Year Ender '22 : ਸ਼ਰਮਸਾਰ ਹੋਇਆ 'ਪੰਜਾਬ', ਜਦੋਂ ਆਪਣਿਆਂ ਨੇ ਰੋਲ਼ੀ ਪੱਤ, ਕਿਤੇ ਪਿਓ ਤੇ ਕਿਤੇ ਪਤੀ ਨੇ ਕਮਾਇਆ ਧ੍ਰੋਹ
Tuesday, Dec 20, 2022 - 02:45 PM (IST)
ਜਲੰਧਰ (ਵੈੱਬ ਡੈਸਕ ) : ਜਬਰ-ਜ਼ਿਨਾਹ ਦੀਆਂ ਘਟਨਾਵਾਂ ਸਮਾਜ ਲਈ ਘਾਤਕ ਸਿੱਧ ਹੋ ਰਹੀਆਂ ਹਨ ਅਤੇ ਸਾਲ 2022 'ਚ ਜਬਰ-ਜ਼ਿਨਾਹ ਦੀਆਂ ਘਟਨਾਵਾਂ 'ਚ ਦਿਨੋਂ-ਦਿਨ ਵਾਧਾ ਦੇਖਣ ਨੂੰ ਮਿਲਿਆ ਹੈ। ਕੋਈ ਵੀ ਔਰਤ ਕਿਸੇ ਵੀ ਥਾਂ 'ਤੇ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਕਿਉਂਕਿ ਜਬਰ-ਜ਼ਿਨਾਹ ਦੀਆਂ ਵਧ ਰਹੀਆਂ ਘਟਨਾਵਾਂ ਨੇ ਹਰੇਕ ਦੇ ਮਨ ਅੰਦਰ ਡਰ ਪੈਦਾ ਕਰ ਦਿੱਤਾ। ਹੈਰਾਨੀ ਵਾਲੀ ਗੱਲ ਹੈ ਇਹ ਹੈ ਕਿ ਜ਼ਿਆਦਾਤਰ ਔਰਤਾਂ ਜਾਂ ਬੱਚੀਆਂ ਕਿਸੇ ਅਣਜਾਣ ਵਿਅਕਤੀਆਂ ਦੀ ਨਹੀਂ ਸਗੋਂ ਆਪਣਿਆਂ ਦੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਜੇਕਰ ਬੱਚੀਆਂ ਜਾਂ ਔਰਤਾਂ ਖ਼ੁਦ ਨੂੰ ਆਪਣੇ ਘਰਾਂ , ਸਕੂਲਾਂ, ਕਾਲਜਾਂ ਜਾਂ ਧਾਰਮਿਕ ਥਾਵਾਂ 'ਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਤਾਂ ਇਹ ਬਹੁਤ ਦੁਖਦਾਇਕ ਤੇ ਗੰਭੀਰ ਸਮੱਸਿਆ ਹੈ। ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ 'ਚ ਵਾਧਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਵੀ ਹੋ ਰਿਹਾ ਹੈ , ਕਿਉਂਕਿ ਜਬਰ-ਜ਼ਿਨਾਹ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ। ਜਿਸ ਦੇ ਚੱਲਦੇ ਲੋਕ ਆਪਣੀ ਹਵਸ ਦੀ ਪੂਰਤੀ ਕਰਨ ਲਈ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਆਓ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਪੰਜਾਬ ਦੇ ਅਜਿਹੇ ਹੀ ਕੁਝ ਮਾਮਲਿਆਂ ਬਾਰੇ , ਜਿੱਥੇ ਕਿਸੇ ਨੇ ਆਪਣੀ ਹਵਸ ਪੂਰੀ ਕਰਨ ਲੱਗਿਆ ਨਾ ਤਾਂ ਰਿਸ਼ਤਿਆਂ ਦੀ ਕਦਰ ਕੀਤੀ ਅਤੇ ਨਾ ਹੀ ਉਮਰ ਨੂੰ ਧਿਆਨ 'ਚ ਰੱਖਿਆ :
ਹੈਵਾਨ ਬਣੇ ਸ਼ਰਾਬੀ ਪਿਓ ਨੇ ਨਾਬਾਲਗ ਧੀਆਂ ਨਾਲ ਕਮਾਇਆ ਕਹਿਰ
ਖੰਨਾ 'ਚ ਇਕ ਸ਼ਰਾਬੀ ਪਿਓ ਵੱਲੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਆਪਣੀਆਂ ਨਾਬਾਲਗ ਧੀਆਂ ਨਾਲ ਸ਼ਰਮਨਾਕ ਕਾਰਾ ਕੀਤਾ ਗਿਆ। ਜਾਣਕਾਰੀ ਮੁਤਾਬਕ ਇੱਥੇ ਇਕ ਮੁਹੱਲੇ 'ਚ ਰਹਿਣ ਵਾਲੀ 15 ਸਾਲਾ ਅਤੇ 10 ਸਾਲ ਭੈਣ ਘਰ 'ਚ ਆਪਣੇ ਪਿਤਾ ਨਾਲ ਰਹਿੰਦੀਆਂ ਸਨ। ਉਕਤ ਪਿਓ ਸ਼ਰਾਬ ਪੀਣ ਦਾ ਆਦੀ ਸੀ ਅਤੇ ਕਾਫ਼ੀ ਸਮੇਂ ਤੋਂ ਸ਼ਰਾਬ ਦੇ ਨਸ਼ੇ 'ਚ ਆਪਣੀਆਂ ਹੀ ਬੱਚੀਆਂ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਸੀ। ਕਲਯੁੱਗੀ ਪਿਓ ਇਸ ਘਟਨਾ ਦਾ ਵਿਰੋਧ ਕਰਨ 'ਤੇ ਬੱਚੀਆਂ ਦੀ ਕੁੱਟਮਾਰ ਕਰਦਾ ਸੀ। ਕਿਸੇ ਨੂੰ ਦੱਸਣ ਦੀ ਸੂਰਤ 'ਚ ਉਹ ਬੱਚੀਆਂ 'ਤੇ ਹੋਰ ਵੀ ਜ਼ਿਆਦਾ ਤਸ਼ੱਦਦ ਕਰਦਾ ਸੀ। ਆਖ਼ਰਕਾਰ ਬੱਚੀਆਂ ਨੇ ਇਸ ਦੀ ਜਾਣਕਾਰੀ ਆਪਣੀ ਗੁਆਂਢਣ ਨੂੰ ਦਿੱਤੀ। ਇਸ ਤੋਂ ਬਾਅਦ ਮਹੁੱਲੇ ਵਾਲਿਆਂ ਨੇ ਇਕੱਠੇ ਕੇ ਐੱਸ. ਐੱਸ. ਪੀ. ਨੂੰ ਇਸ ਘਟਨਾ ਸਬੰਧੀ ਸ਼ਿਕਾਇਤ ਦਿੱਤੀ। ਐੱਸ. ਐੱਸ. ਪੀ. ਨੇ ਪੁਲਸ ਟੀਮਾਂ ਨੂੰ ਮੌਕੇ 'ਤੇ ਭੇਜ ਕੇ ਬੱਚੀਆਂ ਦਾ ਬਿਆਨ ਦਰਜ ਕਰਨ ਮਗਰੋਂ ਪਿਓ ਨੂੰ ਹਿਰਾਸਤ 'ਚ ਲੈ ਲਿਆ।
ਚਾਚੇ ਦਾ ਸ਼ਰਮਨਾਕ ਕਾਰਾ, ਨਸ਼ੀਲੀ ਚੀਜ਼ ਖੁਆ 10 ਸਾਲਾ ਭਤੀਜੀ ਨਾਲ ਟੱਪੀਆਂ ਹੱਦਾਂ
ਲੁਧਿਆਣਾ ਚ ਕਲਯੁਗੀ ਚਾਚੇ ਵੱਲੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ 10 ਸਾਲਾ ਮਾਮੂਮ ਭਤੀਜੀ ਨੂੰ ਨਸ਼ੇ ਵਾਲਾ ਪਦਾਰਥ ਖੁਆ ਜਬਰ-ਜ਼ਿਨਾਹ ਕੀਤਾ ਗਿਆ। ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਇਲਾਕੇ ਦੀ ਐੱਨ. ਜੀ. ਓ. ਦੇ ਮੈਂਬਰ ਕੱਪੜੇ ਵੰਡਣ ਆਏ। ਮਾਸੂਮ ਕੁੜੀ ਨੇ ਸਾਰੀ ਗੱਲ ਐੱਨ. ਜੀ. ਓ.ਦੀਆਂ ਔਰਤਾਂ ਨੂੰ ਦੱਸੀ। ਇਸ ਤੋਂ ਬਾਅਦ ਔਰਤਾਂ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਚ ਪੁਲਸ ਨੇ ਮੁਲਜ਼ਮ ਚਾਚੇ ਰਾਜਪਾਲ ਨੂੰ ਗ੍ਰਿਫ਼ਤਾਰ ਕਰ ਲਿਆ।
ਪਵਿੱਤਰ ਰਿਸ਼ਤੇ ਦੀ ਲਾਜ ਭੁੱਲ ਭੂਆ ਦੀ ਕੁੜੀ ਤੇ ਬੇਈਮਾਨ ਹੋਇਆ ਮੁੰਡਾ, ਟੱਪੀਆਂ ਸਭ ਹੱਦਾਂ
ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਲਾਜ ਭੁੱਲਦਿਆਂ ਮਾਮੇ ਦੇ ਮੁੰਡੇ ਵੱਲੋਂ ਸਭ ਹੱਦਾਂ ਪਾਰ ਕਰਦਿਆਂ ਭੂਆ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੜੀ ਦੀ ਮਾਂ ਨੇ ਦੱਸਿਆ ਸੀ ਕਿ 7 ਮਈ ਨੂੰ ਉਹ ਆਪਣੀ ਰਿਸ਼ਤੇਦਾਰੀ 'ਚ ਨਵਾਂਸ਼ਹਿਰ ਆਈ ਹੋਈ ਸੀ। ਜਦੋਂ ਅਗਲੇ ਦਿਨ ਉਹ ਘਰ ਵਾਪਸ ਆਈ ਤਾਂ ਉਸ ਦੀ 16 ਸਾਲ ਦੀ ਧੀ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਮੁੰਡਾ ਉਸ ਨੂੰ ਆਪਣੇ ਘਰ ਰੋਟੀ ਬਣਾਉਣ ਦੇ ਬਹਾਨੇ ਨਾਲ ਲੈ ਗਿਆ। ਜਦੋਂ ਉਹ ਰਸੋਈ 'ਚ ਰੋਟੀ ਬਣਾ ਰਹੀ ਸੀ ਤਾਂ ਉਸ ਸਮੇਂ ਉਸ ਦੇ ਮਾਮੇ ਦੇ ਮੁੰਡੇ ਨੇ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਜਬਰ-ਜ਼ਿਨਾਹ ਕੀਤਾ। ਇੱਥੇ ਹੀ ਬਸ ਨਹੀਂ, ਇਸ ਤੋਂ ਬਾਅਦ ਉਕਤ ਮੁਲਜ਼ਮ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ ਅਤੇ ਬਾਅਦ 'ਚ ਉਕਤ ਕੁੜੀ ਨੂੰ ਘਰ ਛੱਡ ਆਇਆ। ਜਾਂਚ ਅਧਿਕਾਰੀ ਨੇ ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਦਿਆਂ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ।
ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਨੇ ਕਮਾਇਆ ਧਰੋਹ, ਖ਼ੁਦ ਦੋਸਤ ਅੱਗੇ ਪਰੋਸ ਦਿੱਤੀ ਪਤਨੀ
ਕਹਿੰਦੇ ਨੇ ਕਿ ਪਤੀ ਸਿਰ ਦਾ ਸਾਈਂ ਹੁੰਦਾ ਹੈ ਪਰ ਜੇਕਰ ਪਤੀ ਹੀ ਪਤਨੀ ਦਾ ਜਬਰ-ਜ਼ਿਨਾਹ ਕਰਵਾਉਣ ਲੱਗ ਗਏ ਤਾਂ ਉਸ ਦੀ ਸੁਰੱਖਿਆ ਕੌਣ ਕਰੇਗਾ? ਅਜਿਹਾ ਹੀ ਮਾਮਲਾ ਖਰੜ ਤੋਂ ਸਾਹਮਣੇ ਆਇਆ ਸੀ, ਜਿੱਥੇ ਪਤੀ ਨੇ ਪੈਸੇ ਦੇ ਲਾਲਚ ਵਿਚ ਆਪਣੀ ਪਤਨੀ ਦਾ ਆਪਣੇ ਹੀ ਦੋਸਤ ਤੋਂ ਜਬਰ-ਜ਼ਿਨਾਹ ਕਰਵਾਇਆ ਸੀ। ਇਸ ਸਬੰਧੀ ਪੀੜਤਾ ਨੇ ਥਾਣਾ ਸਿਟੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਆਪਣੇ ਦੋਸਤ ਅਰਜਨ ਸਿੰਘ ਨੂੰ ਲੈ ਕੇ ਘਰ ਆ ਗਿਆ ਅਤੇ ਪਤੀ ਨੇ ਉਸ ਨੂੰ ਕੋਲਡ ਡਰਿੰਕਸ ਵਿਚ ਨਸ਼ੇ ਵਾਲੀ ਮਿਲਾ ਕੇ ਪਿਲਾ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ। ਬੇਹੋਸ਼ੀ ਦਾ ਹਾਲਤ ਵਿਚ ਉਸ ਦੇ ਪਤੀ ਨੇ ਆਪਣੇ ਦੋਸਤ ਤੋਂ ਉਸ ਦਾ ਜਬਰ-ਜ਼ਿਨਾਹ ਕਰਵਾਇਆ ਅਤੇ ਇਸ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ। ਪੁਲਸ ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਪੀੜਤਾ ਦੇ ਪਤੀ ਉਮੇਸ਼ ਅਤੇ ਉਸਦੇ ਦੋਸਤ ਅਰਜੁਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਪਿਓ ਵਰਗੇ ਸਹੁਰੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨੂੰਹ ਨਾਲ ਕੀਤਾ ਜਬਰ-ਜ਼ਿਨਾਹ
ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਨਵਾਂਸ਼ਹਿਰ 'ਚ ਕਲਯੁੱਗੀ ਸਹੁਰੇ ਨੇ ਆਪਣੇ ਨੂੰਹ ਨਾਲ ਜਬਰ-ਜ਼ਿਨਾਹ ਕੀਤਾ। ਪੀੜਤ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਤੇ ਉਸ ਦਾ ਸਹੁਰਾ ਘਰ 'ਚ ਇਕੱਲੇ ਸਨ ਕਿ ਦੁਪਹਿਰ ਕਰੀਬ 1 ਵਜੇ ਉਸ ਦਾ ਸਹੁਰਾ ਘਰ ਦਾ ਮੇਨ ਗੇਟ ਬੰਦ ਕਰਕੇ ਉਸ ਦੇ ਕਮਰੇ 'ਚ ਆ ਗਿਆ ਅਤੇ ਅੰਦਰੋਂ ਕੁੰਡੀ ਲਗਾ ਲਈ। ਜਿਸ ਤੋਂ ਬਾਅਦ ਉਸ ਦੇ ਸਹੁਰੇ ਨੇ ਉਸ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਹੋਏ ਜਬਰ-ਜ਼ਿਨਾਹ ਕੀਤਾ। ਪੁਲਸ ਵਲੋਂ ਪੀੜਤ ਔਰਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
ਮਤਰੇਏ ਪਿਓ ਨੇ ਦਿਖਾਈ ਦਰਿੰਦਗੀ, 11 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ
ਜ਼ੀਰਕਪੁਰ ਦੇ ਬਲਟਾਣਾ ਇਲਾਕੇ 'ਚ ਮਾਂ ਅਤੇ ਮਤਰੇਏ ਪਿਓ ਦੇ ਨਾਲ ਰਹਿ ਰਹੀ 11 ਸਾਲਾ ਨਾਬਾਲਗ ਕੁੜੀ ਨੂੰ ਉਸ ਦੇ ਮਤਰੇਏ ਪਿਓ ਨੇ ਹੀ ਹਵਸ ਦਾ ਸ਼ਿਕਾਰ ਬਣਾ ਲਿਆ। ਬੱਚੇ ਦਾ ਮਤਰੇਆ ਪਿਓ ਇਕ ਮਹੀਨੇ ਤੋਂ ਬਾਅਦ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇ ਰਿਹਾ ਸੀ। ਪੁਲਸ ਨੇ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੇ ਦੋਸ਼ ਵਿਚ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਇਕ ਸੰਸਥਾ ਵੱਲੋਂ ਉਜਾਗਰ ਕੀਤਾ ਗਿਆ, ਜੋ ਕੀ ਬਲਟਾਣਾ ਪਾਰਕ 'ਚ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੀ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੂਜਾ ਅਰੋੜਾ, ਜੋ ਕਿ ਬਲਟਾਣਾ ਖੇਤਰ ਵਿਚ ਸਮਾਜ ਸੇਵਕ ਫਾਊਂਡੇਸ਼ਨ ਚਲਾਉਂਦੀ ਹੈ ਨੂੰ, 11 ਸਾਲਾ ਬੱਚੀ ਨੇ ਦੱਸਿਆ ਕਿ ਉਸਦਾ ਪਿਤਾ ਉਸ ਨਾਲ ਕਰੀਬ 1 ਮਹੀਨੇ ਤੋਂ ਗ਼ਲਤ ਕੰਮ ਕਰ ਰਿਹਾ ਹੈ। ਜਿਸ ਤੋਂ ਬਾਅਦ ਉਸ ਨੇ ਇਹ ਘਟਨਾ ਦੀ ਜਾਣਕਾਰੀ ਬਲਟਾਣਾ ਚੌਂਕੀ ਇੰਚਾਰਜ ਨੂੰ ਦਿੱਤੀ। ਚੌਂਕੀ ਇੰਚਾਰਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕੁੜੀ ਦੇ ਮਤਰੇਏ ਪਿਓ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
8 ਮਹੀਨੇ ਦੀ ਧੀ 'ਤੇ ਪਿਸਤੌਲ ਤਾਣ ਰਿਟਾਇਰਡ ਪੁਲਸ ਮੁਲਾਜ਼ਮ ਨੇ ਮਾਂ ਨਾਲ ਕੀਤਾ ਜਬਰ-ਜ਼ਿਨਾਹ
ਸਾਹਨੇਵਾਲ 'ਚ ਆਪਣੇ ਵਿਹੜੇ 'ਚ ਰਹਿੰਦੀ ਇਕ ਵਿਆਹੁਤਾ ਦੀ 8 ਮਹੀਨੇ ਦੀ ਬੱਚੀ 'ਤੇ ਪਿਸਤੌਲ ਤਾਣ ਕੇ ਰਿਟਾਇਰਡ ਪੁਲਸ ਇੰਸਪੈਕਟਰ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਾਣਕਾਰੀ ਮੁਤਾਬਕ ਚੌਂਕੀ ਮੂੰਡੀਆਂ ਟਿੱਬਾ ਦੇ ਸੁਖਦੇਵ ਨਗਰ 'ਚ ਰਿਟਾਇਰਡ ਪੁਲਸ ਇੰਸਪੈਕਟਰ ਗੁਰਦੀਪ ਸਿੰਘ ਖੁਰਦ ਦਾ ਇਕ ਵਿਹੜਾ ਹੈ। ਜਿੱਥੇ ਪੀੜਤਾ ਆਪਣੀ 8 ਮਹੀਨਿਆਂ ਦੀ ਬੱਚੀ ਅਤੇ ਪਤੀ ਨਾਲ ਕਿਰਾਏ 'ਤੇ ਰਹਿੰਦੀ ਸੀ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਕੰਮ ਦੀ ਭਾਲ 'ਚ ਗਿਆ ਹੋਇਆ ਸੀ। ਇਸ ਦੌਰਾਨ ਵਿਹੜਾ ਮਾਲਕ ਗੁਰਦੀਪ ਸਿੰਘ ਅਚਾਨਕ ਕਮਰੇ 'ਚ ਦਾਖ਼ਲ ਹੋ ਗਿਆ ਅਤੇ ਉਸ ਨੇ ਬੈੱਡ 'ਤੇ ਪਈ ਉਸਦੀ 8 ਮਹੀਨੇ ਦੀ ਬੱਚੀ 'ਤੇ ਕਥਿਤ ਤੌਰ 'ਤੇ ਪਿਸਤੌਲ ਤਾਣ ਕੇ ਵਿਆਹੁਤਾ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਦੋਸ਼ੀ ਨੇ ਪੀੜਤਾ ਦੇ ਕੱਪੜੇ ਪਾੜ ਕੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਸਰੀਰਕ ਸਬੰਧ ਬਣਾਏ। ਮੌਕੇ 'ਤੇ ਹੀ ਪੀੜਤਾ ਦੇ ਪਤੀ ਦੇ ਆਉਣ ਤੋਂ ਬਾਅਦ ਦੋਸ਼ੀ ਦੀ ਉਸ ਨਾਲ ਹੱਥੋਪਾਈ ਹੋ ਗਈ। ਦੋਸ਼ੀ ਗੁਰਦੀਪ ਪਿਸਤੌਲ ਦੀ ਨੋਕ 'ਤੇ ਦੋਵਾਂ ਪਤੀ-ਪਤਨੀ ਨੂੰ ਡਰਾ-ਧਮਕਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਨਸਾਨੀਅਤ ਸ਼ਰਮਸਾਰ , ਮਾਂ ਵਰਗੀ ਔਰਤ ਨਾਲ ਆਟੋ-ਚਾਲਕ ਨੇ ਕੀਤਾ ਜਬਰ-ਜ਼ਿਨਾਹ
ਜਲੰਧਰ ਜ਼ਿਲ੍ਹੇ ਦੇ ਰਾਮਾ ਮੰਡੀ ਦੇ ਇਕ ਇਲਾਕੇ ਚ ਆਟੋ ਚਾਲਕ ਵੱਲੋਂ ਇਕ ਕਰੀਬ 70 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਕਿਤੇ ਜਾਣ ਲਈ ਆਟੋ 'ਚ ਬੈਠੀ ਹੋਈ ਸੀ। ਇਸ ਦੌਰਾਨ ਆਟੋ ਚਾਲਕ ਨੇ ਪੈਟਰੋਲ ਪਵਾਉਣ ਦੇ ਬਹਾਨੇ ਆਟੋ ਨੂੰ ਰਸਤੇ 'ਚ ਝਾੜੀਆਂ 'ਚ ਰੋਕ ਲਿਆ। ਇਸ ਤੋਂ ਬਾਅਦ ਆਟੋ ਚਾਲਕ ਬਜ਼ੁਰਗ ਔਰਤ ਨੂੰ ਖਿੱਚ ਕੇ ਝਾੜੀਆਂ 'ਚ ਲੈ ਗਿਆ, ਜਿੱਥੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਔਰਤ ਦੇ ਰੌਲਾ ਪਾਉਣ 'ਤੇ ਲੋਕਾਂ ਨੇ ਦੋਸ਼ੀ ਚਾਲਕ ਨੂੰ ਕਾਬੂ ਕਰ ਲਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਕੈਂਟ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਹਿਲਾ ਦਾ ਮੈਡੀਕਲ ਕਰਵਾਇਆ। ਦੱਸਿਆ ਗਿਆ ਸੀ ਉਕਤ ਆਟੋ ਚਾਲਕ ਨਸ਼ਾ ਕਰਨ ਦਾ ਆਦੀ ਸੀ ਅਤੇ ਪਹਿਲਾਂ ਵੀ ਰਾਹ ਜਾਂਦੀਆਂ ਔਰਤਾਂ ਅਤੇ ਕੁੜੀਆਂ ਨਾਲ ਛੇੜਖਾਨੀ ਕਰਦਾ ਸੀ। ਜਦੋਂ ਉਸ ਨੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ , ਉਸ ਵੇਲੇ ਵੀ ਉਹ ਨਸ਼ੇ 'ਚ ਹੀ ਸੀ।
ਨੋਟ- ਦਿਨੋਂ-ਦਿਨ ਵਧ ਰਹੇ ਜਬਰ-ਜ਼ਿਨਾਹ ਦੇ ਮਾਮਲਿਆਂ ਲਈ ਤੁਸੀਂ ਕਿਸ ਚੀਜ਼ ਨੂੰ ਜ਼ਿੰਮੇਵਾਰ ਮੰਨਦੇ ਹੋ? ਕੁਮੈਂਟ ਕਰਕੇ ਦਿਓ ਜਵਾਬ।