ਪੰਜਾਬ ਭਾਜਪਾ ''ਚ ਇਸ ਤਾਰੀਖ਼ ਮਗਰੋਂ ਹੋਵੇਗਾ ਵੱਡਾ ਬਦਲਾਅ, ਕਈਆਂ ਦੀ ਛੁੱਟੀ ਤੈਅ!

06/29/2023 5:14:23 PM

ਚੰਡੀਗੜ੍ਹ (ਹਰੀਸ਼ ਚੰਦਰ) : ਭਾਰਤੀ ਜਨਤਾ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੁਲਾਈ ਮਹੀਨੇ 'ਚ ਕੇਂਦਰੀ ਮੰਤਰੀ ਮੰਡਲ ਅਤੇ ਸੰਗਠਨ 'ਚ ਬਦਲਾਅ ਕਰਨ ਜਾ ਰਹੀ ਹੈ। ਕੁੱਝ ਮੰਤਰੀਆਂ ਨੂੰ ਸੰਗਠਨ 'ਚ ਜਗ੍ਹਾ ਦਿੱਤੀ ਜਾ ਸਕਦੀ ਹੈ, ਜਦੋਂ ਕਿ ਕੁੱਝ ਦਾ ਕੱਦ ਵਧਾਉਣ ਦੇ ਨਾਲ-ਨਾਲ ਨਵੇਂ ਮੰਤਰੀਆਂ ਨੂੰ ਕੇਂਦਰ ਸਰਕਾਰ 'ਚ ਜਗ੍ਹਾ ਮਿਲ ਸਕਦੀ ਹੈ। ਇਸ ਦੇ ਨਾਲ ਹੀ ਅਜਿਹੇ ਕੁੱਝ ਸੂਬਿਆਂ ਦੇ ਸੰਗਠਨ 'ਚ ਵੀ ਭਾਜਪਾ ਹਲਕਾ ਫੇਰਬਦਲ ਕਰ ਸਕਦੀ ਹੈ, ਜਿੱਥੇ ਪਾਰਟੀ ਕੁੱਝ ਕਮਜ਼ੋਰ ਹੈ। ਇਸ ਦੇ ਮੱਦੇਨਜ਼ਰ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਪੂਰੀ ਤਾਕਤ ਲਾ ਰਹੀ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਸੰਗਠਨ 'ਚ ਬਹੁਤ ਬਦਲਾਅ ਕਰਨ ਜਾ ਰਹੀ ਹੈ। ਵੱਡੇ ਪੈਮਾਨੇ ’ਤੇ ਹੋਣ ਵਾਲਾ ਇਹ ਬਦਲਾਅ 30 ਜੂਨ ਤੋਂ ਬਾਅਦ ਕਿਸੇ ਵੀ ਸਮੇਂ ਸੰਭਵ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਆਈ ਤਾਜ਼ਾ ਖ਼ਬਰ, ਆਉਣ ਵਾਲੇ ਦਿਨਾਂ 'ਚ ਪਵੇਗਾ ਭਾਰੀ ਮੀਂਹ
ਇਸ ਲਈ ਕੀਤੀ ਬਦਲਾਅ ਦੀ ਤਿਆਰੀ
ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਪ੍ਰਦੇਸ਼ ਟੀਮ 'ਚ ਕੁੱਝ ਬਦਲਾਅ ਕਰਨ ਦੇ ਮੂਡ 'ਚ ਹੈ। ਦੂਜੇ ਪਾਸੇ ਪ੍ਰਦੇਸ਼ ਲੀਡਰਸ਼ਿਪ ਜ਼ਿਲ੍ਹਿਆਂ 'ਚ ਵੀ ਅਜਿਹਾ ਹੀ ਬਦਲਾਅ ਕਰਨ ਦਾ ਮਨ ਬਣਾ ਚੁੱਕੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਪ੍ਰਦੇਸ਼ ਦੀ ਮੌਜੂਦਾ ਟੀਮ ਦੇ ਭਰੋਸੇ ਪਾਰਟੀ ਉਸ ਟੀਚੇ ਨੂੰ ਹਾਸਲ ਨਹੀਂ ਕਰ ਸਕਦੀ, ਜੋ ਉਸ ਨੇ ਲੋਕ ਸਭਾ ਚੋਣਾਂ ਲਈ ਤੈਅ ਕੀਤੇ ਹਨ। ਸਿਖਰਲੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਪ੍ਰਦੇਸ਼ ਟੀਮ 'ਚ ਕਈ ਅਜਿਹੇ ਚਿਹਰੇ ਹਨ, ਜਿਨ੍ਹਾਂ ਦੇ ਬਲਬੂਤੇ ਪਾਰਟੀ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਨਹੀਂ ਕਰ ਸਕਦੀ। ਇਸ ਲਈ ਅਸ਼ਵਨੀ ਸ਼ਰਮਾ ਦੀ ਅਗਵਾਈ ਵਾਲੀ ਪ੍ਰਦੇਸ਼ ਟੀਮ ਵਲੋਂ ਇੰਝ ਹੀ ਕੁੱਝ ਅਹੁਦੇਦਾਰਾਂ ਦੀ ਛੁੱਟੀ ਕੀਤੀ ਜਾਵੇਗੀ। ਕਿਸ ’ਤੇ ਗਾਜ਼ ਡਿੱਗੇਗੀ, ਇਹ ਵੀ ਲਗਭੱਗ ਤੈਅ ਹੈ। ਇਨ੍ਹਾਂ ਦੀ ਜਗ੍ਹਾ ’ਤੇ ਤੇਜ਼ ਤਰਾਰ, ਵਧੀਆ ਬੁਲਾਰੇ ਅਤੇ ਜਨਾਧਾਰ ਵਾਲੇ ਨੇਤਾਵਾਂ ਨੂੰ ਪ੍ਰਦੇਸ਼ ਟੀਮ 'ਚ ਜਗ੍ਹਾ ਦਿੱਤੀ ਜਾਵੇਗੀ। ਅਹੁਦਾ ਖ਼ਿਸਕਣ ਦਾ ਅੰਦੇਸ਼ਾ ਵੀ ਇਨ੍ਹਾਂ ਅਹੁਦੇਦਾਰਾਂ ਨੂੰ ਹੋ ਚੁੱਕਿਆ ਹੈ, ਇਸ ਲਈ ਉਹ ਇਸ ਨੂੰ ਬਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਹੁਸ਼ਿਆਰਪੁਰ 'ਚ ਜੇ. ਪੀ. ਨੱਡਾ ਦੀ ਰੈਲੀ 'ਚ ਉਮੜੀ ਘੱਟ ਭੀੜ ਅਤੇ ਵਾਇਰਲ ਹੋਈ ਖ਼ਾਲੀ ਕੁਰਸੀਆਂ ਦੀ ਵੀਡੀਓ ’ਤੇ ਪਾਰਟੀ ਬੇਹੱਦ ਗੰਭੀਰ ਹੋ ਗਈ ਹੈ।
ਕੇਂਦਰੀ ਭਾਜਪਾ ਨੇ ਲਿਆ ਰੈਲੀਆਂ ਦਾ ਫੀਡਬੈਕ
ਲੰਘੇ 1 ਮਹੀਨੇ ਦੌਰਾਨ ਪ੍ਰਦੇਸ਼ 'ਚ ਹੋਏ ਭਾਜਪਾ ਦੇ ਪ੍ਰੋਗਰਾਮਾਂ ਅਤੇ ਖ਼ਾਸ ਕਰ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀਆਂ ਰੈਲੀਆਂ ਦਾ ਪੂਰਾ ਫੀਡਬੈਕ ਕੇਂਦਰੀ ਲੀਡਰਸ਼ਿਪ ਨੇ ਤਲਬ ਕਰ ਲਿਆ ਹੈ। ਰੈਲੀਆਂ 'ਚ ਜ਼ਿਲ੍ਹਾ ਇੰਚਾਰਜਾਂ, ਪ੍ਰਧਾਨਾਂ ਅਤੇ ਜ਼ੋਨਲ ਇੰਚਾਰਜਾਂ ਦੀ ਭੂਮਿਕਾ ਕੀ ਰਹੀ, ਕੀ ਯੋਗਦਾਨ ਰਿਹਾ, ਇਸ ਦਾ ਪੂਰਾ ਬਿਓਰਾ ਪ੍ਰਦੇਸ਼ ਭਾਜਪਾ ਇੰਚਾਰਜ ਅਤੇ ਸੰਗਠਨ ਮੰਤਰੀ ਦੇ ਜ਼ਰੀਏ ਮੰਗਵਾਇਆ ਗਿਆ ਸੀ। ਦਰਅਸਲ ਭਾਜਪਾ ਲੀਡਰਸ਼ਿਪ ਨੂੰ ਅਜਿਹੀ ਰਿਪੋਰਟ ਮਿਲੀ ਸੀ ਕਿ ਜ਼ਿਲ੍ਹਾ ਪੱਧਰ ’ਤੇ ਕੁੱਝ ਨੇਤਾਵਾਂ ਨੇ ਇਨ੍ਹਾਂ ਰੈਲੀਆਂ ਨੂੰ ਖ਼ਾਸ ਗੰਭੀਰਤਾ ਨਾਲ ਨਹੀਂ ਲਿਆ ਸੀ। ਹੁਸ਼ਿਆਰਪੁਰ 'ਚ ਜੇ. ਪੀ. ਨੱਡਾ ਦੀ ਰੈਲੀ 'ਚ ਘੱਟ ਭੀੜ ਅਤੇ ਵਾਇਰਲ ਹੋਈ ਖ਼ਾਲੀ ਕੁਰਸੀਆਂ ਦੀ ਵੀਡੀਓ ’ਤੇ ਪਾਰਟੀ ਬੇਹੱਦ ਗੰਭੀਰ ਹੋ ਗਈ ਹੈ। ਇਨ੍ਹਾਂ ਰੈਲੀਆਂ ਤੋਂ ਬਾਅਦ ਮੰਗੀ ਗਈ ਫੀਡਬੈਕ ਰਿਪੋਰਟ 'ਚ ਇਸ ਲਈ ਜ਼ਿੰਮੇਵਾਰ ਰਹੇ ਨੇਤਾਵਾਂ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ। ਇਸ ਰਿਪੋਰਟ ਦੇ ਆਧਾਰ ’ਤੇ ਹੀ ਬਦਲਾਅ ਦਾ ਨਿਰਦੇਸ਼ ਪ੍ਰਦੇਸ਼ ਲੀਡਰਸ਼ਿਪ ਕੋਲ ਆ ਸਕਦਾ ਹੈ।  

ਇਹ ਵੀ ਪੜ੍ਹੋ : ਚਿੱਟਫੰਡ ਕੰਪਨੀ ਖ਼ਿਲਾਫ਼ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ, CM ਮਾਨ ਨੇ ਕੀਤਾ ਅਹਿਮ ਟਵੀਟ     
ਜ਼ਿਲ੍ਹਿਆਂ 'ਚ ਵੀ ਬਦਲਾਅ ਦੀ ਤਿਆਰੀ
ਪ੍ਰਦੇਸ਼ ਲੀਡਰਸ਼ਿਪ ਵੀ ਜ਼ਿਲ੍ਹਿਆਂ 'ਚ ਬਦਲਾਅ ਕਰਨ ਜਾ ਰਹੀ ਹੈ। ਪਾਰਟੀ ਸੂਤਰਾਂ ਮੁਤਾਬਕ ਸੂਬੇ ਦੇ 35 ਸੰਗਠਨਾਤਮਕ ਜ਼ਿਲ੍ਹਿਆਂ ਵਿਚੋਂ ਕੁੱਝ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਇੰਚਾਰਜ ਬਦਲੇ ਜਾਣਗੇ। ਇਸ ਲਈ ਲੰਘੇ ਇੱਕ ਮਹੀਨੇ ਦੀ ਇਨ੍ਹਾਂ ਨੇਤਾਵਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਭਾਜਪਾ ਨੇ 20 ਮਈ ਤੋਂ 30 ਜੂਨ ਤੱਕ ਸੂਬੇ ਦੇ ਹਰ ਹਲਕੇ ਲਈ ਰੈਲੀਆਂ ਸਮੇਤ ਕਈ ਪ੍ਰੋਗਰਾਮ ਰੱਖੇ ਸਨ। ਇਸ ਤੋਂ ਇਲਾਵਾ ਜਲੰਧਰ ਲੋਕ ਸਭਾ ਉਪਚੋਣ ਦੀ ਸਮੀਖਿਆ ਰਿਪੋਰਟ ਵੀ ਪਾਰਟੀ ਲੀਡਰਸ਼ਿਪ ਕੋਲ ਪਹੁੰਚ ਚੁੱਕੀ ਹੈ। ਇਸ ਆਧਾਰ ’ਤੇ ਪ੍ਰਦੇਸ਼ ਸੰਗਠਨ 'ਚ ਕੀ ਬਦਲਾਅ ਹੋਵੇਗਾ, ਇਹ ਆਉਣ ਵਾਲੇ ਸਮੇਂ 'ਚ ਤੈਅ ਹੋ ਜਾਵੇਗਾ।

ਇਹ ਵੀ ਪੜ੍ਹੋ : ਦੋਰਾਹਾ 'ਚ ਵੱਡਾ ਹਾਦਸਾ : ਨਹਿਰ 'ਚ ਡਿੱਗੀ ਆਲਟੋ ਕਾਰ, ਮੌਕੇ 'ਤੇ ਹੀ 2 ਲੋਕਾਂ ਦੀ ਮੌਤ (ਤਸਵੀਰਾਂ)
ਕੁੱਝ ਨੇਤਾਵਾਂ ਦੀ ਰਿਪੋਰਟ ਸਕਾਰਾਤਮਕ
ਹਾਲਾਂਕਿ ਪ੍ਰਦੇਸ਼ ਟੀਮ 'ਚ ਕੁੱਝ ਨੇਤਾਵਾਂ ਦੇ ਕੰਮਕਾਜ ਤੋਂ ਸਿਖਰਲੀ ਲੀਡਰਸ਼ਿਪ ਪ੍ਰਭਾਵਿਤ ਵੀ ਹੈ। ਪੰਜਾਬ ਦੇ 9 ਲੋਕ ਸਭਾ ਹਲਕਿਆਂ ਦੇ ਇੰਚਾਰਜ ਕੇਂਦਰੀ ਮੰਤਰੀਆਂ ਨਾਲ ਕੰਮ ਕਰਨ ਵਾਲੇ ਪ੍ਰਦੇਸ਼ ਟੀਮ ਦੇ ਕੁੱਝ ਨੇਤਾਵਾਂ ਵਲੋਂ ਇਨ੍ਹਾਂ ਹਲਕਿਆਂ 'ਚ ਕੀਤੇ ਜਾਣ ਵਾਲੇ ਪਾਰਟੀ ਪ੍ਰੋਗਰਾਮਾਂ, ਜਨਸਭਾਵਾਂ, ਮੀਡੀਆ ਕਵਰੇਜ ਆਦਿ 'ਚ ਅਹਿਮ ਭੂਮਿਕਾ ਨਿਭਾਈ ਗਈ ਗਈ ਹੈ। ਅਜਿਹੇ ਨੇਤਾਵਾਂ ਦੀ ਸਕਾਰਾਤਮਕ ਰਿਪੋਰਟ ਵੀ ਭੇਜੀ ਜਾ ਚੁੱਕੀ ਹੈ। ਧਿਆਨਯੋਗ ਹੈ ਕਿ ਕਰੀਬ 25 ਸਾਲ ਬਾਅਦ ਇਕੱਲੇ ਲੋਕ ਸਭਾ ਚੋਣਾਂ ਲੜਨ ਵਾਲੀ ਭਾਜਪਾ ਨੇ ਪੰਜਾਬ ਦੀਆਂ 13 ਵਿਚੋਂ 10 ਸੀਟਾਂ ਜਿੱਤਣ ਲਈ ਪੂਰੀ ਤਾਕਤ ਲਗਾਈ ਹੋਈ ਹੈ। ਇਨ੍ਹਾਂ ਚੋਣਾਂ ਤੋਂ ਡੇਢ ਸਾਲ ਪਹਿਲਾਂ ਹੀ ਭਾਜਪਾ 9 ਲੋਕ ਸਭਾ ਹਲਕਿਆਂ ਦਾ ਜ਼ਿੰਮਾ 3 ਕੇਂਦਰੀ ਮੰਤਰੀਆਂ ਨੂੰ ਸੌਂਪ ਚੁੱਕੀ ਹੈ।
ਲੋਕਸਭਾ ਚੋਣਾਂ ਤੋਂ ਬਾਅਦ ਹੀ ਹੋਵੇਗਾ ਬਦਲਾਅ : ਅਸ਼ਵਨੀ ਸ਼ਰਮਾ
ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਸਬੰਧ 'ਚ ਸੰਪਰਕ ਕੀਤੇ ਜਾਣ ’ਤੇ ਕਿਹਾ ਕਿ ਅਜਿਹਾ ਕੋਈ ਬਦਲਾਅ ਨਜ਼ਦੀਕ ਭਵਿੱਖ 'ਚ ਸੰਭਵ ਨਹੀਂ ਦਿਸਦਾ। ਸੂਬਾ ਪੱਧਰ ’ਤੇ ਹਾਲ ਹੀ 'ਚ ਟੀਮ ਵਿਚ ਫੇਰਬਦਲ ਕੀਤਾ ਗਿਆ ਸੀ, ਕੁੱਝ ਨਵੇਂ ਨੇਤਾਵਾਂ ਨੂੰ ਵੀ ਜੋੜਿਆ ਗਿਆ ਸੀ। ਨਾਲ ਹੀ, ਕੁਝ ਜ਼ਿਲ੍ਹਿਆਂ 'ਚ ਨਵੇਂ ਇੰਚਾਰਜ ਅਤੇ ਪ੍ਰਧਾਨ ਲਗਾਏ ਗਏ ਸਨ। ਹੁਣ ਜੋ ਵੀ ਬਦਲਾਅ ਹੋਵੇਗਾ, ਉਹ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਵੇਗਾ। ਜ਼ਿਲ੍ਹਿਆਂ 'ਚ ਕੁਝ ਇੰਚਾਰਜਾਂ ਦੇ ਸੰਭਾਵੀ ਬਦਲਾਅ ਬਾਰੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੰਗਠਨ 'ਚ ਇਸਨੂੰ ਬਦਲਾਅ ਨਹੀਂ ਕਹਿੰਦੇ, ਇਹ ਰੂਟੀਨ ਪ੍ਰਕਿਰਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News