ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਪਟਿਆਲਾ ਜ਼ਿਲ੍ਹੇ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਹੋਏ 'ਆਪ' 'ਚ ਸ਼ਾਮਲ

02/13/2024 7:57:48 PM

ਪਟਿਆਲਾ (ਬਲਜਿੰਦਰ)- ਸ਼੍ਰੋਮਣੀ ਅਕਾਲੀ ਦਲ ਨੂੰ ਪਟਿਆਲਾ ਜ਼ਿਲ੍ਹੇ ’ਚ ਵੱਡਾ ਝਟਕਾ ਲੱਗਿਆ ਹੈ, ਜਿੱਥੇ ਪਾਰਟੀ ਦੇ ਕਈ ਵੱਡੇ ਵਰਕਰ ਤੇ ਆਗੂ ਪਾਰਟੀ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ਤੋਂ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਹਰਪਾਲ ਜੁਨੇਜਾ, ਉਨ੍ਹਾਂ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਭੰਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। 

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਨ੍ਹਾਂ ਆਗੂਆਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਹਰਪਾਲ ਜੁਨੇਜਾ ਦੇ ਨਾਲ ਸ਼ਾਮਲ ਹੋਏ ਸਮੁੱਚੇ ਆਗੂਆਂ ਨੂੰ ਆਮ ਆਦਮੀ ਪਾਰਟੀ ਵਿਚ ਮਾਨ ਸਨਮਾਨ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਹਰਪਾਲ ਜੁਨੇਜਾ ਅਤੇ ਗੁਰਲਾਲ ਸਿੰਘ ਭੰਗੂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅਤਿ ਨਜ਼ਦੀਕੀ ਮੰਨੇ ਜਾਂਦੇ ਸਨ। 

ਇਹ ਵੀ ਪੜ੍ਹੋ- ਕਿਸਾਨੀ ਅੰਦੋਲਨ ਦਾ ਖ਼ੂਬ ਫਾਇਦਾ ਉਠਾ ਰਹੀਆਂ AirLine ਕੰਪਨੀਆਂ, ਤਿੰਨ ਗੁਣਾ ਕੀਮਤਾਂ 'ਤੇ ਵੇਚ ਰਹੀਆਂ ਟਿਕਟਾਂ

ਹਰਪਾਲ ਜੁਨੇਜਾ ਕਈ ਸਾਲ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਵੀ ਰਹੇ ਤੇ ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਵਿਚ ਮਾਲਵਾ ਜ਼ੋਨ-2 ਦੇ ਪ੍ਰਧਾਨ ਵੀ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਪਟਿਆਲਾ ਸ਼ਹਿਰੀ ਹਲਕੇ ਦੀ ਕਮਾਨ ਹਰਪਾਲ ਜੁਨੇਜਾ ਦੇ ਹੱਥ ’ਚ ਰਹੀ ਹੈ ਜਦੋਂ ਕਿ ਉਨ੍ਹਾਂ ਦੇ ਪਿਤਾ ਭਗਵਾਨ ਦਾਸ ਜੁਨੇਜਾ ਸਾਲ 2014 ਵਿਚ ਹੋਈ ਜ਼ਿਮਨੀ ਚੋਣ ਵਿਚ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ ਅਤੇ ਇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਵੀ ਬਣਾਇਆ ਸੀ। 

 

ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ ’ਚ ਹਰਪਾਲ ਜੁਨੇਜਾ ਨੂੰ ਪ੍ਰਧਾਨਗੀ ਤੋਂ ਹਟਾ ਕੇ ਉਨ੍ਹਾਂ ਦੀ ਥਾਂ ’ਤੇ ਅਮਿਤ ਰਾਠੀ ਨੂੰ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਬਣਾਇਆ ਗਿਆ ਸੀ ਤੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਸੀ। ਉਸ ਤੋਂ ਬਾਅਦ ਹਰਪਾਲ ਜੁਨੇਜਾ ਲਗਾਤਾਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਇਸ ਸਬੰਧੀ ਹਰਪਾਲ ਜੁਨੇਜਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਨੋਰਥ ਲੋਕ ਸੇਵਾ ਕਰਨਾ ਹੈ ਤੇ ਉਹ ਲੋਕ ਸੇਵਾ ਨੂੰ ਹਮੇਸ਼ਾ ਹੀ ਪਹਿਲ ਦਿੰਦੇ ਹਨ। ਜਿਹੜੀ ਪਾਰਟੀ ਲੋਕ ਹਿਤਾਂ ਨੂੰ ਪਹਿਲ ਦਿੰਦੀ ਹੈ ਉਹ ਉਸ ਪਾਰਟੀ ਨਾਲ ਹੀ ਜੁੜ ਕੇ ਲੋਕਾਂ ਦੀ ਸੇਵਾ ਕਰਨਗੇ।

ਇਹ ਵੀ ਪੜ੍ਹੋ- ਬੱਚਿਆਂ ਦੀ ਖੇਡ 'ਚ ਔਰਤ ਦੇ ਵੱਜੀ ਗੇਂਦ, ਔਰਤ ਦੇ ਪਰਿਵਾਰ ਨੇ ਬੱਚੇ ਦੇ ਪਰਿਵਾਰ 'ਤੇ ਕਰ ਦਿੱਤਾ ਹਮਲਾ

ਜੁਨੇਜਾ ਪਰਿਵਾਰ ਦਾ ਆਮ ਆਦਮੀ ਪਾਰਟੀ ਨੂੰ ਹੋਵੇਗਾ ਪਟਿਆਲਾ ਸ਼ਹਿਰ ’ਚ ਵੱਡਾ ਲਾਭ
ਹਰਪਾਲ ਜੁਨੇਜਾ ਅਤੇ ਉਨ੍ਹਾਂ ਦੇ ਪਿਤਾ ਭਗਵਾਨ ਦਾਸ ਜੁਨੇਜਾ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ ਇਹ ਪਰਿਵਾਰ ਰਾਜਨੀਤਕ ਹੋਣ ਦੇ ਨਾਲ-ਨਾਲ ਸਮਾਜ ਸੇਵਾ ਨਾਲ ਵੀ ਜੁੜਿਆ ਹੋਇਆ ਹੈ ਤੇ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਹਰਪਾਲ ਜੁਨੇਜਾ ਨੂੰ ਪਟਿਆਲਾ ਸ਼ਹਿਰੀ ਹਲਕੇ ’ਚ ਕਾਂਗਰਸ ਨਾਲੋਂ ਵੱਧ ਵੋਟਾਂ ਮਿਲੀਆਂ ਸਨ। ਉਨ੍ਹਾਂ ਦੇ ਪਿਤਾ ਭਗਵਾਨ ਦਾਸ ਜੁਨੇਜਾ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜਿਸਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਲਾਭ ਮਿਲ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News