PGI ਬਾਹਰ ਨਿਹੰਗ ਸਿੰਘ ਨੇ ਕੀਤੀ ਵੱਡੀ ਵਾਰਦਾਤ, ਮਗਰੋਂ ਚੌਰਾਹੇ 'ਤੇ ਖੜ੍ਹੇ ਹੋ ਲਹਿਰਾਈ ਤਲਵਾਰ
Saturday, Jul 27, 2024 - 09:46 AM (IST)
ਚੰਡੀਗੜ੍ਹ (ਪ੍ਰੀਕਸ਼ਿਤ ਸਿੰਘ) : ਇੱਥੇ ਪੀ. ਜੀ. ਆਈ. ਦੇ ਬਾਹਰ ਲੰਗਰ 'ਚ ਈ-ਰਿਕਸ਼ਾ ਚਾਲਕ ਦੇ ਸਿਰ ’ਤੇ ਨਿਹੰਗ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਘਟਨਾ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਵਾਪਰੀ, ਜਦੋਂ ਲੰਗਰ ਛਕਣ ਤੋਂ ਬਾਅਦ ਈ-ਰਿਕਸ਼ਾ ਚਾਲਕ ਸਾਈਡ ’ਤੇ ਜਾ ਕੇ ਬੀੜੀ ਪੀਣ ਲੱਗਾ। ਇਸ ਦੌਰਾਨ ਨਿਹੰਗ ਉਸ ਦੇ ਨੇੜੇ ਆਇਆ ਅਤੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਈ-ਰਿਕਸ਼ਾ ਚਾਲਕ ਸੰਨੀ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਮੁਲਜ਼ਮ ਨਿਹੰਗ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਇਸ ਦੌਰਾਨ ਪੁਲਸ ਜ਼ਖ਼ਮੀ ਈ-ਰਿਕਸ਼ਾ ਚਾਲਕ ਨੂੰ ਸੈਕਟਰ-16 ਦੇ ਹਸਪਤਾਲ ਲੈ ਗਈ, ਜਿੱਥੇ ਸਿਰ ’ਤੇ ਟਾਂਕੇ ਲੱਗਣ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory
ਸੈਕਟਰ-11 ਥਾਣਾ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਨਿਹੰਗ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰਨ ’ਚ ਜੁੱਟੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਿਹੰਗ ਸ੍ਰੀ ਆਨੰਦਪੁਰ ਸਾਹਿਬ ਤੋਂ ਜੱਥੇ ਨਾਲ ਆਇਆ ਸੀ। ਭਾਵੇਂ ਇਹ ਜੱਥਾ ਉਥੋਂ ਰਵਾਨਾ ਹੋ ਗਿਆ ਸੀ ਪਰ ਨਿਹੰਗ ਨੇ ਪੀ. ਜੀ. ਆਈ. ਬਾਹਰ ਲੰਗਰ 'ਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਈ-ਰਿਕਸ਼ਾ ਚਾਲਕ ਸੰਨੀ ਨੇ ਲੰਗਰ ਛਕਣ ਤੋਂ ਬਾਅਦ ਸਾਈਡ ’ਤੇ ਬੀੜੀ ਪੀਣੀ ਸ਼ੁਰੂ ਕਰ ਦਿੱਤੀ। ਨਿਹੰਗ ਨੇ ਉਸ ਨੂੰ ਬੀੜੀ ਪੀਣ ਤੋਂ ਮਨ੍ਹਾਂ ਕੀਤਾ। ਸੰਨੀ ਨੇ ਬੀੜੀ ਵੀ ਨਹੀਂ ਬਾਲੀ ਸੀ ਕਿ ਨਿਹੰਗ ਨੇ ਉਸ ਨੂੰ ਡਰਾਉਣ ਲਈ ਦੋ ਵਾਰ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਤੀਜੀ ਵਾਰ ਨਿਹੰਗ ਨੇ ਤਲਵਾਰ ਦੇ ਬੱਟ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਟੈਕਸ ਚੋਰੀ ਕਰਨ ਵਾਲਿਆਂ ਨੂੰ ਮੰਤਰੀ ਹਰਪਾਲ ਚੀਮਾ ਦੀ ਸਖ਼ਤ ਚਿਤਾਵਨੀ (ਵੀਡੀਓ)
ਨਿਹੰਗ ਨੇ ਲਹਿਰਾਈ ਤਲਵਾਰ
ਘਟਨਾ ਤੋਂ ਬਾਅਦ ਮੌਕੇ ’ਤੇ ਲੋਕ ਇਕੱਠੇ ਹੋ ਗਏ। ਫਿਰ ਨਿਹੰਗ ਪੀ. ਜੀ. ਆਈ. ਦੇ ਵਿਚ ਚੌਰਾਹੇ ’ਤੇ ਖੜ੍ਹੇ ਕੇ ਆਪਣੀ ਤਲਵਾਰ ਲਹਿਰਾਉਣ ਲੱਗਾ। ਲੋਕਾਂ ਨੇ ਇਕਜੁੱਟ ਹੋ ਕੇ ਨਿਹੰਗ ਨੂੰ ਫੜ੍ਹ ਲਿਆ ਅਤੇ ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-11 ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਨਿਹੰਗ ਨੂੰ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8