ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ, ਇਕ ਸਾਲ ਪਹਿਲਾਂ ਕਰਵਾਈ ਸੀ 'ਲਵ ਮੈਰਿਜ'

Wednesday, Apr 10, 2024 - 04:43 PM (IST)

ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ, ਇਕ ਸਾਲ ਪਹਿਲਾਂ ਕਰਵਾਈ ਸੀ 'ਲਵ ਮੈਰਿਜ'

ਤਰਨਤਾਰਨ (ਰਮਨ)-'ਲਵ ਮੈਰਿਜ' ਕਰਵਾਉਣ ਵਾਲੇ ਮੁੰਡੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲ਼ੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਖ਼ੂਨ ਨਾਲ ਲਥਪਥ ਨੌਜਵਾਨ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਵੈਰੋਵਾਲ ਦੀ ਪੁਲਸ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੁਖਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਪਿੰਡ ਏਕਲਗੱਡਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਮੁੰਡੇ ਰਵਿੰਦਰ ਸਿੰਘ ਨੇ ਕਰੀਬ ਇਕ ਸਾਲ ਪਹਿਲਾਂ ਅਨਮੋਲਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ ਵਾਸੀ ਏਕਲ ਗੱਡਾ ਨਾਲ 'ਲਵ ਮੈਰਿਜ' ਕਰਵਾਈ ਸੀ। ਬੀਤੀ 7 ਅਪ੍ਰੈਲ ਨੂੰ ਉਹ ਆਪਣੇ ਪਤੀ ਅਤੇ ਮੁੰਡੇ ਰਵਿੰਦਰ ਸਿੰਘ ਨਾਲ ਪੈਲੀ ਵਿਚ ਕੰਮ ਕਰਨ ਤੋਂ ਬਾਅਦ ਜਦੋਂ ਸ਼ਾਮ ਕਰੀਬ 7 ਵਜੇ ਵਾਪਸ ਘਰ ਪਰਤ ਰਹੇ ਸਨ ਤਾਂ ਉਸ ਦਾ ਮੁੰਡਾ ਰਵਿੰਦਰ ਸਿੰਘ ਆਪਣੇ ਮੋਟਰਸਾਈਕਲ ਸਪਲੈਂਡਰ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਅੱਗੇ-ਅੱਗੇ ਜਾ ਰਿਹਾ ਸੀ।

ਇਹ ਵੀ ਪੜ੍ਹੋ- ਅਧਿਕਾਰੀਆਂ ਨਾਲ ਫੀਲਡ ’ਚ ਉਤਰੇ ਨਿਗਮ ਕਮਿਸ਼ਨਰ, ਜਲੰਧਰ ਦੇ ਹਾਲਾਤ ਸੁਧਾਰਨ ਦੀਆਂ ਦਿੱਤੀਆਂ ‘ਸਖ਼ਤ ਹਦਾਇਤਾਂ’

ਇਸ ਦੌਰਾਨ ਦੋ ਵਿਅਕਤੀ ਉਨ੍ਹਾਂ ਦੇ ਪਿੱਛੇ ਬਿਨਾਂ ਨੰਬਰੀ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਵੱਲੋਂ ਉਨ੍ਹਾਂ ਦੇ ਸਾਹਮਣੇ ਬੇਟੇ ਰਵਿੰਦਰ ਸਿੰਘ ਦੇ ਬਰਾਬਰ ਆ ਰਿਵਾਲਵਰ ਰਾਹੀਂ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਹ ਫਾਇਰ ਉਸ ਦੀ ਛਾਤੀ ਵਿਚ ਜਾ ਲੱਗੇ ਅਤੇ ਉਹ ਜ਼ਮੀਨ ਉੱਪਰ ਡਿੱਗ ਪਿਆ। ਜ਼ਮੀਨ ’ਤੇ ਡਿੱਗਣ ਤੋਂ ਬਾਅਦ ਹਮਲਾਵਰਾਂ ਵੱਲੋਂ ਤਿੰਨ ਚਾਰ ਫਾਇਰ ਉਸ ਉੱਪਰ ਕੀਤੇ ਗਏ, ਜੋ ਉਸ ਦੇ ਸਰੀਰ ਦੇ ਵੱਖ-ਵੱਖ ਅੰਗਾਂ ਉੱਪਰ ਜਾ ਵੱਜੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਕਹਿੰਦੇ ਹੋਏ ਕਿ ਰਵਿੰਦਰ ਸਿੰਘ ਨੂੰ ਪਿੰਡ ਵਿਚ ਵਿਆਹ ਕਰਵਾਉਣ ਦਾ ਮਜ਼ਾ ਦੱਸ ਦਿੱਤਾ ਹੈ, ਆਖ ਫਰਾਰ ਗਏ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਗੋਲ਼ੀਆਂ ਮਾਰਨ ਦੀ ਮੁੱਖ ਵਜ੍ਹਾ ਉਸ ਵੱਲੋਂ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣਾ ਹੀ ਹੈ। ਜ਼ਖ਼ਮੀ ਹਾਲਤ ’ਚ ਰਵਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ।

ਉੱਧਰ ਜਾਣਕਾਰੀ ਦਿੰਦੇ ਥਾਣਾ ਵੈਰੋਵਾਲ ਦੇ ਸਹਾਇਕ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਦੇ ਬਿਆਨਾਂ ਹੇਠ ਨਿਰਵੈਲ ਸਿੰਘ ਪੁੱਤਰ ਦਿਆਲ ਸਿੰਘ, ਕੰਵਲਜੀਤ ਸਿੰਘ ਪੁੱਤਰ ਨਿਰਵੈਲ ਸਿੰਘ, ਸਾਜਨ ਪੁੱਤਰ ਜਸਪਾਲ ਸਿੰਘ, ਪਰਮਿੰਦਰ ਕੌਰ ਪਤਨੀ ਮੁਖਤਿਆਰ ਸਿੰਘ ਵਾਸੀਆਨ ਏਕਲਗੱਡਾ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਸਿਵਲ ਹਸਪਤਾਲ ਦਾ ਸਟਿੰਗ ਆਪਰੇਸ਼ਨ ਉਡਾ ਦੇਵੇਗਾ ਤੁਹਾਡੇ ਵੀ ਹੋਸ਼, ਵੇਖੋ ਵੀਡੀਓ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News