ਕਰਿਆਨੇ ਦੀ ਦੁਕਾਨ ''ਤੇ ਆਏ ਲੁਟੇਰਿਆਂ ਦਾ ਸ਼ਿਕਾਰ ਹੋਈ ਔਰਤ, ਕੰਨਾਂ ''ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਹੋਏ ਫਰਾਰ
Friday, Oct 30, 2026 - 01:49 PM (IST)
ਮੇਹਤਾ/ਅੰਮ੍ਰਿਤਸਰ: ਥਾਣਾ ਮੇਹਤਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮੇਹਤਾ ਚੌਕ ਇਲਾਕੇ 'ਚ ਬੇਖ਼ੌਫ਼ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਬਜ਼ੁਰਗ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ। ਇੱਕ ਰਿਹਾਇਸ਼ੀ ਮਕਾਨ ਦੇ ਹੇਠਾਂ ਬਣੀ ਛੋਟੀ ਕਰਿਆਨੇ ਦੀ ਦੁਕਾਨ ’ਤੇ ਬੈਠੀ 80 ਸਾਲਾ ਸੁਰਿੰਦਰ ਕੌਰ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੁਟੇਰੇ ਫ਼ਰਾਰ ਹੋ ਗਏ। ਇਸ ਦੌਰਾਨ ਮੁਲਜ਼ਮਾਂ ਨੇ ਬਜ਼ੁਰਗ ਔਰਤ ਨੂੰ ਦੁਕਾਨ ਵਿੱਚੋਂ ਘਸੀਟ ਕੇ ਬਾਹਰ ਪੌੜੀਆਂ ’ਤੇ ਸੁੱਟ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਲੁੱਟ ਦੀ ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- Amritsar Airport ਜਾਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਬਦਲ ਗਿਆ ਸ਼ਡਿਊਲ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ 80 ਸਾਲਾ ਸੁਰਿੰਦਰ ਕੌਰ ਨੇ ਦੱਸਿਆ ਕਿ ਸ਼ਾਮ ਕਰੀਬ 5 ਤੋਂ 5:15 ਵਜੇ ਦੇ ਦਰਮਿਆਨ ਉਹ ਆਪਣੇ ਘਰ ਦੇ ਹੇਠਾਂ ਸਥਿਤ ਦੁਕਾਨ ’ਤੇ ਬੈਠੀ ਸੀ। ਇਸੇ ਦੌਰਾਨ ਇੱਕ ਅਣਪਛਾਤਾ ਨੌਜਵਾਨ ਉੱਥੇ ਆਇਆ ਅਤੇ ਪਹਿਲਾਂ ਕਿਸੇ ਦਾ ਘਰ ਪੁੱਛਣ ਲੱਗਾ। ਇਸ ਤੋਂ ਬਾਅਦ ਉਸ ਨੇ 10 ਰੁਪਏ ਦੇ ਕੇ ਟੌਫੀਆਂ ਮੰਗੀਆਂ। ਜਦੋਂ ਸੁਰਿੰਦਰ ਕੌਰ ਨੇ ਉਸ ਨੂੰ ਟੌਫੀਆਂ ਦੇ ਦਿੱਤੀਆਂ ਤਾਂ ਉਹ ਮੁੜ ਦੁਕਾਨ ਦੇ ਅੰਦਰ ਆ ਗਿਆ ਅਤੇ ਇੱਕ ਗੇਂਦ ਦੀ ਕੀਮਤ ਪੁੱਛਣ ਲੱਗਾ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੂੰ ਨਵੇਂ ਫਰਮਾਨ ਜਾਰੀ, ਸਰਦੀਆਂ ਦੀ ਵਰਦੀ ਨੂੰ ਲੈ ਕੇ ਜਾਰੀ ਹੋਏ ਹੁਕਮ
ਪੀੜਤਾ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ 100 ਰੁਪਏ ਦਾ ਨੋਟ ਅੱਗੇ ਕੀਤਾ ਅਤੇ ਅਚਾਨਕ ਉਸ ਦੇ ਗਲੇ ਅਤੇ ਕੰਨਾਂ ਵੱਲ ਝਪਟਾ ਮਾਰ ਦਿੱਤਾ। ਮੁਲਜ਼ਮ ਨੇ ਜ਼ਬਰਦਸਤੀ ਕਰਦਿਆਂ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਅਤੇ ਉਸ ਨੂੰ ਘਸੀਟਦਾ ਹੋਇਆ ਦੁਕਾਨ ਤੋਂ ਬਾਹਰ ਪੌੜੀਆਂ ਵੱਲ ਲੈ ਗਿਆ। ਪੀੜਤਾ ਦੇ ਪਤੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਰਿਹਾਇਸ਼ੀ ਮਕਾਨ ਦੁਕਾਨ ਦੇ ਬਿਲਕੁਲ ਉੱਪਰ ਹੈ। ਸ਼ਾਮ ਸਮੇਂ ਜਦੋਂ ਹੇਠਾਂ ਤੋਂ ਉੱਚੀ-ਉੱਚੀ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਹ ਤੁਰੰਤ ਹੇਠਾਂ ਪਹੁੰਚੇ। ਉਨ੍ਹਾਂ ਦੇਖਿਆ ਕਿ ਸੁਰਿੰਦਰ ਕੌਰ ਪੌੜੀਆਂ ਕੋਲ ਜ਼ਮੀਨ ’ਤੇ ਡਿੱਗੀ ਪਈ ਸੀ ਅਤੇ ਆਲੇ-ਦੁਆਲੇ ਦੀਆਂ ਔਰਤਾਂ ਇਕੱਠੀਆਂ ਹੋ ਰਹੀਆਂ ਸਨ। ਉਨ੍ਹਾਂ ਤੁਰੰਤ ਆਪਣੀ ਪਤਨੀ ਨੂੰ ਉਠਾ ਕੇ ਸੰਭਾਲਿਆ ਅਤੇ ਪਾਣੀ ਪਿਲਾਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਦਰਗਾਹ ’ਤੇ ਮੱਥਾ ਟੇਕਣ ਆਏ 2 ਨੌਜਵਾਨਾਂ 'ਤੇ ਚੱਲੀਆਂ ਗੋਲੀਆਂ
ਸੁਰਿੰਦਰ ਸਿੰਘ ਅਨੁਸਾਰ ਇਸ ਵਾਰਦਾਤ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ। ਇੱਕ ਨੌਜਵਾਨ ਦੁਕਾਨ ਦੇ ਅੰਦਰ ਦਾਖ਼ਲ ਹੋਇਆ ਸੀ, ਜਦਕਿ ਉਸ ਦਾ ਦੂਜਾ ਸਾਥੀ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਤੇਜ਼ੀ ਨਾਲ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਵਿੱਚ ਪੁਲਸ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰ ਬਲਜਿੰਦਰ ਸਿੰਘ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸ਼ਾਮ ਕਰੀਬ 5 ਵਜੇ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾਂ ਹੋਣਾ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਥਾਣਾ ਘਟਨਾ ਸਥਾਨ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਹੈ, ਇਸ ਦੇ ਬਾਵਜੂਦ ਇਲਾਕੇ ਵਿੱਚ ਲਗਾਤਾਰ ਚੋਰੀਆਂ, ਗੋਲੀਬਾਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਸਿਰਫ਼ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਜ਼ਮੀਨੀ ਪੱਧਰ ’ਤੇ ਨਾ ਤਾਂ ਪੁਲਸ ਦੀ ਗਸ਼ਤ ਦਿਖਾਈ ਦੇ ਰਹੀ ਹੈ ਅਤੇ ਨਾ ਹੀ ਕੋਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਇਸ ਮਾਮਲੇ ਸਬੰਧੀ ਥਾਣਾ ਮੇਹਤਾ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਬਜ਼ੁਰਗ ਔਰਤ ਨਾਲ ਸੋਨੇ ਦੀਆਂ ਵਾਲੀਆਂ ਖੋਹਣ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ਰਾਹੀਂ ਸ਼ੱਕੀ ਨੌਜਵਾਨਾਂ ਦੀਆਂ ਗਤੀਵਿਧੀਆਂ ਅਤੇ ਫ਼ਰਾਰ ਹੋਣ ਦੇ ਰਸਤੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
