ਚੰਡੀਗੜ੍ਹ ਮੀਟਿੰਗ ਤੋਂ ਆਈ ਵੱਡੀ ਖ਼ਬਰ, ਕਿਸਾਨ ਆਗੂਆਂ ਨੇ ਮੀਟਿੰਗ 'ਚ ਚੁੱਕੇ ਇੰਟਰਨੈੱਟ ਬੰਦ ਸਣੇ ਇਹ ਮੁੱਦੇ (ਵੀਡੀਓ)

02/15/2024 10:31:25 PM

ਚੰਡੀਗੜ੍ਹ- ਕਿਸਾਨਾਂ ਤੇ ਕੇਂਦਰ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਚੰਡੀਗੜ੍ਹ ਦੇ 26 ਸੈਕਟਰ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਜਾਰੀ ਹੈ। ਇਸ ਮੀਟਿੰਗ 'ਚ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਦਿੱਲੀ ਤੋਂ ਕੇਂਦਰੀ ਮੰਤਰੀ ਪਿਯੁਸ਼ ਗੋਇਲ, ਅਰਜੁਨ ਮੁੰਡਾ ਤੇ ਨਿਤਿਆਨੰਦ ਰਾਏ ਪਹੁੰਚੇ ਹਨ। 

ਪੰਜਾਬ ਵੱਲੋਂ ਕਿਸਾਨਾਂ ਦਾ ਪੱਖ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਮੀਟਿੰਗ 'ਚ ਸ਼ਾਮਲ ਹੋਣ ਲਈ ਪਹੁੰਚੇ ਹਨ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਟਿੰਗ 'ਚ ਕੇਂਦਰੀ ਮੰਤਰੀਆਂ ਅੱਗੇ ਕਿਸਾਨਾਂ ਨਾਲ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਤਸ਼ੱਦਤ, ਸੁੱਟੇ ਗਏ ਅੱਥਰੂ ਗੈਸ ਦੇ ਗੋਲ਼ੇ, ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ, ਇੰਟਰਨੈੱਟ ਬੰਦ ਕਰਨ ਆਦਿ ਮੁੱਦੇ ਚੁੱਕੇ ਹਨ। 

ਦੱਸ ਦੇਈਏ ਕਿ ਪਹਿਲਾਂ ਹੋਈਆਂ ਮੀਟਿੰਗਾਂ 'ਚ ਕੇਂਦਰ ਸਰਕਾਰ ਵੱਲੋਂ ਪਿਛਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਹੋਏ ਮਾਮਲਿਆਂ ਨੂੰ ਵਾਪਸ ਲੈਣ ਤੇ ਲਖੀਮਪੁਰ ਮਾਮਲੇ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਬਾਰੇ ਵੀ ਸਹਿਮਤੀ ਬਣ ਗਈ ਸੀ। ਕਿਸਾਨ ਤੇ ਕੇਂਦਰ ਵਿਚਾਲੇ ਪਿਛਲੀਆਂ ਮੀਟਿੰਗਾਂ 'ਚ ਵੀ ਐੱਮ.ਐੱਸ.ਪੀ. ਦੇ ਮੁੱਦੇ 'ਤੇ ਗੱਲ ਅੜੀ ਸੀ, ਜੋ ਕਿ ਕਿਸਾਨਾਂ ਦੀ ਮੁੱਖ ਮੰਗ ਹੈ। ਇਸ ਕਾਰਨ ਹੁਣ ਇਸ ਮੀਟਿੰਗ 'ਚ ਵੀ ਕਿਸਾਨ ਇਸੇ ਮੁੱਦੇ 'ਤੇ ਅੜੇ ਹੋਏ ਹਨ ਤੇ ਜੇਕਰ ਇਹ ਮੰਗ ਨਾ ਮੰਨੀ ਗਈ ਤਾਂ ਕਿਸਾਨ ਦਿੱਲੀ ਕੂਚ ਜਾਰੀ ਰੱਖਣਗੇ।  

 


Harpreet SIngh

Content Editor

Related News