ਪੰਜਾਬ ’ਚ ਫੜਿਆ ਗਿਆ ਵੱਡਾ ਗਿਰੋਹ, ਹਾਈਕੋਰਟ, ਡੀ. ਸੀ ਦਫ਼ਤਰਾਂ ਸਣੇ ਕਈ ਵਿਭਾਗਾਂ ਦਾ ਫਰਜ਼ੀ ਸਮਾਨ ਬਰਾਮਦ

Saturday, Dec 16, 2023 - 06:29 PM (IST)

ਪੰਜਾਬ ’ਚ ਫੜਿਆ ਗਿਆ ਵੱਡਾ ਗਿਰੋਹ, ਹਾਈਕੋਰਟ, ਡੀ. ਸੀ ਦਫ਼ਤਰਾਂ ਸਣੇ ਕਈ ਵਿਭਾਗਾਂ ਦਾ ਫਰਜ਼ੀ ਸਮਾਨ ਬਰਾਮਦ

ਫ਼ਰੀਦਕੋਟ (ਰਾਜਨ) : ਜ਼ਿਲ੍ਹਾ ਪੁਲਸ ਵੱਲੋਂ ਅਜਿਹੇ ਚਾਰ ਮੁਲਜ਼ਮਾਂ ਨੂੰ ਭਾਰੀ ਸਮੱਗਰੀ ਸਮੇਤ ਕਾਬੂ ਕੀਤਾ ਹੈ ਜੋ ਕਾਫੀ ਸਮੇਂ ਤੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਡਿਪਟੀ ਕਮਿਸ਼ਨਰਾਂ ਆਦਿ ਦੇ ਦਫਤਰਾਂ ਦੀਆਂ ਫ਼ਰਜ਼ੀ ਮੋਹਰਾਂ ਲਾ ਕੇ ਜਾਅਲੀ ਲੈਟਰ ਤਿਆਰ ਕਰਕੇ ਅਤੇ ਨਕਲੀ ਵਰਦੀਆਂ ਤਿਆਰ ਕਰਕੇ ਭੋਲੇ-ਭਾਲੇ ਲੋਕਾਂ ਦੇ ਬੇਰੋਜ਼ਗਾਰ ਬੱਚਿਆਂ ਨਾਲ ਲੱਖਾਂ ਦੀਆਂ ਠੱਗੀਆਂ ਮਾਰਦੇ ਆ ਰਹੇ ਸਨ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੰਦਿਆਂ ਦੱਸਿਆ ਕਿ ਕੁਲਦੀਪ ਕੌਰ ਪਤਨੀ ਹਰਬੰਸ ਸਿੰਘ ਵਾਸੀ ਠੱਠੀ ਭਾਈ ਵੱਲੋਂ ਉਕਤ ਮਾਮਲੇ ਵਿਚ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਕਰਨ ਉਪ੍ਰੰਤ ਜਗਪਾਲ ਸਿੰਘ ਪੁੱਤਰ ਬਾਬੂ ਰਾਮ ਅਤੇ ਇਸਦੀ ਪਤਨੀ ਮਧੂ ਉਰਫ਼ ਕੁਲਵੀਰ ਕੌਰ ਵਾਸੀ ਪੰਜਗਰਾਈ ਕਲਾਂ ’ਤੇ ਮੁਕੱਦਮਾ ਦਰਜ ਕਰਕੇ ਇੰਚਾਰਜ ਚੌਂਕੀ ਪੰਜਗਰਾਈ ਕਲਾਂ ਏ.ਐਸ.ਆਈ ਗੁਰਬਖਸ਼ ਸਿੰਘ ਵੱਲੋਂ ਉਕਤ ਦੋਸ਼ੀ ਜਗਪਾਲ ਸਿੰਘ ਅਤੇ ਇਸਦੀ ਪਤਨੀ ਮਧੂ ਉਰਫ਼ ਕੁਲਵੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਜਦ ਪੁੱਛ-ਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਮੰਨਿਆ ਕਿ ਉਹ ਲੋਕਾਂ ਦੇ ਬੱਚਿਆਂ ਨੂੰ ਪੁਲਸ ਵਿਭਾਗ, ਜੁਡੀਸ਼ੀਅਲ ਵਿਭਾਗ ਅਤੇ ਹੋਰਨਾਂ ਵਿਭਾਗਾਂ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਹਾਸਿਲ ਕਰ ਲੈਂਦੇ ਸਨ ਅਤੇ ਬੇਰੋਜ਼ਗਾਰਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਪਾਸੋਂ ਖਾਲ੍ਹੀ ਅਸ਼ਟਾਮਾਂ ਅਤੇ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਲੈਂਦੇ ਸਨ। 

ਇਹ ਵੀ ਪੜ੍ਹੋ : ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਗੁਰਮਤਾ, ਲਾਵਾਂ-ਫੇਰਿਆਂ ਮੌਕੇ ਲੜਕੀ ਦੇ ਲਹਿੰਗਾ ਪਹਿਨਣ ’ਤੇ ਲਗਾਈ ਰੋਕ

ਇਸ ਦੌਰਾਨ ਜਦੋਂ ਕੋਈ ਬੇਰੋਜ਼ਗਾਰ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਸ ਵਿਭਾਗ ਤੱਕ ਪਹੁੰਚ ਕਰਦਾ ਤਾਂ ਇਹ ਦੋਸ਼ੀ ਦਸਤਖਤ ਕਰਵਾ ਕੇ ਰੱਖੇ ਖਾਲ੍ਹੀ ਅਸ਼ਟਾਮਾਂ ਅਤੇ ਕਾਗਜ਼ਾਂ ਦੇ ਆਪਣੀ ਮਰਜ਼ੀ ਨਾਲ ਅਨੁਸਾਰ ਲਿਖਤ ਕਰਕੇ ਪੁਲਸ ਅਧਿਕਾਰੀਆਂ ਨੂੰ ਵਿਖਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਜਗਪਾਲ ਸਿੰਘ ਅਤੇ ਇਸਦੀ ਪਤਨੀ ਤੋਂ ਇਲਾਵਾ ਤੀਜੇ ਦੋਸ਼ੀ ਅਮਿਤ ਬਾਂਸਲ ਪੁੱਤਰ ਸੱਤਪਾਲ ਬਾਂਸਲ ਵਾਸੀ ਕੋਟਕਪੂਰਾ ਜੋ ਇਨ੍ਹਾਂ ਨੂੰ ਬੱਚਿਆਂ ਦੇ ਜਾਅਲੀ ਨਿਯੁਕਤੀ ਪੱਤਰ ਤਿਆਰ ਕਰਕੇ ਦਿੰਦਾ ਸੀ ਨੂੰ ਵੀ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਇਨ੍ਹਾਂ ਦੇ ਗਿਰੋਹ ਵਿਚ ਸ਼ਾਮਿਲ ਟੇਲਰ ਮਾਸਟਰ ਜੋਗਿੰਦਰ ਸਿੰਘ ਉਰਫ਼ ਨੱਥਾ ਟੇਲਰ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਟਕਪੂਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜੋ ਪੁਲਸ ਅਤੇ ਜੁਡੀਸ਼ੀਅਲ ਵਿਭਾਗ ਦੀਆਂ ਵਰਦੀਆਂ ਤਿਆਰ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਖ਼ਤਰਨਾਕ ਗੈਂਗਸਟਰ ਦਾ ਐਨਕਾਊਂਟਰ, ਸੀ. ਆਈ. ਏ. ਪੁਲਸ ਨੇ ਸਾਂਭਿਆ ਮੋਰਚਾ

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਲੋਕਾਂ ਤੋਂ ਹਾਸਿਲ ਕੀਤੇ ਖਾਲ੍ਹੀ ਅਤੇ ਲਿਖਤ ਕੀਤੇ 100 ਕਰੀਬ ਅਸ਼ਟਾਮ, ਕੁਝ ਬੱਚਿਆਂ ਦੇ ਅਸਲ ਵਿੱਦਿਅਕ ਸਰਟੀਫੀਕੇਟ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਡਿਪਟੀ ਕਮਿਸ਼ਨਰ ਦਫਤਰ ਫ਼ਰੀਦਕੋਟ, ਡਿਪਟੀ ਕਮਿਸ਼ਨਰ ਦਫਤਰ ਸ੍ਰੀ ਮੁਕਤਸਰ ਸਾਹਿਬ, ਬਾਰ ਕਾਂਊਸਲਿੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਨੋਟਰੀ ਪਬਲਿਕ, ਸਰਪੰਚ, ਪੰਚ, ਨੰਬਰਦਾਰਾਂ, ਗੁਰਦੁਅਰਿਆਂ ਦੇ ਹੈੱਡ ਗ੍ਰੰਥੀ ਆਦਿ ਦੀਆਂ ਜਾਅਲੀ ਮੋਹਰਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਦਫਤਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਕਰੀਬ 500 ਫ਼ਰਜ਼ੀ ਖਾਲ੍ਹੀ ਲੈਟਰ ਪੈਡ, ਵੱਖ-ਵੱਖ ਆਈ. ਪੀ. ਐੱਸ ਅਧਿਕਾਰੀਆਂ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਚੀਫ ਜਸਟਿਸ ਵੱਲੋਂ ਦੋਸ਼ੀ ਜਗਪਾਲ ਸਿੰਘ ਦੇ ਨਾਮ ’ਤੇ ਜਾਰੀ ਹੋਏ ਫ਼ਰਜ਼ੀ ਅਥਾਰਟੀ ਲੈਟਰ ਵੀ ਬਰਾਮਦ ਕਰ ਲਏ ਗਏ ਹਨ। 

ਇਹ ਵੀ ਪੜ੍ਹੋ : ਲੋਕਾਂ ਨੂੰ ਵੱਡੀ ਰਾਹਤ, ਅੱਜ ਤੋਂ ਏ. ਸੀ. ਬੱਸਾਂ ’ਚ ਵੀ ਆਮ ਕਿਰਾਇਆ

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਦੋਸ਼ੀ ਜਗਪਾਲ ਸਿੰਘ ਖੁਦ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰਜਿਸਟਰਡ ਵਕੀਲ ਦੱਸਦਾ ਸੀ ਅਤੇ ਇਸ ਪਾਸੋਂ ਇਸ ਦੇ ਨਾਮ ’ਤੇ ਛਪਾਏ ਫ਼ਰਜ਼ੀ ਵਕਾਲਤਨਾਮੇ ਅਤੇ ਬਾਰ ਕਾਊਂਸਲਿੰਗ ਪੰਜਾਬ ਤੇ ਚੰਡੀਗੜ੍ਹ ਦਾ ਫ਼ਰਜ਼ੀ ਇਨਰੋਲਮੈਂਟ ਸਰਟੀਫੀਕੇਟ, ਗੁਰਦੁਆਰਾ ਸਾਹਿਬ ਫ਼ਰੀਦਕੋਟ ਦੇ ਫ਼ਰਜ਼ੀ ਆਨੰਦਕਾਰਜ ਸਰਟੀਫਿਕੇਟ ਅਤੇ ਪੰਜਾਬ ਪੁਲਸ ਦੇ ਓ.ਆਰਜ਼, ਐਨ.ਜੀ.ਓਜ਼ ਅਤੇ ਗ਼ਜ਼ਟਿਡ ਅਧਿਕਾਰੀਆਂ ਦੀ ਪੁਲਸ ਵਰਦੀ ਅਤੇ ਜੁਡੀਸ਼ੀਅਲ ਵਿਭਾਗ ਦੀ ਵਰਦੀ ਦਾ ਸਮਾਨ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਜ਼ਿਆਦਾਤਰ ਬਾਹਰੀ ਜ਼ਿਲ੍ਹਿਆਂ ਦੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਰਹੇ ਸਨ। ਐੱਸ. ਐੱਸ. ਪੀ ਨੇ ਦੱਸਿਆ ਕਿ ਮੁਲਜ਼ਮਾਂ ਦਾ 18 ਦਸੰਬਰ ਤੱਕ ਪੁਲਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਮੁਲਜ਼ਮ ਜਾਅਲੀ ਮੋਹਰਾਂ ਕਿੱਥੋਂ ਤਿਆਰ ਕਰਵਾਉਂਦੇ ਸਨ ਅਤੇ ਇਨ੍ਹਾਂ ਦਾ ਨੈੱਟਵਰਕ ਕਿੱਥੋਂ ਤੱਕ ਫੈਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਦੇ ਗਿਰੋਹ ਵਿਚ ਜਿਹੜੇ ਦੋਸ਼ੀ ਦੀ ਵੀ ਸ਼ਮੂਲੀਅਤ ਜ਼ਾਹਰ ਹੋਈ ਉਸਨੂੰ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਕਰਦੇ ਹੋ ਐਨਰਜੀ ਡਰਿੰਕ ਦੀ ਵਰਤੋਂ ਤਾਂ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News