ਬੱਸ ਚਾਲਕ ਨੇ ਭੈਣ-ਭਰਾ ਨੂੰ ਕੁਚਲਿਆ, ਨੌਜਵਾਨ ਦੀ ਮੌਤ

Saturday, Oct 31, 2026 - 01:48 AM (IST)

ਬੱਸ ਚਾਲਕ ਨੇ ਭੈਣ-ਭਰਾ ਨੂੰ ਕੁਚਲਿਆ, ਨੌਜਵਾਨ ਦੀ ਮੌਤ

ਅੰਮ੍ਰਿਤਸਰ (ਸੰਜੀਵ) - ਰਾਮ ਤੀਰਥ ਰੋਡ ਸਥਿਤ ਗਵਾਲ ਮੰਡੀ ਨੇੜੇ ਤੇਜ਼ ਰਫ਼ਤਾਰ ਬੱਸ ਚਾਲਕ ਨੇ ਮੋਟਰਸਾਈਕਲ ਸਵਾਰ ਭੈਣ-ਭਰਾ ਨੂੰ ਲਾਪ੍ਰਵਾਹੀ ਨਾਲ ਕੁਚਲ ਦਿੱਤਾ, ਜਿਸ ਦੌਰਾਨ 25 ਸਾਲਾ ਅਰਮਾਨਦੀਪ ਸਿੰਘ ਦੀ ਮੌਤ ਹੋ ਗਈ, ਜਦ ਕਿ ਉਸ ਦੀ ਭੈਣ ਨੂੰ ਗੰਭੀਰ ਸੱਟਾਂ ਲੱਗੀਆਂ। ਸੜਕ ਹਾਦਸੇ ਤੋਂ ਬਾਅਦ ਬੱਸ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਮੌਜੂਦ ਨੌਜਵਾਨਾਂ ਨੇ ਬੱਸ ਅੱਗੇ ਖੜ੍ਹੇ ਹੋ ਕੇ ਉਸ ਦਾ ਰਸਤਾ ਰੋਕਿਆ ਅਤੇ ਗੁੱਸੇ ਵਿਚ ਆ ਕੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਡਰਾਈਵਰ ਨੂੰ ਕਾਬੂ ਕਰ ਕੇ ਉਸ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।

ਅਰਮਾਨਦੀਪ ਸਿੰਘ ਆਪਣੀ ਭੈਣ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਮ ਤੀਰਥ ਰੋਡ ਵੱਲ ਜਾ ਰਿਹਾ ਸੀ ਕਿ ਗਵਾਲ ਮੰਡੀ ਨੇੜੇ ਤੇਜ਼ ਰਫ਼ਤਾਰ ਬੱਸ ਚਾਲਕ ਨੇ ਉਸ ਦੇ ਬਾਈਕ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦੋਵੇਂ ਭੈਣ-ਭਰਾ ਸੜਕ ’ਤੇ ਡਿੱਗ ਪਏ। ਗੰਭੀਰ ਜ਼ਖ਼ਮੀ ਹੋਏ ਅਰਮਾਨਦੀਪ ਨੇ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੇਹ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਹੈ।


author

Inder Prajapati

Content Editor

Related News