ਮਿੱਟੀ ਦੇ ਮੋਹ ਨੂੰ ਤਰਸਣ ਲੱਗੇ ਕੈਨੇਡੀਅਨ ਪੰਜਾਬੀ, ਆਪਣਿਆਂ ਦੀ ਉਡੀਕ 'ਚ ਸਿਵਿਆਂ ਦੇ ਰਾਹ ਪਏ ਮਾਪੇ

Monday, Jul 31, 2023 - 05:17 PM (IST)

ਮਿੱਟੀ ਦੇ ਮੋਹ ਨੂੰ ਤਰਸਣ ਲੱਗੇ ਕੈਨੇਡੀਅਨ ਪੰਜਾਬੀ, ਆਪਣਿਆਂ ਦੀ ਉਡੀਕ 'ਚ ਸਿਵਿਆਂ ਦੇ ਰਾਹ ਪਏ ਮਾਪੇ

ਮਾਲੇਰਕੋਟਲਾ (ਸ਼ਹਾਬੂਦੀਨ) : ਕਈ ਵਰ੍ਹੇ ਪਹਿਲਾਂ ਯੂਰਪੀ ਦੇਸ਼ਾਂ ’ਚ ਜਾ ਕੇ ਵਸੇ ਪੰਜਾਬੀਆਂ ਵੱਲੋਂ ਸਖ਼ਤ ਮਿਹਨਤ ਕਰ ਕੇ ਵਿਦੇਸ਼ਾਂ ਦੀ ਧਰਤੀ ’ਤੇ ਹਾਸਲ ਕੀਤੇ ਖੁਸ਼ਹਾਲ ਮੁਕਾਮ ਨੂੰ ਦੇਖ ਵਿਦੇਸ਼ਾਂ ’ਚ ਵੱਸਣ ਦੀ ਚਾਹ ਨੇ ਪੰਜਾਬ ’ਚ ਵੱਸਦੇ ਬਾਕੀ ਪੰਜਾਬੀਆਂ ’ਚ ਵੀ ਡਾਲਰ-ਪੌਂਡ ਕਮਾਉਣ ਦੀ ਲਾਲਸਾ ਵਧਾ ਦਿੱਤੀ। ਅੱਜ ਕੱਲ੍ਹ ਡਾਲਰਾਂ ਦੀ ਚਕਾ-ਚੌਂਧ ’ਚ ਗੁਆਚੇ ਭਾਰਤੀਆਂ ਖ਼ਾਸਕਰ ਪੰਜਾਬੀ ਨੌਜਵਾਨਾਂ ਅੰਦਰ ਤਾਏ ਦੀ ਧੀ ਚੱਲੀ-ਮੈਂ ਕਿਉਂ ਰਹਾਂ ਕੱਲੀ ਵਾਲੀ ਕਹਾਵਤ ਵਾਂਗ ਹਰ ਜਾਇਜ਼-ਨਾਜਾਇਜ਼ ਤਰੀਕੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਭਾਵ ਯੂਰਪੀ ਦੇਸ਼ਾਂ ’ਚ ਜਾਣ ਦੀ ਹੋੜ ਜਿਹੀ ਲੱਗੀ ਪਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ: 2 ਪ੍ਰਵਾਸੀਆਂ ਵੱਲੋਂ ਨਾਬਾਲਗਾ ਨਾਲ ਜਬਰ-ਜ਼ਿਨਾਹ, ਕੁੜੀ ਦੇ ਹੱਥ ਬੰਨ੍ਹ ਹੋਏ ਫ਼ਰਾਰ

ਨੌਜਵਾਨਾਂ ’ਚ ਵਿਦੇਸ਼ੀ ਠੱਪਾ ਲਗਵਾਉਣ ਦਾ ਭੂਤ ਇਸ ਕਦਰ ਸਵਾਰ ਹੈ ਕਿ ਦੋ-ਤਿੰਨ ਲੱਖ ਰੁਪਿਆ ਖ਼ਰਚਣ ਦੀ ਹੈਸੀਅਤ ਵਾਲਿਆਂ ਨੇ ਵੀ ਦੁਬਈ, ਸਾਊਦੀ-ਅਰਬ ਵਰਗੇ ਅਰਬ ਦੇਸ਼ਾਂ ਨੂੰ ਵਹੀਰਾਂ ਘੱਤ ਰੱਖੀਆਂ ਹਨ। ਪਹਿਲਾਂ ਵੱਡੀ ਗਿਣਤੀ ‘ਚ ਨਿਊਜੀਲੈਂਡ, ਆਸਟ੍ਰੇਲੀਆ, ਇੰਗਲੈਂਡ, ਸਿੰਘਾਪੁਰ, ਯੂਕ੍ਰੇਨ, ਜਰਮਨੀ ਅਤੇ ਕੈਨੇਡਾ ‘ਚ ਵਿਦਿਆਰਥੀ ਤੌਰ ‘ਤੇ ਪੜ੍ਹਾਈ ਕਰਨ ਦੇ ਬਹਾਨੇ ਜਾਣ ਦੀ ਖੁੱਲ੍ਹੀ ਚੋਰ ਮੋਰੀ ਰਾਹੀਂ ਭਾਵੇਂ ਅੱਜ ਵੀ ਕਿਸੇ ਮੁਲਕ ’ਚੋਂ ਘੱਟ, ਕਿਸੇ ’ਚੋਂ ਵੱਧ ਆਮਦ ਜਾਰੀ ਹੈ ਪਰ ਵੱਡੀ ਆਮਦ ਭਾਰਤੀ ਪੰਜਾਬ ਦੇ ਮੁੰਡੇ-ਕੁੜੀਆਂ ਦੀ ਹੋ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ’ਚ ਪੱਕਾ ਹੋਣ ਭਾਵ ਪੀ.ਆਰ. ਮਿਲਣ ਦਾ ਸਮਾਂ 3-4 ਸਾਲ ਤੋਂ ਵੱਧ ਕੇ ਕਰੀਬ 7 ਸਾਲ ਹੋਣ ਕਾਰਨ ਅੱਜ-ਕੱਲ੍ਹ ਹਰੇਕ ਪੰਜਾਬੀ ਦੀ ਵਿਦਿਆਰਥੀ ਤੌਰ ’ਤੇ ਪਹਿਲੀ ਪਸੰਦ ਕੈਨੇਡਾ ਬਣਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਚਲਾਨ ਹੋਣ 'ਤੇ ਜੁਰਮਾਨਾ ਭਰਨ ਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ

ਪੰਜਾਬ ’ਚ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਨੂੰ ਦੇਣ ਲੱਗੇ ਤਰਜੀਹ

ਭਾਰਤ ਅੰਦਰ ਖ਼ਾਸਕਰ ਪੰਜਾਬ ’ਚ ਵਿਦਿਆਰਥੀਆਂ ਨੂੰ ਬਾਰ੍ਹਵੀਂ ਤੋਂ ਅੱਗੇ ਪੜ੍ਹਾਈ ਜਾਰੀ ਰੱਖਣ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆਉਂਦਾ। ਉਹ ਦੇਖਦੇ ਹਨ ਕਿ ਉਨ੍ਹਾਂ ਦੇ ਆਂਢ-ਗੁਆਂਢ ’ਚ ਕਿੰਨੇ ਲੜਕੇ-ਲੜਕੀਆਂ ਇੰਜੀਨੀਅਰ, ਡਾਕਟਰ, ਕਮਰਸ ਤੇ ਹੋਰ ਵੱਡੀਆਂ ਡਿਗਰੀਆਂ ਲੈ ਕੇ 10-15 ਹਜ਼ਾਰ ਰੁਪਏ ਦੀ ਨੌਕਰੀ ਲਈ ਲੇਹਲੜੀਆਂ ਕੱਢ ਰਹੇ ਹਨ। ਇੰਨੀ ਪੜ੍ਹਾਈ ਕਰਨ ਲਈ ਆਮ ਘਰਾਂ ਦੇ ਭਾਂਡੇ ਤਕ ਵਿਕ ਜਾਂਦੇ ਹਨ ਪਰ ਪੜ੍ਹਾਈ ਕਰਨ ਤੋਂ ਬਾਅਦ ਸਿਵਾਏ ਨਿਰਾਸ਼ਤਾ ਦੇ ਕੁਝ ਪੱਲੇ ਨਹੀਂ ਪੈਂਦਾ।

ਇਹ ਵੀ ਪੜ੍ਹੋ : ਧਰਮੀ ਫੌ਼ਜੀਆਂ ਤੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨ-ਮਜ਼ਦੂਰਾਂ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

ਵਿਦਿਆਰਥੀ ਵਿਦੇਸ਼ਾਂ ਦੀ ਹੁਸੀਨ ਧਰਤੀ ਦੇ ਸਜਾਉਂਦੇ ਹਨ ਸੁਫ਼ਨੇ

ਇਨ੍ਹਾਂ ਕੁਝ ਕਾਰਨਾਂ ਕਰ ਕੇ ਹਰੇਕ ਵਿਦਿਆਰਥੀ ਬਾਰ੍ਹਵੀਂ ਕਰਨ ਤੋਂ ਬਾਅਦ ਲੋੜੀਂਦੇ ਆਈਲੈਟਸ ਬੈਂਡ ਹਾਸਲ ਕਰਨ ਉਪਰੰਤ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਸੁਫ਼ਨਿਆਂ ਦੀ ਧਰਤੀ ’ਤੇ ਜਾ ਕੇ ਆਪਣੇ ਸੁਫ਼ਨੇ ਸਜਾਉਣਾ ਚਾਹੁੰਦੇ ਹਨ। ਇਸ ਲਈ ਹਰੇਕ ਵਿਦਿਆਰਥੀ ਨੂੰ ਇਨ੍ਹਾਂ ਮੁਲਕਾਂ ਦੀ ਧਰਤੀ ’ਤੇ ਪੈਰ ਰੱਖਣ ਲਈ ਕਰਜ਼ੇ ਚੁੱਕ-ਚੁੱਕ 25 ਤੋਂ 30 ਲੱਖ ਰੁਪਏ ਦਾ ਜੁਗਾੜ ਕਰਨਾ ਪੈਂਦਾ ਹੈ, ਜਿਸ ਕਾਰਨ ਹਰ ਸਾਲ ਸਿਰਫ਼ ਭਾਰਤੀ ਪੰਜਾਬ ਤੋਂ ਲੱਖਾਂ ਦੀ ਗਿਣਤੀ ’ਚ ਵਿਦਿਆਰਥੀ ਆਪਣੇ ਮਾਂ-ਪਿਓ ਨੂੰ ਕਰਜ਼ੇ ’ਚ ਡੋਬ ਕੇ ਕੈਨੇਡਾ ’ਚ ਕਿਸੇ ਨਵੇਂ ਯੁੱਗ ਦੇ ਸੁਫ਼ਨੇ ਦੀ ਤਲਾਸ਼ ’ਚ ਪੈਰ ਰੱਖ ਰਹੇ ਹਨ ਜਿੱਥੇ ਪਹਿਲੇ ਦਿਨ ਤੋਂ ਹੀ ਉਸ ਨੂੰ ਕੰਡਿਆਂ ਦੀ ਸੇਜ਼ ਤੋਂ ਦੀ ਲੰਘਣਾ ਪੈਂਦਾ ਹੈ। ਹਰ ਰੋਜ਼ ਡਾਲਰਾਂ ’ਚ ਖ਼ਰਚ ਕਰਨ ਤੋਂ ਪਹਿਲਾਂ ਰਿਹਾਇਸ਼ ਅਤੇ ਨੌਕਰੀ ਲੱਭਣ ਲਈ ਦਿਨ-ਰਾਤ ਪੈਦਲ ਹੀ ਸੜਕਾਂ ਦੀ ਖਾਕ ਛਾਨਣੀ ਪੈਂਦੀ ਹੈ, ਕਿਉਂਕਿ ਘਰੋਂ ਲਿਆਂਦੇ ਲੱਖ-ਦੋ ਲੱਖ ਦੇ ਡਾਲਰ ਚਾਰ ਪੰਜ ਦਿਨ ਅੰਦਰ ਹੀ ਕੈਨੇਡਾ ਦੀ ਮਹਿੰਗਾਈ ’ਚ ਗੁਆਚ ਜਾਂਦੇ ਹਨ।

ਕਾਫ਼ੀ ਟੱਕਰਾਂ ਮਾਰਨ ਦੇ ਬਾਵਜੂਦ ਕੰਮ ਨਹੀਂ ਮਿਲਦਾ। ਜੇਕਰ ਮਿਲਦਾ ਵੀ ਹੈ ਤਾਂ ਸ਼ਹਿਰ ਤੋਂ ਬਹੁਤ ਦੂਰ-ਦੁਰਾਡੇ ਹੋਟਲਾਂ ’ਚ ਭਾਂਡੇ ਮਾਜਣ, ਮੀਟ ਕੱਟਣ, ਸਫ਼ਾਈ ਕਰਨ, ਪੈਕਿੰਗ, ਇਕ ਥਾਂ ਤੋਂ ਦੂਜੀ ਜਗ੍ਹਾ ਸਾਮਾਨ ਢੋਹਣਾ, 10 ਘੰਟੇ ਦੀ ਸਖ਼ਤ ਮਿਹਨਤ ਤੇ ਮਜ਼ਦੂਰੀ ਕਰਨ ਦਾ। ਇਨ੍ਹਾਂ ਵਿਦਿਆਰਥੀਆਂ ਨੂੰ ਦੂਜੇ ਸਿੱਖਿਅਤ ਵਿਦਿਆਰਥੀਆਂ ਨਾਲੋਂ ਉਜ਼ਰਤ ਵੀ ਘੱਟ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਇਹ ਵੀ ਪੜ੍ਹੋ :  'ਆਪ' ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ, ਹਾਈਕਮਾਨ ਕੋਲ ਪੁੱਜੇਗੀ 'ਰਿਐਲਿਟੀ'

ਜ਼ਿਕਰਯੋਗ ਹੈ ਕਿ ਜਿਵੇਂ ਯੂ.ਪੀ. ਅਤੇ ਬਿਹਾਰ ਵਰਗੇ ਸੂਬਿਆਂ ਤੋਂ ਪ੍ਰਵਾਸੀ ਲੋਕ ਸਾਡੇ ਪੰਜਾਬ ’ਚ ਆ ਕੇ ਹੋਟਲਾਂ, ਢਾਬਿਆਂ, ਘਰਾਂ ਅਤੇ ਖੇਤਾਂ ’ਚ ਮਿਹਨਤ ਮਜ਼ਦੂਰੀ ਕਰਦੇ ਹਨ ਠੀਕ ਉਸੇ ਤਰ੍ਹਾਂ ਸਾਡੇ ਪੰਜਾਬੀ ਨੌਜਵਾਨ ਕੈਨੇਡਾ ਵਰਗੇ ਯੂਰਪੀ ਦੇਸ਼ਾਂ ’ਚ ਜਾ ਕੇ ਹੋਟਲਾਂ-ਦੁਕਾਨਾਂ ’ਤੇ ਕੰਮ ਕਰਦੇ ਹਨ। ਸਮਝ ਤੋਂ ਬਾਹਰ ਹੈ ਕਿ ਸਾਡੇ ਨੌਜਵਾਨ ਆਪਣੇ ਦੇਸ਼ ‘ਚ ਰਹਿਕੇ ਆਪਣੇ ਖੇਤਾਂ ‘ਚ ਮਿਹਨਤ ਕਰਕੇ ਸਰਦਾਰੀ ਵਾਲੀ ਜ਼ਿੰਦਗੀ ਜਿਉਣ ਤੋਂ ਕਿਉਂ ਭੱਜ ਰਹੇ ਹਨ।

ਸ਼ੁਰੂਆਤੀ ਦਿਨਾਂ ’ਚ ਕਰਨਾ ਪੈਂਦਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਲੰਮਾ ਸਫ਼ਰ ਤੈਅ ਕਰਨ ਉਪਰੰਤ ਆਪਣੇ ਅਸਥਾਈ ਪੀ.ਜੀ. ਜਾਂ ਬੇਸਮੈਂਟ ’ਚ ਜਾ ਕੇ ਛੋਟੀਆਂ-ਮੋਟੀਆਂ ਚੀਜ਼ਾਂ ਨਾਲ ਢਿੱਡ ਭਰਣ ਤੋਂ ਬਾਅਦ, ਬੱਸ-ਟਰੇਨ ਜਾਂ ਪੈਦਲ ਲੰਮਾ ਸਫ਼ਰ ਤੈਅ ਕਰ ਕੇ ਕੰਮ ’ਤੇ ਪਹੁੰਚਣਾ ਪੈਂਦਾ ਹੈ ਅਤੇ ਫਿਰ ਲਗਾਤਾਰ ਮਸ਼ੀਨ ਵਾਂਗ 8 ਤੋਂ 10 ਘੰਟੇ ਕੰਮ ਕਰਨ ਉਪਰੰਤ ਭਾਰੀ ਥਕਾਵਟ ਦੇ ਨਾਲ ਕਮਰੇ ’ਚ ਸਿਰਫ਼ ਸੌਣ ਲਈ ਆਉਣਾ ਪੈਂਦਾ ਹੈ। ਕੁਝ ਘੰਟੇ ਸੌਣ ਤੋਂ ਬਾਅਦ ਅਗਲੀ ਸਵੇਰੇ ਨੀਂਦਰੇ ਹਾਲਤ ’ਚ ਪੈਦਲ, ਬਸ ਜਾਂ ਟ੍ਰੇਨਾਂ ਰਾਹੀਂ ਕਾਲਜ ਪਹੁੰਚਣਾ ਪੈਂਦਾ। ਬੱਚਿਆਂ ’ਚ ਇੰਨਾ ਜ਼ਿਆਦਾ ਨੀਂਦਰੇ ਤੇ ਥਕਾਵਟ ਹੁੰਦੀ ਹੈ ਕਿ ਜ਼ਿਆਦਾਤਰ ਬੱਚੇ ਬੱਸਾਂ ਜਾਂ ਟਰੇਨਾਂ ’ਚ ਸੁੱਤੇ ਹੀ ਆਪਣੀ ਮੰਜ਼ਿਲ ਤੋਂ ਅੱਗੇ ਲੰਘ ਜਾਂਦੇ ਹਨ। ਕਈ ਵਿਚਾਰੇ ਕਾਲਜਾਂ ਦੀਆਂ ਕੁਰਸੀਆਂ, ਸੋਫਿਆਂ ’ਤੇ ਹੀ ਸੌਂ ਕੇ ਨੀਂਦ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਨੀਵਾਰ ਜਾਂ ਐਤਵਾਰ ਸਾਰਾ ਦਿਨ ਘਰ ਦਾ ਰਾਸ਼ਨ ਤੇ ਬੇਸਮੈਂਟ ’ਚ ਪਏ ਖਿਲਾਰੇ ਨੂੰ ਸਮੇਟਣ ’ਤੇ ਲੱਗ ਜਾਂਦੇ ਹਨ। ਘਰ ਤੋਂ ਲਿਆਂਦੇ ਪੈਸੇ ਤੇ ਜੀ.ਐੱਸ.ਆਈ. ਨਾਲ ਘਰ ਦੀ ਰੋਟੀ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਜੇਕਰ ਕਿਸੇ ਨੌਕਰੀ ਦਾ ਜੁਗਾੜ ਨਾ ਹੋਇਆ ਅਤੇ ਘਰਦਿਆਂ ਤੋਂ ਪੈਸੇ ਨਾ ਮਿਲਣ ਦੇ ਕੋਰੇ ਜਵਾਬ ਕਾਰਨ ਸੜਕਾਂ ’ਤੇ ਭੀਖ ਮੰਗਣ ਲਈ ਵੀ ਮਜ਼ਬੂਰ ਹੋਣਾ ਪੈਂਦਾ ਹੈ।

ਮਾਂ-ਪਿਓ ਦੀ ਬੁਢਾਪੇ ਅਵਸਥਾ ’ਚ ਇੰਨੀ ਬੀਮਾਰੀ ਵੱਧ ਜਾਂਦੀ ਹੈ ਕਿ ਉਹ ਲਾਡਾਂ-ਚਾਵਾਂ ਨਾਲ ਪਾਲੇ ਆਪਣੇ ਧੀ-ਪੁੱਤ ਦੀ ਸ਼ਕਲ ਦੇਖਣ ਤੋਂ ਬਗੈਰ ਬਿਨਾਂ ਇਲਾਜ ਦੇ ਇਸ ਜਹਾਨ ਤੋਂ ਤੁਰ ਜਾਂਦੇ ਹਨ। ਵਿਦਿਆਰਥੀ ਬੱਚੇ ਨੂੰ ਸੂਚਨਾ ਮਿਲਣ ’ਤੇ ਘਰ ਵਾਪਸ ਜਾਣ ਲਈ ਪੈਸੇ ਦਾ ਜੁਗਾੜ, ਨੌਕਰੀ ਛੱਡ ਕੇ ਜਾਣ ’ਤੇ ਬੜੀ ਮੁਸ਼ਕਿਲ ਨਾਲ ਮਿਲੀ ਨੌਕਰੀ ਖੁੱਸਣ ਦਾ ਡਰ ਆਦਿ ਮਜ਼ਬੂਰੀਆਂ ਉਸਨੂੰ ਘਰ ਜਾ ਕੇ ਆਪਣੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਣ ’ਤੇ ਬੇੜੀਆਂ ਪਾ ਦਿੰਦੀਆਂ ਹਨ ਅਤੇ ਉਹ ਸਿਰਫ਼ ਇੰਨਾ ਹੀ ਕਹਿੰਦਾ ਹੈ ਕਿ ਉਸਨੂੰ ਸੰਸਕਾਰ ਤੇ ਭੋਗ ਦੀ ਵੀਡੀਓ ਪਾ ਦਿਓ। ਕੈਨੇਡਾ ਦੀ ਬੇਸਮੈਂਟ ’ਚ ਇੱਕਲਾ ਬੈਠ ਰੋ-ਰੋ ਕੇ ਮਾਂ-ਬਾਪ ਦੇ ਵਿਛੋੜੇ ਦੀ ਪੀੜ ਨੂੰ ਆਪਣੇ ਦਿਲ ’ਚ ਹੀ ਦਬਾ ਲੈਂਦਾ ਹੈ ਜਿਸ ਵਿਦਿਆਰਥੀ ਦੇ ਪਿੱਛੇ ਮਾਂ-ਬਾਪ ਦਾ ਚੰਗਾ ਵਧੀਆ ਆਰਥਿਕ ਪਲੇਟਫਾਰਮ ਨਹੀਂ, ਉਸਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਸੁਨਿਆਰ ਦੇ ਭੱਠੀ ’ਚ ਪਏ ਸੋਨੇ ਵਾਂਗ ਕਈ-ਕਈ ਸਾਲ ਸੜਨਾ ਪੈਂਦਾ ਹੈ।

ਕੈਨੇਡਾ ਗਏ ਵਿਦਿਆਰਥੀ ਕੰਮ ਨਾ ਮਿਲਣ ਕਾਰਨ ਹੋਣ ਲੱਗੇ ਭੁੱਖਮਰੀ ਦੇ ਸ਼ਿਕਾਰ

ਕੈਨੇਡਾ ਦੇ ਕੁਝ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਆਪਣੇ ਦਿਲਾਂ ਅੰਦਰ ਅਕਾਸ਼ ’ਚ ਉੱਡਣ ਦੇ ਸੁਫ਼ਨੇ ਸਜਾਈ ਬੈਠੇ ਬਹੁਤੇ ਪੰਜਾਬੀ ਕੈਨੇਡੀਅਨ ਵਿਦਿਆਰਥੀ ਅੱਜ ਕੱਲ੍ਹ ਕੈਨੇਡਾ ’ਚ ਨੌਕਰੀਆਂ ਨਾ ਮਿਲਣ ਕਾਰਨ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ। ਇਸ ਵੇਲੇ ਬਹੁਤੇ ਵਿਦਿਆਰਥੀਆਂ ਕੋਲ ਪੀ.ਜੀ. ਦਾ ਕਿਰਾਇਆ ਤੇ ਰੋਟੀ ਖਾਣ ਲਈ ਪੈਸੇ ਨਾ ਹੋਣ ਕਾਰਨ ਕੁਝ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਜਾਂ ਮੇਨ ਚੌਂਕਾਂ ’ਚ “ਪਲੀਜ਼ ਹੈਲਪ ਮੀ” ਲਿਖੀਆਂ ਤਖਤੀਆਂ ਹੱਥਾਂ ’ਚ ਫੜ੍ਹੀ ਖੜ੍ਹੇ ਦੇਖਿਆ ਗਿਆ ਹੈ। ਇਨ੍ਹਾਂ ਪੈਦਾ ਹੋਏ ਮਾੜੇ ਹਾਲਾਤ ’ਚ ਕਈ ਕੁੜੀਆਂ ਨੂੰ ਦੋ ਡੰਗ ਦੀ ਰੋਟੀ ਅਤੇ ਪੀ.ਜੀ. ਦਾ ਕਿਰਾਇਆ ਕੱਢਣ ਲਈ ਮਜ਼ਬੂਰੀ ਵਸ ਆਪਣਾ ਸਰੀਰ ਵੇਚਣ ਵਰਗੇ ਗਲਤ ਕੰਮ ਕਰਨੇ ਪੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ’ਚ ਪੈਦਾ ਹੋਏ ਕਥਿਤ ਆਰਥਿਕ ਮੰਦਵਾੜੇ ਕਾਰਨ ਜ਼ਿਆਦਾਤਰ ਕੰਮਕਾਜ਼ ਬੰਦ ਹੋ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harinder Kaur

Content Editor

Related News