚੁੱਕਾ ਹੈ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ’ਚ ਕਾਂਗਰਸ, ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਵਿਚਾਲੇ ਪੰਜ-ਕੋਣਾ ਮੁਕਾਬਲਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਸਮਰੱਥਾ ਸਿਰਫ਼ ਕਾਂਗਰਸ ਕੋਲ ਹੈ। ਲੋਕ ‘ਆਪ’ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ ਹਰ ਹਾਲਤ ’ਚ ਇਸ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ। ਇਸ ਮੌਕੇ ਲੋਕ ਸਭਾ ਮੈਂਬਰ ਡਾ.ਅਮਰ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ , ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਸਾਬਕਾ ਸਪੀਕਰ ਰਾਣਾ ਕੇ.ਪੀ., ਡਾ. ਰਾਜਕੁਮਾਰ ਵੇਰਕਾ, ਬ੍ਰਹਮ ਮਹਿੰਦਰਾ, ਕੁਲਬੀਰ ਸਿੰਘ ਜ਼ੀਰਾ, ਵਿਜੈ ਸ਼ਰਮਾ ਟਿੰਕੂ, ਦੀਪਇੰਦਰ ਸਿੰਘ ਢਿੱਲੋਂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਤੇ ਹੋਰ ਮੌਜੂਦ ਸਨ।

ਕਾਂਗਰਸ ’ਚ ਨਹੀਂ ਸਗੋਂ ਆਮ ਆਦਮੀ ਪਾਰਟੀ ’ਚ ਹੈ ਧੜੇਬੰਦੀ : ਵੜਿੰਗ
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸਪੱਸ਼ਟ ਤੌਰ ਤੇ ਕੋਈ ਅੰਦਰੂਨੀ ਸਮਝੌਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਗੁਪਤ ਸਮਝੌਤੇ ਤਹਿਤ ਆਮ ਆਦਮੀ ਪਾਰਟੀ ਗੁਜਰਾਤ ਚੋਣਾਂ ਲੜ ਕੇ ਭਾਜਪਾ ਵਿਰੋਧੀ ਵੋਟਾਂ ਨੂੰ ਵੰਡੇਗੀ, ਜੋ ਕਾਂਗਰਸ ਨੂੰ ਮਿਲਣੀਆਂ ਸਨ। ਇਸੇ ਤਰ੍ਹਾਂ ਭਾਜਪਾ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਮਦਦ ਕਰੇਗੀ।

ਪੰਜਾਬ ’ਚ ਪੇਪਰ ਲੀਕ ਮਾਮਲਿਆਂ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ਵਾਲੇ ਸਿੱਖਿਆ ਮੰਤਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਦਿੱਲੀ ਲੀਡਰਸ਼ਿਪ ਦੇ ਕਰੀਬੀ ਮੰਨੇ ਜਾਂਦੇ ਮੰਤਰੀ ਵੱਲੋਂ ਅਜਿਹੀ ਮੰਗ ਕੀਤੀ ਜਾ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਪਹਿਲਾਂ ਸੀ.ਬੀ.ਆਈ. ਤੇ ਈ.ਡੀ. 'ਤੇ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਨ ਦੇ ਦੋਸ਼ ਲਾਉਂਦੀ ਰਹੀ ਹੈ

ਉਨ੍ਹਾਂ ਦਾਅਵਾ ਕੀਤਾ ਕਿ ਤਕਰੀਬਨ 50 ਆਮ ਆਦਮੀ ਪਾਰਟੀ ਦੇ ਵਿਧਾਇਕ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ ਤੇ ਉਹ ਸਿਰਫ਼ ਢੁੱਕਵੇਂ ਸਮੇਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਹਲਕਿਆਂ ਦੇ ਕੰਮ ਪ੍ਰਭਾਵਿਤ ਨਾ ਹੋਣ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਜਾਂ ਤੰਗ-ਪ੍ਰੇਸ਼ਾਨੀ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ‘ਆਪ’ ਅੰਦਰੂਨੀ ਖਿੱਚਤਾਣ ਦੀ ਸ਼ਿਕਾਰ ਹੈ ਤੇ ਇਸ ਦੇ ਵਿਧਾਇਕਾਂ ’ਚ ਭਾਰੀ ਬੇਚੈਨੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਪਾਰਟੀ ਦੇ ਛੇ ਸੰਸਦ ਮੈਂਬਰ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ ਜਦਕਿ ਕਰੀਬ 50 ਵਿਧਾਇਕ ਵੀ ਜਾਣ ਦੀ ਤਿਆਰੀ ’ਚ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਦਾ ਕੋਈ ਸੰਸਦ ਮੈਂਬਰ, ਵਿਧਾਇਕ ਜਾਂ ਉਮੀਦਵਾਰ ਭਾਜਪਾ ’ਚ ਗਿਆ ਹੈ? ਉਨ੍ਹਾਂ ਕਿਹਾ ਕਿ ਧੜੇਬੰਦੀ ਕਾਂਗਰਸ ’ਚ ਨਹੀਂ ਸਗੋਂ ਆਮ ਆਦਮੀ ਪਾਰਟੀ ’ਚ ਹੈ।
 


author

Inder Prajapati

Content Editor

Related News