ਵੱਡਾ ਸਵਾਲ : ਕੌਣ ਹੋਵੇਗਾ ਪੰਜਾਬ ਦਾ ਅਗਲਾ ਬਿਜਲੀ ਮੰਤਰੀ

Monday, Jul 15, 2019 - 08:41 PM (IST)

ਵੱਡਾ ਸਵਾਲ : ਕੌਣ ਹੋਵੇਗਾ ਪੰਜਾਬ ਦਾ ਅਗਲਾ ਬਿਜਲੀ ਮੰਤਰੀ

ਲੁਧਿਆਣਾ (ਹਿਤੇਸ਼)-ਨਵਜੋਤ ਸਿੱਧੂ ਵੱਲੋਂ ਇਕ ਮਹੀਨਾ ਪਹਿਲਾਂ ਕਾਂਗਰਸ ਪ੍ਰਧਾਨ ਦੇ ਨਾਂ ਦਿੱਤਾ ਗਿਆ ਅਸਤੀਫਾ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਪੁੱਜ ਗਿਆ ਹੈ, ਜਿਸ 'ਤੇ ਕੋਈ ਫੈਸਲਾ ਹੋਣ ਤੋਂ ਪਹਿਲਾਂ ਹੀ ਇਹ ਚਰਚਾ ਤੇਜ਼ ਹੋ ਗਈ ਹੈ ਕਿ ਪੰਜਾਬ ਦਾ ਅਗਲਾ ਬਿਜਲੀ ਮੰਤਰੀ ਕੌਣ ਹੋਵੇਗਾ, ਜਿਸ ਅਹੁਦੇ ਨੂੰ ਹਾਸਲ ਕਰਨ ਲਈ ਦਾਅਵੇਦਾਰਾਂ ਵਿਚ ਹਲਚਲ ਤੇਜ਼ ਹੋ ਗਈ ਹੈ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਸਿੱਧੂ ਨੇ ਐਤਵਾਰ ਨੂੰ ਪੰਜਾਬ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਦੇਣ ਦਾ ਖੁਲਾਸਾ ਕੀਤਾ ਸੀ, ਜਿਸ ਦੇ ਤਹਿਤ ਉਨ੍ਹਾਂ ਨੇ 10 ਜੂਨ ਨੂੰ ਰਾਹੁਲ ਗਾਂਧੀ ਨੂੰ ਦਿੱਤੀ ਗਈ ਲੈਟਰ ਦੀ ਕਾਪੀ ਟਵਿੱਟਰ 'ਤੇ ਅਪਲੋਡ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਅਕਾਲੀ-ਭਾਜਪਾ ਨੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਖੁਦ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਤਾਂ ਉਨ੍ਹਾਂ ਨੂੰ ਅਸਤੀਫਾ ਭੇਜਣਾ ਡਰਾਮੇਬਾਜ਼ੀ ਤੋਂ ਵਧ ਕੁੱਝ ਨਹੀਂ ਹੈ। ਇਸ ਤੋਂ ਵੀ ਵਧ ਕੇ ਕਾਂਗਰਸ ਦੇ ਕਈ ਮੰਤਰੀਆਂ ਨੇ ਵੀ ਸਿੱਧੂ ਨੂੰ ਕੈਪਟਨ ਜਾਂ ਗਵਰਨਰ ਨੂੰ ਅਸਤੀਫਾ ਭੇਜਣ ਦੀ ਸਲਾਹ ਦੇ ਦਿੱਤੀ, ਜਿਸ 'ਤੇ ਸਿੱਧੂ ਨੇ ਸੋਮਵਾਰ ਨੂੰ ਸੀ. ਐੱਮ. ਨੂੰ ਅਸਤੀਫਾ ਭੇਜਣ ਦਾ ਜਵਾਬ ਦਿੱਤਾ ਸੀ ਅਤੇ ਇਹ ਗੱਲ ਉਨ੍ਹਾਂ ਨੇ ਪੂਰੀ ਵੀ ਕਰ ਦਿੱਤੀ ਹੈ, ਜਿਸ ਦੇ ਤਹਿਤ ਕੈਪਟਨ ਨੇ ਅਸਤੀਫਾ ਮਿਲਣ ਦੀ ਗੱਲ ਮੰਨੀ ਹੈ ਪਰ ਅਜੇ ਕੋਈ ਫੈਸਲਾ ਨਹੀਂ ਕੀਤਾ ਹੈ।

ਹਾਲਾਂਕਿ ਕੈਪਟਨ ਦੇ ਤੇਵਰਾਂ ਤੋਂ ਇਹੀ ਲੱਗਦਾ ਹੈ ਕਿ ਉਹ ਸਿੱਧੂ ਨਾਲ ਕੋਈ ਲਿਹਾਜ ਕਰਨ ਦੇ ਮੂਡ ਵਿਚ ਨਹੀਂ ਹੈ, ਜਿਸ ਸਬੰਧੀ ਚਰਚਾ ਤੇਜ਼ ਹੋ ਗਈ ਹੈ ਕਿ ਸਿੱਧੂ ਨੂੰ ਹਟਾਉਣ ਤੋਂ ਬਾਅਦ ਬਿਜਲੀ ਵਿਭਾਗ ਕੀ ਕੈਪਟਨ ਆਪਣੇ ਕੋਲ ਰੱਖਣਗੇ ਜਾਂ ਕਿਸੇ ਦੂਜੇ ਮੰਤਰੀ ਨੂੰ ਦੇਣਗੇ। ਇਸ ਤੋਂ ਇਲਾਵਾ ਮੰਤਰੀ ਬਣਨ ਦੇ ਕਈ ਦਾਅਵੇਦਾਰ ਵੀ ਸਿੱਧੂ ਦੀ ਕੁਰਸੀ 'ਤੇ ਕਬਜ਼ਾ ਕਰਨ ਲਈ ਸਰਗਰਮ ਹੋ ਗਏ ਹਨ। ਇਨ੍ਹਾਂ 'ਚ ਕਈ ਅਜਿਹੇ ਵਿਧਾਇਕ ਸ਼ਾਮ ਹਨ, ਜੋ ਤਿੰਨ ਜਾਂ ਉਸ ਤੋਂ ਜ਼ਿਆਦਾ ਵਾਰ ਜਿੱਤਣ ਦੇ ਬਾਵਜੂਦ ਮੰਤਰੀ ਨਾ ਬਣਾਏ ਜਾਣ ਕਾਰਣ ਪਹਿਲੇ ਹੀ ਦਿਨ ਤੋਂ ਨਾਰਾਜ਼ ਚੱਲ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਤੇ ਕਾਂਗਰਸ ਹਾਈਕਮਾਨ ਇਨ੍ਹਾਂ ਵਿਧਾਇਕਾਂ ਨੂੰ ਸ਼ਾਂਤ ਰੱਖਣ ਲਈ ਕੀ ਫੈਸਲਾ ਲੈਂਦੇ ਹਨ।

ਹੁਣ ਤੱਕ ਦੇ ਘਟਨਾਚੱਕਰ 'ਤੇ ਇਕ ਨਜ਼ਰ
ਜੇਕਰ ਹੁਣ ਤੱਕ ਦੇ ਘਟਨਾਚੱਕਰ 'ਤੇ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਨੇ ਕਰੀਬ ਡੇਢ ਮਹੀਨਾ ਪਹਿਲਾਂ ਕਈ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰ ਦਿੱਤਾ ਸੀ, ਜਿਸ ਵਿਚ ਸਿੱਧੂ ਤੋਂ ਲੋਕਲ ਬਾਡੀਜ਼ ਵਿਭਾਗ ਵਾਪਸ ਲੈ ਕੇ ਬਿਜਲੀ ਮੰਤਰਾਲਾ ਦੇ ਦਿੱਤਾ ਗਿਆ ਸੀ, ਜਿਸ ਦੇ ਸੰਕੇਤ ਕੈਪਟਨ ਨੇ ਕਈ ਸੀਟਾਂ 'ਤੇ ਲੋਕ ਸਭਾ ਚੋਣਾਂ ਦੇ ਖਰਾਬ ਨਤੀਜਿਆਂ ਨਾਲ ਜੋੜ ਕੇ ਕਾਫੀ ਪਹਿਲਾਂ ਹੀ ਦੇ ਦਿੱਤੇ ਸਨ, ਜਿਸ ਕਾਰਨ ਵਿਵਾਦ ਸੁਲਝਾਉਣ ਦੀ ਬਜਾਏ ਸਿੱਧੂ ਨੇ ਕੈਪਟਨ ਖਿਲਾਫ ਖੁੱਲ੍ਹੇਆਮ ਬਿਆਨਬਾਜ਼ੀ ਜਾਰੀ ਰੱਖੀ, ਇਸ ਸਬੰਧੀ ਮੰਤਰੀਆਂ ਵੱਲੋਂ ਬਣਾਏ ਗਏ ਦਬਾਅ 'ਚ ਕੈਪਟਨ ਨੂੰ ਸਿੱਧੂ ਖਿਲਾਫ ਫੈਸਲਾ ਲੈਣਾ ਪਿਆ, ਜਿਸ ਦੇ ਵਿਰੋਧ ਵਿਚ ਸਿੱਧੂ ਨੇ ਨਵੇਂ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ ਅਤੇ ਪੰਜਾਬ ਦੀ 'ਸਿਆਸੀ ਫਿਲਮ' ਤੋਂ ਵੀ ਪੂਰੀ ਤਰ੍ਹਾਂ ਗਾਇਬ ਰਹੇ। ਹਾਲਾਂਕਿ ਇਸ ਦੌਰਾਨ ਸਿੱਧੂ ਨੇ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਨੂੰ ਮਿਲ ਕੇ ਆਪਣਾ ਪੱਖ ਰੱਖਣ ਦਾ ਯਤਨ ਕੀਤਾ, ਜਿਨ੍ਹਾਂ ਨੇ ਮਾਮਲਾ ਹੱਲ ਕਰਵਾਉਣ ਲਈ ਅਹਿਮਦ ਪਟੇਲ ਦੀ ਡਿਊਟੀ ਲਾਈ ਪਰ ਕੈਪਟਨ ਨੇ ਆਪਣਾ ਸਟੈਂਡ ਬਦਲਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਦੇ ਮੱਦੇਨਜ਼ਰ ਸਿੱਧੂ ਵੱਲੋਂ ਕੈਬਨਿਟ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।


author

Karan Kumar

Content Editor

Related News